ਚੰਡੀਗੜ੍ਹ ,6 ਜੂਨ (ਗੁਰਜੰਟ ਸਿੰਘ ) ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਬਾਰੇ ਕੈਪਟਨ ਅਮਰਿੰਦਰ ਸਿੰਘ ਦੇ ਬਿਆਨਾਂ ਵਾਲੀਆਂ ਖ਼ਬਰਾਂ ਦੀ ਸਿਆਹੀ ਅਜੇ ਸੁੱਕੀ ਨਹੀਂ ਸੀ ਕਿ ਹੁਣ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਰਾਜੂ ਸਾਬਕਾ ਆਈ ਏ ਐਸ ਨੇ ਸੰਗਠਨਾਤਮਕ ਜ਼ਿੰਮੇਵਾਰੀਆਂ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਉਹਨਾਂ ਹਾਈਕਮਾਂਡ ਨੂੰ ਚਿੱਠੀ ਵਿਚ ਕਿਹਾ ਹੈ ਕਿ ਮੈਂ ਪਾਰਟੀ ਨੂੰ ਬੇਨਤੀ ਕਰਦਾ ਹਾਂ ਕਿ ਫਿਲਹਾਲ ਮੈਨੂੰ ਸੰਗਠਨਾਤਮਕ ਜ਼ਿੰਮੇਵਾਰੀਆਂ ਤੋਂ ਮੁਕਤ ਰੱਖਿਆ ਜਾਵੇ। ਦਰਅਸਲ ਪਾਰਟੀ ਵਾਸਤੇ ਇਹ ਹਾਲਤ ਅਣਕਿਆਸੇ ਸਮਝੇ ਜਾ ਰਹੇ ਨੇ।
ਆਈਏਐਸ ਤੋਂ ਸਵੈਇੱਛਿਕ ਸੇਵਾਮੁਕਤੀ (VRS) ਲੈਣ ਤੋਂ ਬਾਅਦ ਪਿਛਲੇ ਚਾਰ ਸਾਲਾਂ ਤੋਂ ਮੈਂ ਭਾਰਤੀ ਜਨਤਾ ਪਾਰਟੀ ਵਿੱਚ ਵੱਖ-ਵੱਖ ਸੰਗਠਨਾਤਮਕ ਜ਼ਿੰਮੇਵਾਰੀਆਂ ਨਿਭਾ ਰਿਹਾ ਹਾਂ। ਇਸ ਦੇ ਨਾਲ-ਨਾਲ ਮੈਂ ਕੁਝ ਅਜਿਹੇ ਮਹੱਤਵਪੂਰਨ ਮੁੱਦਿਆਂ ਉੱਤੇ ਵੀ ਕੰਮ ਕਰ ਰਿਹਾ ਹਾਂ, ਜੋ ਪੰਜਾਬ ਅਤੇ ਦੇਸ਼ ਦੋਵਾਂ ਲਈ ਬਹੁਤ ਅਹਿਮ ਹਨ। ਇਨ੍ਹਾਂ ਵਿੱਚ ਗਰੀਬ ਬੱਚਿਆਂ ਦੇ ਸਿੱਖਿਆ ਦੇ ਅਧਿਕਾਰ, ਅਨੁਸੂਚਿਤ ਜਾਤੀਆਂ ਅਤੇ ਸਿੱਖ ਭਾਈਚਾਰੇ ਦੇ ਸੰਵਿਧਾਨਕ ਅਧਿਕਾਰ, ਧਰਮ ਪਰਿਵਰਤਨ, ਨਸ਼ਿਆਂ ਦੀ ਸਮੱਸਿਆ, ਪੰਜਾਬੀ ਭਾਸ਼ਾ, ਦਰਿਆਈ ਪਾਣੀਆਂ ਦੇ ਵਿਵਾਦ ਅਤੇ ਰਾਜਧਾਨੀ ਸਮੇਤ ਅੰਮ੍ਰਿਤਸਰ ਅਤੇ ਪੰਜਾਬ ਨਾਲ ਜੁੜੇ ਹੋਰ ਵਿਰਾਸਤੀ ਮੁੱਦੇ ਸ਼ਾਮਲ ਹਨ।
ਇਨ੍ਹਾਂ ਵਿਸ਼ਿਆਂ ਉੱਤੇ ਲੰਬੇ ਸਮੇਂ ਤੱਕ ਲਗਾਤਾਰ, ਕੇਂਦਰਿਤ ਅਤੇ ਪੂਰਨਕਾਲਿਕ ਢੰਗ ਨਾਲ ਕੰਮ ਕਰਨ ਦੀ ਲੋੜ ਹੈ। ਇਸ ਲਈ ਮੈਂ ਪਾਰਟੀ ਨੂੰ ਬੇਨਤੀ ਕੀਤੀ ਹੈ ਕਿ ਫਿਲਹਾਲ ਮੈਨੂੰ ਸੰਗਠਨਾਤਮਕ ਜ਼ਿੰਮੇਵਾਰੀਆਂ ਤੋਂ ਮੁਕਤ ਕੀਤਾ ਜਾਵੇ, ਤਾਂ ਜੋ ਮੈਂ ਇਨ੍ਹਾਂ ਮਹੱਤਵਪੂਰਨ ਮੁੱਦਿਆਂ ਉੱਤੇ ਆਪਣਾ ਵੱਧ ਤੋਂ ਵੱਧ ਸਮਾਂ ਅਤੇ ਊਰਜਾ ਸਮਰਪਿਤ ਕਰ ਸਕਾਂ।