ਚੰਡੀਗੜ੍ਹ,6 ਸਤੰਬਰ (ਜਸ਼ਨ ) ਕੈਨੇਡਾ ਤੋਂ ਉੱਘੇ ਅਕਾਲੀ ਆਗੂ ਅਤੇ ਪੱਤਰਕਾਰ ਪਵਨ ਗਰੋਵਰ ਅਜੀਤਵਾਲ ਨੇ ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰਿਹਾਇਸ਼ ਉੱਪਰ ਵਿਸ਼ੇਸ਼ ਮੁਲਾਕਾਤ ਕੀਤੀ । ਇਸ ਮਿਲਣੀ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਪਵਨ ਗਰੋਵਰ ਅਜੀਤਵਾਲ ਦੇ ਪਿਤਾ ਸਵ. ਸ੍ਰੀ ਬਸ਼ੰਬਰ ਨਾਥ ਗਰੋਵਰ ਜੀ ਦੇ ਇਸ ਦੁਨੀਆਂ ਤੋਂ ਚਲੇ ਜਾਣ ਲਈ ਦੁੱਖ ਪ੍ਰਗਟਾਇਆ । ਪੱਤਰਕਾਰ ਪਵਨ ਗਰੋਵਰ ਅਜੀਤਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਉਪਰੰਤ ,ਉਹਨਾਂ ਦੀ ਮਿਜਾਜ਼ਪੁਰਸ਼ੀ ਕਰਦਿਆਂ, ਚੰਗੇਰੀ ਸਿਹਤ ਦੀ ਕਾਮਨਾ ਕੀਤੀ। ਇਸ ਮੌਕੇ 2027 ਦੀਆਂ ਚੋਂਣਾ ਨੇੜੇ ਹੋਣ ਕਾਰਨ ਉੱਘੇ ਅਕਾਲੀ ਆਗੂ ਅਤੇ ਪੱਤਰਕਾਰ ਪਵਨ ਗਰੋਵਰ ਅਜੀਤਵਾਲ ਨੇ ਸਰਦਾਰ ਬਾਦਲ ਨੂੰ ਕੁਝ ਸੁਝਾਅ ਵੀ ਦਿੱਤੇ ਅਤੇ ਸਰਦਾਰ ਬਾਦਲ ਨੇ ਰੈਲੀਆਂ ਦੇ ਰੁਝੇਵਿਆਂ ਦੇ ਬਾਵਜੂਦ ਵੀ ਖੁੱਲ੍ਹਾ ਵਕਤ ਦਿੰਦਿਆਂ ਪਵਨ ਗਰੋਵਰ ਦੀ ਹਰੇਕ ਗੱਲ ਨੂੰ ਧਿਆਨ ਨਾਲ ਸੁਣਿਆ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਫਰੀਦਕੋਟ ਲੋਕ ਸਭਾ ਹਲਕੇ ਤੋਂ ਐਮ ਪੀ ਇਲੈਕਸ਼ਨ ਦੌਰਾਨ ਪਵਨ ਗਰੋਵਰ ਨਾਲ ਬਿਤਾਏ ਪਲਾਂ ਨੂੰ ਸਾਂਝਾ ਕੀਤਾ । ਇਸ ਵਿਸ਼ੇਸ਼ ਮਿਲਣੀ ਦੌਰਾਨ ਸਾਬਕਾ ਆਈ ਏ ਐਸ ਅਧਿਕਾਰੀ ਹਰਚਰਨ ਸਿੰਘ ਬੈਂਸ ਮੁੱਖ ਸਲਾਹਕਾਰ ਸਰਦਾਰ ਸੁਖਬੀਰ ਸਿੰਘ ਬਾਦਲ, ਪਾਰਟੀ ਦੇ ਸੀਨੀਅਰ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਬੁਲਾਰੇ ਗੁਰਪ੍ਰੀਤ ਸਿੰਘ ਝੱਬਰ , ਪ੍ਰਧਾਨ ਜੀ ਦੀ ਮੀਡੀਆ ਟੀਮ ਦੇ ਮੁਖੀ ਪੱਤਰਕਾਰ ਰਾਜਯ ਦੀਪ ਅਤੇ ਹੋਰ ਅਨੇਕਾਂ ਸਖਸ਼ੀਅਤਾਂ ਵੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਉੱਘੇ ਅਕਾਲੀ ਆਗੂ ਅਤੇ ਪੱਤਰਕਾਰ ਪਵਨ ਗਰੋਵਰ ਅਜੀਤਵਾਲ ਦੇ ਪਿਤਾ ਦੀ ਮੌਤ ਹੋ ਜਾਣ ਕਾਰਨ ਉਹ ਅੱਜ ਕਲ ਪੰਜਾਬ ਗਏ ਹੋਏ ਨੇ ਤੇ ਇਸੇ ਅਰਸੇ ਦੌਰਾਨ ਕੁਝ ਸਮਾਂ ਪਾਰਟੀ ਲਈ ਵੀ ਦੇਣਾ ਮੁਨਾਸਿਫ਼ ਸਮਝ ਰਹੇ ਨੇ।
"ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਫੋਨ ਤੇ ਗੱਲਬਾਤ ਕਰਦਿਆਂ ਪਵਨ ਗਰੋਵਰ ਨੇ ਕਿਹਾ ਕਿ ਪਾਰਟੀ ਨੂੰ ਸੱਤਾ 'ਚ ਲਿਆਉਣ ਲਈ ਉਹਨਾਂ ਦੀ ਸਰਦਾਰ ਬਾਦਲ ਨਾਲ ਲੰਮੀ ਗੱਲਬਾਤ ਹੋਈ ਅਤੇ ਉਹ ਭਵਿੱਖ ਵਿਚ ਵੀ ਇਹਨਾਂ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰੱਖਣਗੇ ।





