27 ਕੌਂਸਲਰਾਂ ਦੇ ਸਮਰਥਨ ਦਾ ਦਾਅਵਾ ਕਰਨ ਵਾਲੀ ਕਾਂਗਰਸ ਰਹਿ ਗਈ ਪਿੱਛੇ, 24 ਵਾਲੀ ਆਮ ਆਦਮੀ ਪਾਰਟੀ ਨੇ ਮਾਰੀ ਬਾਜ਼ੀ
ਜੋੜ ਤੋੜ ਦੀ ਨੀਤੀ ਨਾਲ ਆਪ ਪਾਰਟੀ ਨੇ ਨਿਗਮ ਮੇਯਰ .ਡਿਪਟੀ ਮੇਯਰ ਅਤੇ ਸੀਨੀਅਰ ਡਿਪਟੀ ਮੇਯਰ ਸੀਟ ਉਤੇ ਕੀਤਾ ਕਬਜਾ
ਕਪੂਰਥਲਾ 8 ਜੁਲਾਈ (ਸੁਰਜੀਤ ਸਿੰਘ ਜੰਮੂ )
ਕਪੂਰਥਲਾ ਨਗਰ ਨਿਗਮ ਦੀ ਮੇਅਰ ਚੋਣ ਨੇ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡੀ ਚਰਚਾ ਨੂੰ ਜਨਮ ਦੇ ਦਿੱਤਾ। ਨਗਰ ਨਿਗਮ ਦੀਆਂ ਆਮ ਚੋਣਾਂ ਵਿੱਚ 50 ਵਿੱਚੋਂ 31 ਵਾਰਡ ਜਿੱਤ ਕੇ ਕਾਂਗਰਸ ਨੇ ਸਪੱਸ਼ਟ ਬਹੁਮਤ ਹਾਸਲ ਕੀਤਾ ਸੀ, ਪਰ ਸਮੇਂ ਦੇ ਨਾਲ ਸਿਆਸੀ ਸਮੀਕਰਨ ਬਦਲੇ ਅਤੇ ਮੇਅਰ ਦੀ ਚੋਣ ਵੇਲੇ ਕਾਂਗਰਸ ਕੋਲ 27 ਕੌਂਸਲਰਾਂ ਦਾ ਸਮਰਥਨ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਸੀ। ਦੂਜੇ ਪਾਸੇ ਆਮ ਆਦਮੀ ਪਾਰਟੀ ਕੋਲ 24 ਕੌਂਸਲਰ ਮੰਨੇ ਜਾ ਰਹੇ ਸਨ।
ਸਿਆਸੀ ਹਿਸਾਬ-ਕਿਤਾਬ ਕਾਂਗਰਸ ਦੇ ਹੱਕ ਵਿੱਚ ਦਿਖਾਈ ਦੇ ਰਹੀ ਸੀ, ਪਰ ਜਿਵੇਂ ਹੀ ਵੋਟਾਂ ਦੀ ਗਿਣਤੀ ਮੁਕੰਮਲ ਹੋਈ ਤਾਂ ਪੂਰੀ ਤਸਵੀਰ ਹੀ ਬਦਲ ਚੁੱਕੀ ਸੀ। ਆਮ ਆਦਮੀ ਪਾਰਟੀ ਦੇ ਨਰਿੰਦਰ ਮੰਸੂ ਕਪੂਰਥਲਾ ਦੇ ਨਵੇਂ ਮੇਅਰ ਚੁਣੇ ਗਏ। ਇਸ ਦੇ ਨਾਲ ਸਮੀਰ ਸ਼ਰਮਾ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਕਾਮਾਕਸ਼ੀ ਦੁੱਗਲ ਨੂੰ ਡਿਪਟੀ ਮੇਅਰ ਦੀ ਜ਼ਿੰਮੇਵਾਰੀ ਮਿਲੀ।
ਇਸ ਨਤੀਜੇ ਨੇ ਕਾਂਗਰਸ ਖੇਮੇ ਵਿੱਚ ਨਿਰਾਸ਼ਾ ਦਾ ਮਾਹੌਲ ਪੈਦਾ ਕੀਤਾ, ਜਦਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜਿੱਤ ਦਾ ਜਸ਼ਨ ਮਨਾਇਆ। ਦੂਜੇ ਪਾਸੇ ਸ਼ਹਿਰ ਦੇ ਚੌਕਾਂ, ਬਾਜ਼ਾਰਾਂ, ਚਾਹ ਦੀਆਂ ਦੁਕਾਨਾਂ ਅਤੇ ਸੋਸ਼ਲ ਮੀਡੀਆ 'ਤੇ ਇੱਕੋ ਚਰਚਾ ਛਾਈ ਰਹੀ ਕਿ ਇੱਕ ਵਾਰ ਫਿਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ਦੀ ਲਾਈਨ "ਸਾਡਾ ਚੱਲਦਾ ਹੈ ਧੱਕਾ ਅੱਸੀ ਤਾਂ ਕਰਦੇ…" ਕਪੂਰਥਲਾ ਦੀ ਸਿਆਸਤ 'ਤੇ ਫਿੱਟ ਬੈਠਦੀ ਨਜ਼ਰ ਆ ਰਹੀ ਹੈ।
ਲੋਕ ਇਸ ਚੋਣ ਨੂੰ ਸਿਰਫ਼ ਮੇਅਰ ਦੀ ਚੋਣ ਨਹੀਂ, ਸਗੋਂ ਸਿਆਸੀ ਤਾਕਤ ਦੇ ਪ੍ਰਦਰਸ਼ਨ ਵਜੋਂ ਵੀ ਦੇਖ ਰਹੇ ਹਨ। ਨਤੀਜਿਆਂ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਨਗਰ ਨਿਗਮ ਦੀ ਸਿਆਸਤ ਵਿੱਚ ਆਖ਼ਰੀ ਵੇਲੇ ਤੱਕ ਕੁਝ ਵੀ ਸੰਭਵ ਹੈ ਅਤੇ ਗਿਣਤੀ ਦੇ ਅਨੁਮਾਨ ਹਰ ਵਾਰ ਨਤੀਜਿਆਂ ਦੀ ਗਾਰੰਟੀ ਨਹੀਂ ਬਣਦੇ।
ਨਗਰ ਨਿਗਮ ਦੀਆਂ ਚੋਣਾਂ
ਕੁੱਲ ਵਾਰਡ : 50
ਕਾਂਗਰਸ ਦੀ ਜਿੱਤ : 31 ਵਾਰਡ
ਮੇਅਰ ਚੋਣ ਤੋਂ ਪਹਿਲਾਂ ਸਿਆਸੀ ਸਮੀਕਰਨ
ਕਾਂਗਰਸ ਦੇ ਸਮਰਥਨ ਦਾ ਦਾਅਵਾ : 27 ਕੌਂਸਲਰ
ਆਮ ਆਦਮੀ ਪਾਰਟੀ ਦੇ ਸਮਰਥਨ ਦਾ ਦਾਅਵਾ : 24 ਕੌਂਸਲਰ
ਚੋਣ ਨਤੀਜਾ
ਮੇਅਰ : ਨਰਿੰਦਰ ਮੰਸੂ
ਸੀਨੀਅਰ ਡਿਪਟੀ ਮੇਅਰ : ਸਮੀਰ ਸ਼ਰਮਾ
ਡਿਪਟੀ ਮੇਅਰ : ਕਾਮਾਕਸ਼ੀ ਦੁੱਗਲ




