ਸਟੇਸ਼ਨ ਮੋਗਾ
ਰਿਪੋਰਟਰ ਲਛਮਣ ਜੀਤ ਸਿੰਘ ਪੁਰਬਾ
09814200900
ਨਸ਼ਾ ਤਸਕਰੀ ਖ਼ਿਲਾਫ਼ ਮੋਗਾ ਪੁਲਿਸ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਨੇ ਨਸ਼ਾ ਤਸਕਰੀ ਤੋਂ ਕਥਿਤ ਤੌਰ ’ਤੇ ਹਾਸਲ ਕੀਤੀ ਗਈ ਜਾਇਦਾਦ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਵੱਲੋਂ ਗੁਰੂ ਰਾਮਦਾਸ ਨਗਰ ਮੋਗਾ ਵਾਸੀ ਦਲਜੀਤ ਸਿੰਘ ਪੁੱਤਰ ਵਿਜੇ ਕੁਮਾਰ ਨਾਮ ’ਤੇ ਦਰਜ ਇੱਕ ਜਾਇਦਾਦ ਨੂੰ ਫ੍ਰੀਜ਼ ਕੀਤਾ ਗਿਆ ਹੈ। ਪੁਲਿਸ ਅਨੁਸਾਰ ਇਸ ਜਾਇਦਾਦ ਦੀ ਦਰਜ ਕੀਮਤ ਕਰੀਬ 73 ਲੱਖ 60 ਹਜ਼ਾਰ ਰੁਪਏ ਹੈ।
ਇਹ ਕਾਰਵਾਈ ਮੋਗਾ ਦੇ ਐੱਸ.ਐੱਸ.ਪੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤੀ ਗਈ। ਇਸ ਕਾਰਵਾਈ ਵਿੱਚ ਐੱਸਪੀ (ਡੀ) ਅਜੈ ਰਾਜ ਸਿੰਘ, ਡੀਐੱਸਪੀ ਸਿਟੀ ਗੁਰਪ੍ਰੀਤ ਸਿੰਘ ਅਤੇ ਥਾਣਾ ਸਿਟੀ-1 ਦੇ ਐੱਸ.ਐੱਚ.ਓ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਵੱਲੋਂ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੀ ਗਈ।
ਪੁਲਿਸ ਅਨੁਸਾਰ ਵਿੱਤੀ ਜਾਂਚ ਦੇ ਆਧਾਰ ’ਤੇ ਸਬੰਧਤ ਜਾਇਦਾਦ ਦੀ ਪਛਾਣ ਕੀਤੀ ਗਈ ਸੀ। ਥਾਣਾ ਸਿਟੀ-1 ਵੱਲੋਂ ਲੋੜੀਂਦਾ ਕੇਸ ਤਿਆਰ ਕਰਕੇ ਇਸ ਨੂੰ Competent Authority & Administrator, SAFEM(FOP)A & NDPSA, New Delhi ਦੇ ਸਾਹਮਣੇ ਭੇਜਿਆ ਗਿਆ ਸੀ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਹ ਕੇਸ 10-08-2026 ਨੂੰ ਸਬੰਧਤ ਅਥਾਰਟੀ ਕੋਲ ਭੇਜਿਆ ਗਿਆ ਸੀ। ਇਸ ਤੋਂ ਬਾਅਦ ਸਮਰੱਥ ਅਥਾਰਟੀ ਵੱਲੋਂ ਜਾਇਦਾਦ ਨੂੰ ਫ੍ਰੀਜ਼ ਕਰਨ ਸਬੰਧੀ ਹੁਕਮ ਦੀ ਪੁਸ਼ਟੀ ਕੀਤੀ ਗਈ।
ਹੁਕਮਾਂ ਤਹਿਤ ਸਮਰੱਥ ਅਥਾਰਟੀ ਦੀ ਪਹਿਲਾਂ ਤੋਂ ਮਨਜ਼ੂਰੀ ਤੋਂ ਬਿਨਾਂ ਉਕਤ ਜਾਇਦਾਦ ਨੂੰ ਵੇਚਣ, ਤਬਦੀਲ ਕਰਨ ਜਾਂ ਕਿਸੇ ਹੋਰ ਢੰਗ ਨਾਲ ਇਸ ਦਾ ਲੈਣ-ਦੇਣ ਕਰਨ ’ਤੇ ਰੋਕ ਰਹੇਗੀ। ਪੁਲਿਸ ਅਧਿਕਾਰੀਆਂ ਅਨੁਸਾਰ ਅੱਜ ਸਬੰਧਤ ਜਾਇਦਾਦ ਸਬੰਧੀ ਨੋਟਿਸ ਦੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਗਈ।
ਪੁਲਿਸ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਕਤ ਵਿਅਕਤੀ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਧਾਰਾਵਾਂ ਤਹਿਤ 18 ਮੁਕੱਦਮੇ ਦਰਜ ਹਨ। ਪੁਲਿਸ ਦਾ ਕਹਿਣਾ ਹੈ ਕਿ ਨਸ਼ਾ ਤਸਕਰੀ ਨਾਲ ਜੁੜੇ ਮਾਮਲਿਆਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਹਾਸਲ ਕੀਤੇ ਧਨ ਅਤੇ ਜਾਇਦਾਦਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਅੱਗੇ ਵੀ ਜਾਰੀ ਰਹੇਗੀ।
ਮੋਗਾ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਨੈੱਟਵਰਕ ਖ਼ਿਲਾਫ਼ ਕਾਰਵਾਈ ਦੇ ਨਾਲ-ਨਾਲ ਨਸ਼ਿਆਂ ਦੇ ਕਾਰੋਬਾਰ ਤੋਂ ਕਥਿਤ ਤੌਰ ’ਤੇ ਹਾਸਲ ਕੀਤੀ ਗਈ ਜਾਇਦਾਦ ’ਤੇ ਵੀ ਕਾਨੂੰਨੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ, ਤਾਂ ਜੋ ਗੈਰ-ਕਾਨੂੰਨੀ ਕਮਾਈ ਨਾਲ ਬਣਾਈਆਂ ਗਈਆਂ ਜਾਇਦਾਦਾਂ ਖ਼ਿਲਾਫ਼ ਪ੍ਰਭਾਵਸ਼ਾਲੀ ਕਾਰਵਾਈ ਯਕੀਨੀ ਬਣਾਈ ਜਾ ਸਕੇ।




