ਮੋਗਾ,8 ਅਕਤੂਬਰ(ਜਸ਼ਨ ):ਮੋਗਾ ਸ਼ਹਿਰ ਦੀ ਉੱਘੀ ਵਿਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਪ੍ਰੈਜੀਡੈਂਟ ਕੁਲਦੀਪ ਸਿੰਘ ਸਹਿਗਲ ਅਤੇ ਮੈਡਮ ਹਰਪ੍ਰੀਤ ਕੌਰ ਸਹਿਗਲ ਨੇ ਦੀਪਕ ਸਿੰਘ ਨੂੰ ਉਨ੍ਹਾਂ ਦੀ ਪੰਜਾਬ ਪੁਲਿਸ ਐਸ.ਪੀ. ਵਜੋਂ ਹੋਈ ਤਰੱਕੀ ਮੌਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਸਰਦਾਰ ਕੁਲਦੀਪ ਸਿੰਘ ਸਹਿਗਲ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਦੀਪਕ ਸਿੰਘ ਨੂੰ ਅਗਸਤ 2026 ਵਿੱਚ ਸੁਪਰਡੰਟ ਆਫ਼ ਪੁਲਿਸ (SP) ਦੇ ਅਹੁਦੇ 'ਤੇ ਪਦਉੱਨਤ ਕੀਤਾ ਗਿਆ ਹੈ, ਜੋ ਕਿ ਉਨ੍ਹਾਂ ਦੇ ਸ਼ਾਨਦਾਰ ਪੁਲਿਸ ਕਰੀਅਰ ਵਿੱਚ ਇੱਕ ਹੋਰ ਮਹੱਤਵਪੂਰਨ ਪ੍ਰਾਪਤੀ ਹੈ। ਸ਼੍ਰੀ ਦੀਪਕ ਸਿੰਘ ਨੇ ਆਪਣੇ ਪੁਲਿਸ ਕਰੀਅਰ ਦੀ ਸ਼ੁਰੂਆਤ ਸਾਲ 1991 ਵਿੱਚ ਸਹਾਇਕ ਸਬ-ਇੰਸਪੈਕਟਰ (ASI) ਵਜੋਂ ਕੀਤੀ ਸੀ। ਆਪਣੀ ਸੇਵਾ ਦੌਰਾਨ, ਉਹ 1994 ਤੋਂ 2000 ਅਤੇ ਫਿਰ 2010 ਤੋਂ 2015 ਤੱਕ ਜ਼ਿਲ੍ਹਾ ਮੋਗਾ ਵਿੱਚ ਵੱਖ-ਵੱਖ ਅਹੁਦਿਆਂ ਜਿਵੇਂ ਸਬ-ਇੰਸਪੈਕਟਰ ਅਤੇ ਇੰਸਪੈਕਟਰ ਵਜੋਂ ਤਾਇਨਾਤ ਰਹੇ। ਜ਼ਿਲ੍ਹਾ ਮੋਗਾ ਵਿੱਚ ਆਪਣੀ ਤਾਇਨਾਤੀ ਦੌਰਾਨ ਉਨ੍ਹਾਂ ਨੇ ਕਈ ਮਹੱਤਵਪੂਰਨ ਅਤੇ ਚੁਣੌਤੀਪੂਰਨ ਜ਼ਿੰਮੇਵਾਰੀਆਂ ਨਿਭਾਈਆਂ, ਜਿਨ੍ਹਾਂ ਵਿੱਚ ਸੁਰੱਖਿਆ ਸ਼ਾਖਾ, ਸੀ.ਪੀ.ਆਰ.ਸੀ ਸ਼ਾਖਾ ਅਤੇ ਨਾਰਕੋਟਿਕਸ ਸੈੱਲ ਦੇ ਇੰਚਾਰਜ ਵਜੋਂ ਸੇਵਾਵਾਂ ਸ਼ਾਮਲ ਹਨ। ਇਸ ਤੋਂ ਇਲਾਵਾ, ਉਹ ਸਿਟੀ ਮੋਗਾ, ਮਹਿਣਾ, ਧਰਮਕੋਟ, ਬਾਘਾ ਪੁਰਾਣਾ/ਬੱਧਣੀ ਕਲਾਂ ਅਤੇ ਚੜਿੱਕ ਵਿਖੇ ਥਾਣਾ ਮੁਖੀ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ। ਅਪਰਾਧ ਰੋਕਥਾਮ, ਤਫ਼ਤੀਸ਼, ਨਸ਼ਾ ਵਿਰੋਧੀ ਅਭਿਆਨ ਅਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਵਿੱਚ ਉਨ੍ਹਾਂ ਦਾ ਲੰਮਾ ਤਜ਼ਰਬਾ ਰਿਹਾ ਹੈ। ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦੇ ਹੋਏ ਜਨਵਰੀ 2019 ਵਿੱਚ ਉਨ੍ਹਾਂ ਨੂੰ ਡਿਪਟੀ ਸੁਪਰਡੈਂਟ ਆਫ਼ ਪੁਲਿਸ (DSP) ਅਤੇ ਅਗਸਤ 2026 ਵਿੱਚ ਐਸ.ਪੀ. ਵਜੋਂ ਤਰੱਕੀ ਦਿੱਤੀ ਗਈ ਹੈ। ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਪ੍ਰੈਜ਼ੀਡੈਂਟ ਸਰਦਾਰ ਕੁਲਦੀਪ ਸਿੰਘ ਸਹਿਗਲ ਨੇ ਵਿਸ਼ੇਸ਼ ਤੌਰ ਤੇ ਵਧਾਈ ਦਿੰਦਿਆਂ ਦੀਪਕ ਸਿੰਘ ਨੂੰ ਐਸ.ਪੀ. ਬਣਨ 'ਤੇ ਸਨਮਾਨਿਤ ਕੀਤਾ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਉਹ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਪਰਮਾਤਮਾ ਸਦਾ ਦੀਪਕ ਸਿੰਘ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ ਤਾਂ ਜੋ ਉਹ ਸਮਾਜ ਨੂੰ ਇਸੇ ਤਰ੍ਹਾਂ ਆਪਣੀਆਂ ਸੇਵਾਵਾਂ ਦਿੰਦੇ ਰਹਿਣ।
ਖ਼ਬਰਾਂ
ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਪ੍ਰੈਜੀਡੈਂਟ ਕੁਲਦੀਪ ਸਿੰਘ ਸਹਿਗਲ ਨੇ ਦੀਪਕ ਸਿੰਘ ਨੂੰ ਪੰਜਾਬ ਪੁਲਿਸ ਐਸ. ਪੀ ਵਜੋਂ ਹੋਈ ਤਰੱਕੀ ਦੇ ਮੌਕੇ ਤੇ ਸਨਮਾਨਿਤ ਕੀਤਾ
8 ਅਕਤੂਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



