ਅੰਮ੍ਰਿਤਸਰ, 15 ਸਤੰਬਰ (ਜਸ਼ਨ ) ਅਕਾਲੀ ਦਲ ਵਾਰਿਸ ਪੰਜਾਬ ਦੇ ਮੀਡੀਆ ਇੰਚਾਰਜ ਭਾਈ ਸ਼ਮਸ਼ੇਰ ਸਿੰਘ ਪੱਧਰੀ ਵੱਲੋਂ ਅੰਮ੍ਰਿਤਸਰ ਤੋਂ ਜਾਰੀ ਪ੍ਰੈਸ ਨੋਟ ਰਾਹੀਂ ਪਾਰਟੀ ਦੀ ਮੁੱਖ ਬੁਲਾਰਾ ਪ੍ਰੋਫੈਸਰ ਸਤਨਾਮ ਕੌਰ ਜੀ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਦੇ ਸਿਲੇਬਸ ਵਿੱਚੋਂ ਸਿੱਖ ਇਤਿਹਾਸ ਦੇ ਮਹੱਤਵਪੂਰਨ ਹਿੱਸਿਆਂ ਨੂੰ ਹਟਾਉਣ ਜਾਂ ਉਨ੍ਹਾਂ ਦੀ ਥਾਂ ਹੋਰ ਵਿਸ਼ਿਆਂ ਨੂੰ ਤਰਜੀਹ ਦੇਣ ਦੀਆਂ ਖ਼ਬਰਾਂ ਗੰਭੀਰ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਨੂੰ ਪੰਜਾਬ ਦੇ ਇਤਿਹਾਸ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ। ਪ੍ਰੋਫੈਸਰ ਸਤਨਾਮ ਕੌਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਦਾ ਗੁਰ-ਇਤਿਹਾਸ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ, ਬਾਬਾ ਬੰਦਾ ਸਿੰਘ ਬਹਾਦਰ, ਦਲ ਖ਼ਾਲਸਾ ਤੇ ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਐਂਗਲੋ-ਸਿੱਖ ਯੁੱਧ, ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਲਹਿਰ ਅਤੇ ਪੰਜਾਬੀ ਸੂਬੇ ਤੱਕ ਦਾ ਇਤਿਹਾਸ ਪੰਜਾਬ ਦੀ ਪਛਾਣ ਅਤੇ ਇਤਿਹਾਸ ਨੂੰ ਸਮਝਣ ਲਈ ਬੁਨਿਆਦੀ ਮਹੱਤਵ ਰੱਖਦਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਨੂੰ ਕਿਸੇ ਵੀ ਵਿਚਾਰਧਾਰਕ ਦਬਾਅ ਜਾਂ ਰਾਜਨੀਤਿਕ ਪ੍ਰਭਾਵ ਅਧੀਨ ਬਦਲਣ ਦੀ ਬਜਾਏ ਇਤਿਹਾਸਕ ਤੱਥਾਂ ਅਤੇ ਅਕਾਦਮਿਕ ਮਾਪਦੰਡਾਂ ਦੇ ਆਧਾਰ ’ਤੇ ਪੜ੍ਹਾਇਆ ਜਾਣਾ ਚਾਹੀਦਾ ਹੈ। ਦੇਸ਼ ਦੀ ਵਿਭਿੰਨਤਾ ਅਤੇ ਫੈਡਰਲ ਭਾਵਨਾ ਦਾ ਸਨਮਾਨ ਕਰਦਿਆਂ ਪੰਜਾਬ ਦੇ ਆਪਣੇ ਇਤਿਹਾਸ ਅਤੇ ਵਿਰਾਸਤ ਨੂੰ ਸਿੱਖਿਆ ਦੇ ਖੇਤਰ ਵਿੱਚ ਬਣਦਾ ਸਥਾਨ ਮਿਲਣਾ ਲਾਜ਼ਮੀ ਹੈ। ਉਹਨਾਂ ਨੇ ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਯੂਨੀਵਰਸਿਟੀ ਦੇ ਸਿਲੇਬਸ ਵਿੱਚ ਸਿੱਖ ਇਤਿਹਾਸ ਨਾਲ ਸਬੰਧਤ ਮਹੱਤਵਪੂਰਨ ਹਿੱਸਿਆਂ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ ਤਾਂ ਸਰਕਾਰ ਇਸ ਮਾਮਲੇ ’ਤੇ ਚੁੱਪ ਰਹਿਣ ਦੀ ਬਜਾਏ ਆਪਣਾ ਸਪੱਸ਼ਟ ਸਟੈਂਡ ਜਨਤਕ ਕਰੇ। ਉਨ੍ਹਾਂ ਮੰਗ ਕੀਤੀ ਕਿ ਮੌਜੂਦਾ ਅਤੇ ਪ੍ਰਸਤਾਵਿਤ ਸਿਲੇਬਸ ਨੂੰ ਜਨਤਕ ਕੀਤਾ ਜਾਵੇ ਅਤੇ ਇਤਿਹਾਸਕਾਰਾਂ, ਵਿਦਵਾਨਾਂ ਤੇ ਸਿੱਖਿਆ ਮਾਹਿਰਾਂ ਦੀ ਰਾਏ ਨਾਲ ਪੂਰੇ ਮਾਮਲੇ ਦੀ ਸਮੀਖਿਆ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਨੂੰ ਹਾਸ਼ੀਏ ’ਤੇ ਧੱਕਣ ਦੀ ਕੋਈ ਵੀ ਕੋਸ਼ਿਸ਼ ਪੰਜਾਬ ਦੀ ਇਤਿਹਾਸਕ ਵਿਰਾਸਤ ਨਾਲ ਬੇਇਨਸਾਫ਼ੀ ਹੋਵੇਗੀ। ਅਕਾਲੀ ਦਲ ਵਾਰਿਸ ਪੰਜਾਬ ਦੇ ਅਜਿਹੀ ਕਿਸੇ ਵੀ ਕੋਸ਼ਿਸ਼ ਦਾ ਡਟ ਕੇ ਵਿਰੋਧ ਕਰੇਗਾ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਅਤੇ ਵਿਰਾਸਤ ਨਾਲ ਜੋੜਨ ਲਈ ਹਰ ਲੋਕਤੰਤਰਿਕ ਮੰਚ ’ਤੇ ਆਵਾਜ਼ ਬੁਲੰਦ ਕਰੇਗਾ।