ਮੋਗਾ, 15 ਜੁਲਾਈ (ਜਸ਼ਨ ) : ਇਸਕਾਨ ਪ੍ਰਚਾਰ ਕਮੇਟੀ ਮੋਗਾ ਵੱਲੋਂ 17 ਜੁਲਾਈ ਨੂੰ ਕੱਢੀ ਜਾ ਰਹੀ 6ਵੀਂ ਭਗਵਾਨ ਜਗੰਨਾਥ ਰਥ ਯਾਤਰਾ ਦੇ ਸਬੰਧ ਵਿੱਚ ਕਮੇਟੀ ਦੇ ਅਹੁਦੇਦਾਰਾਂ ਨੇ ਮੋਗਾ ਹਲਕੇ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੂੰ ਸੱਦਾ ਪੱਤਰ ਭੇਟ ਕੀਤਾ। ਇਸ ਮੌਕੇ ਕਮੇਟੀ ਦੇ ਚੇਅਰਮੈਨ ਦੇਵਪ੍ਰਿਆ ਤਿਆਗੀ, ਪ੍ਰਧਾਨ ਨਵਦੀਪ ਗੁਪਤਾ, ਪ੍ਰੋਜੈਕਟ ਇੰਚਾਰਜ ਵਿੱਕੀ ਮੋਗਾ, ਕੈਸ਼ੀਅਰ ਰਜਨੀਸ਼ ਕੁਮਾਰ, ਵਿੱਕੀ ਮਹਿੰਦਰੱਤਾ ਅਤੇ ਬੰਟੂ ਜੈਸਵਾਲ ਨੇ ਵਿਧਾਇਕਾ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ 17 ਜੁਲਾਈ ਨੂੰ ਹੋਣ ਵਾਲੀ ਭਗਵਾਨ ਜਗੰਨਾਥ ਰਥ ਯਾਤਰਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਧਾਰਮਿਕ ਅਤੇ ਸੱਭਿਆਚਾਰਕ ਸਮਾਗਮਾਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣਾ ਸਮਾਜ ਨੂੰ ਇਕਜੁੱਟ ਕਰਨ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਭਗਵਾਨ ਜਗੰਨਾਥ ਰਥ ਯਾਤਰਾ ਵਿੱਚ ਸ਼ਾਮਲ ਹੋ ਕੇ ਇਸ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਨੂੰ ਸਫਲ ਬਣਾਇਆ ਜਾਵੇ। ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ 17 ਜੁਲਾਈ ਨੂੰ ਕੱਢੀ ਜਾਣ ਵਾਲੀ 6ਵੀਂ ਭਗਵਾਨ ਜਗੰਨਾਥ ਰਥ ਯਾਤਰਾ ਦੀਆਂ ਤਿਆਰੀਆਂ ਅੰਤਿਮ ਪੜਾਅ ਵਿੱਚ ਹਨ ਅਤੇ ਇਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।