ਮੋਗਾ, 13 ਮਈ ( ਜਸ਼ਨ ) :
ਪੰਜਾਬ ਵਿੱਚ ਨਿਗਮ ਅਤੇ ਕੌਸਲ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰਕਿਰਿਆ ਦੇ ਅੱਜ ਪਹਿਲੇ ਦਿਨ ਰਾਜ ਦੀਆਂ ਵੱਡੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਮਾਲਵਾ ਖੇਤਰ ਦੇ ਵੱਡੇ ਸ਼ਹਿਰਾਂ ਤੇ ਕਸਬਿਆਂ ਵਿੱਚ ਕਾਗਜ਼ ਦਾਖ਼ਲ ਨਹੀਂ ਕੀਤੇ ਗਏ ਹਨ। ਬੇਸ਼ੱਕ ਰਾਜਨੀਤਿਕ ਧਿਰਾਂ ਨੇ ਉਮੀਦਵਾਰਾਂ ਦੀ ਚੋਣ ਲਈ ਮੀਟਿੰਗਾਂ ਕਰਨ ਦਾ ਸਿਲਸਿਲਾ ਪਿਛਲੇ ਦੋ ਦਿਨਾਂ ਤੋਂ ਤੇਜ਼ ਕੀਤਾ ਹੋਇਆ ਹੈ, ਪਰ ਪਹਿਲੇ ਦਿਨ ਕੋਈ ਵੀ ਨਾਮਜ਼ਦਗੀ ਦਾਖ਼ਲ ਨਾ ਹੋਣ ਤੋਂ ਜਾਪਦਾ ਹੈ ਕਿ ਰਾਜ ਦੀ ਸੱਤਾਧਾਰੀ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਕਾਂਗਰਸ, ਅਕਾਲੀ ਦਲ ਵਾਰਿਸ ਪੰਜਾਬ ਦੇ ਸਮੇਤ ਹੋਰ ਧਿਰਾਂ ਪੱਕੇ ਪੈਰੀਂ ਆਪਣੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਨ ਦੇ ਰੌਂਅ ਵਿੱਚ ਹਨ। ਸਿਆਸੀ ਪਾਰਟੀਆਂ ਇਨ੍ਹਾਂ ਮੁਕਾਬਲਿਆਂ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੈਮੀਫਾਈਨਲ ਮੁਕਾਬਲਾ ਮੰਨ ਰਹੀਆਂ ਹਨ।
ਅੱਜ ਮੋਗਾ ਦੀਆਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿਚ ਹੋਣ ਵਾਲੀਆਂ ਆਮ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਪਹਿਲੇ ਦਿਨ ਕਿਸੇ ਉਮੀਦਵਾਰ ਨੇ ਕਾਗਜ਼ ਨਹੀਂ ਭਰੇ। ਉਮੀਦਵਾਰ 16 ਮਈ ਤੱਕ ਆਪਣੇ ਕਾਗਜ਼ ਦਾਖ਼ਲ ਕਰਵਾ ਸਕਣਗੇ।
ਉਮੀਦਵਾਰਾਂ ਦੀ ਚੋਣ ਲਈ ਅੱਜ ਸਾਰਾ ਦਿਨ ਵੱਖ ਵੱਖ ਸਿਆਸੀ ਪਾਰਟੀਆਂ ਦੇ ਪ੍ਰਮੁੱਖ ਆਗੂ ਉਮੀਦਵਾਰਾਂ ਦੀ ਚੋਣ ਲਈ ਸਾਰਾ ਦਿਨ ਜੋੜ-ਤੋੜ ਕਰਦੇ ਰਹੇ। ਕਈ ਸਿਆਸੀ ਧਮਾਕੇ ਵੀ ਹੋਏ । ਸਾਬਕਾ ਮੇਅਰ ਚਾਨੀ, ਆਪ ਤੋਂ ਕਾਂਗਰਸ ਵਿਚ ਚਲਾ ਗਿਆ ਜਦਕਿ ਅਕਾਲੀ ਕੌਂਸਲਰ ਮਤਵਾਲ ਆਪ ਦਾ ਹੋ ਗਿਆ । ਧਨੰਤਰ ਚਾਣਕਿਆ ਰਾਕੇਸ਼ ਸਿਤਾਰਾ ਦੀ ਚੁੱਪੀ ਬੁਝਾਰਤ ਬਣੀ ਹੋਈ ਹੈ । ਗੁੱਡੂ ਗੁਪਤਾ ਦੀਆਂ ਸਰਗਰਮੀਆਂ ਅਤੇ ਰਣਨੀਤੀ 'ਤੇ ਸੱਤਾ ਧਿਰ ਨੇ ਤਿੱਖੀ ਨਜ਼ਰ ਬਣਾਈ ਹੋਈ ਹੈ । 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵਿਧਾਇਕ ਬਨਣ ਦੀ ਇੱਛਾ ਰੱਖਣ ਵਾਲੇ ਵੱਖ ਵੱਖ ਕਾਂਗਰਸੀ ਆਗੂਆਂ ਵੱਲੋਂ ਵੱਧ ਤੋਂ ਵੱਧ ਵਫ਼ਾਦਾਰਾਂ ਨੂੰ ਨਿਗਮ ਚੋਣਾਂ 'ਚ ਖੜਾ ਕਰਕੇ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹੈ ।
ਦੂਜੇ ਪਾਸੇ ਚੋਣ ਲੜਨ ਦੇ ਇੱਛਕ ਵੱਖ-ਵੱਖ ਵਿਭਾਗਾਂ ਤੋਂ ਇਤਰਾਜ਼ਹੀਣਤਾ ਸਰਟੀਫਿਕੇਟ ਲੈਣ ਲਈ ਰੁੱਝੇ ਹੋਏ ਹਨ। ਕਈ ਉਮੀਦਵਾਰਾਂ ਵੱਲ ਵੱਖ-ਵੱਖ ਮਹਿਕਮਿਆਂ ਦੇ ਲੱਖਾਂ ਵਿੱਚ ਬਕਾਏ ਖੜ੍ਹੇ ਹਨ, ਜਿੰਨ੍ਹਾਂ ਨੂੰ ਹੁਣ ਉਹ ਮਜ਼ਬੂਰੀ ਵੱਸ ਭਰਨ ਲਈ ਮਨ ਨੂੰ ਕਰੜਾ ਕਰ ਰਹੇ ਹਨ। ਬਿਨਾਂ ਇਤਰਾਜ਼ਹੀਣਤਾ ਸਰਟੀਫਿਕੇਟ ਤੋਂ ਉਮੀਦਵਾਰ ਦੇ ਕਾਗਜ਼ਾਂ ਨੂੰ ਰੱਦ ਕੀਤਾ ਜਾ ਸਕਦਾ ਹੈ ।