ਤਰਨ ਤਾਰਨ, 27 ਜੂਨ (ਅਮਿਤ ਮਰਵਾਹਾ):
ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਪੋਲੀਓ ਦੇ ਪੂਰਨ ਖ਼ਾਤਮੇ ਦੇ ਮਕਸਦ ਨਾਲ ਜ਼ਿਲ੍ਹਾ ਤਰਨ ਤਾਰਨ ਵਿੱਚ 28, 29 ਅਤੇ 30 ਜੂਨ ਨੂੰ ਪਲਸ ਪੋਲੀਓ ਮੁਹਿੰਮ ਚਲਾਈ ਜਾਵੇਗੀ। ਇਸ ਦੌਰਾਨ 0 ਤੋਂ 5 ਸਾਲ ਦੀ ਉਮਰ ਦੇ 1,29,371 ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਦੋ ਬੂੰਦਾਂ ਪਿਲਾਉਣ ਦਾ ਟੀਚਾ ਰੱਖਿਆ ਗਿਆ ਹੈ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਰ ਪਾਲ ਕੌਰ ਨੇ ਦੱਸਿਆ ਕਿ ਮੁਹਿੰਮ ਦੀ ਸਫਲਤਾ ਲਈ ਸਿਹਤ ਵਿਭਾਗ ਵੱਲੋਂ ਵਿਸ਼ਾਲ ਪੱਧਰ 'ਤੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਹੋਰਨਾਂ ਵਿਭਾਗਾਂ ਦਾ ਵੀ ਪੂਰਾ ਸਹਿਯੋਗ ਲਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ 28 ਜੂਨ ਨੂੰ ਜ਼ਿਲ੍ਹੇ ਭਰ ਵਿੱਚ 580 ਪੋਲੀਓ ਬੂਥ ਸਥਾਪਿਤ ਕੀਤੇ ਜਾਣਗੇ, ਜਿੱਥੇ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਆ ਸਕਣਗੇ। ਇਸ ਤੋਂ ਬਾਅਦ 29 ਅਤੇ 30 ਜੂਨ ਨੂੰ ਸਿਹਤ ਟੀਮਾਂ ਘਰ-ਘਰ ਜਾ ਕੇ ਉਹਨਾਂ ਬੱਚਿਆਂ ਨੂੰ ਵੀ ਪੋਲੀਓ ਰੋਕੂ ਬੂੰਦਾਂ ਪਿਲਾਉਣਗੀਆਂ, ਜੋ ਪਹਿਲੇ ਦਿਨ ਰਹਿ ਗਏ ਹੋਣਗੇ।
ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ 1,261 ਟੀਮਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿੱਚ 40 ਮੋਬਾਈਲ ਅਤੇ 32 ਟਰਾਂਜ਼ਿਟ ਟੀਮਾਂ ਸ਼ਾਮਲ ਹਨ। ਇਨ੍ਹਾਂ ਟੀਮਾਂ ਵਿੱਚ 2,886 ਸਿਹਤ ਕਰਮਚਾਰੀ ਸੇਵਾਵਾਂ ਨਿਭਾਉਣਗੇ, ਜਦਕਿ 116 ਸੁਪਰਵਾਈਜ਼ਰ ਪੂਰੀ ਮੁਹਿੰਮ ਦੀ ਨਿਗਰਾਨੀ ਕਰਨਗੇ।
ਡਾ. ਵਰਿੰਦਰ ਪਾਲ ਕੌਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 28 ਜੂਨ ਨੂੰ ਆਪਣੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਨੇੜਲੇ ਪੋਲੀਓ ਬੂਥ 'ਤੇ ਲੈ ਕੇ ਜ਼ਰੂਰ ਜਾਣ। ਜੇਕਰ ਕਿਸੇ ਕਾਰਨ ਬੱਚਾ ਉਸ ਦਿਨ ਬੂੰਦਾਂ ਨਹੀਂ ਪੀ ਸਕਦਾ, ਤਾਂ 29 ਅਤੇ 30 ਜੂਨ ਨੂੰ ਘਰ ਆਉਣ ਵਾਲੀਆਂ ਸਿਹਤ ਟੀਮਾਂ ਨਾਲ ਪੂਰਾ ਸਹਿਯੋਗ ਕਰਨ।
ਉਨ੍ਹਾਂ ਕਿਹਾ ਕਿ "ਸਾਡਾ ਸਾਂਝਾ ਟੀਚਾ ਹੈ ਕਿ ਜ਼ਿਲ੍ਹੇ ਦਾ ਇੱਕ ਵੀ ਬੱਚਾ ਪੋਲੀਓ ਰੋਕੂ ਬੂੰਦਾਂ ਤੋਂ ਵਾਂਝਾ ਨਾ ਰਹੇ।" ਉਨ੍ਹਾਂ ਸਿੱਖਿਆ, ਇਸਤਰੀ ਤੇ ਬਾਲ ਵਿਕਾਸ, ਨਗਰ ਕੌਂਸਲਾਂ, ਨਗਰ ਪੰਚਾਇਤਾਂ, ਲੇਬਰ, ਪੁਲਿਸ, ਟਰਾਂਸਪੋਰਟ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗਾਂ ਨੂੰ ਵੀ ਇਸ ਲੋਕ-ਭਲਾਈ ਮੁਹਿੰਮ ਵਿੱਚ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ।




