ਜਗਰਾਉਂ, 31 ਮਈ ( ਗੁਰਕੀਰਤ ਸਿੰਘ ) ਜਗਰਾਓਂ ਉਲੀਕੇ ਨੂੰ ਉਸ ਸਮੇਂ ਵੱਡੀ ਪ੍ਰਾਪਤੀ ਆਈ ਜਦੋਂ ਕੱਚਾ ਮਲਕ ਰੋਡ ਸਥਿਤ ਫੈਂਸੀ ਕੰਡਾ ਜਿਊਲਰ ਦੇ ਸ਼ੋਰੂਮ ਵਿੱਚ 28 ਮਈ ਨੂੰ ਹੋਈ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਨੂੰ ਪੁਲਿਸ ਨੇ 24 ਘੰਟਿਆਂ ਦੇ ਅੰਦਰ ਸੁਲਝਾਉਣ ਦਾ ਦਾਅਵਾ ਕੀਤਾ । ਪੁਲਿਸ ਨੇ ਇਸ ਮਾਮਲੇ ਵਿੱਚ ਸ਼ਾਮਲ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਦਾ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।ਥਾਣਾ ਸਿਟੀ ਜਗਰਾਉਂ ਦੇ ਏਐਸਆਈ ਨਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 28 ਮਈ ਦੀ ਸ਼ਾਮ ਕਰੀਬ 7 ਵਜੇ ਤਿੰਨ ਹਥਿਆਰਬੰਦ ਨੌਜਵਾਨ ਫੈਂਸੀ ਕੰਡਾ ਜਿਊਲਰ ਦੇ ਸ਼ੋਰੂਮ ਵਿੱਚ ਦਾਖਲ ਹੋਏ। ਉਸ ਵੇਲੇ ਦੁਕਾਨ ਮਾਲਕ ਅਸ਼ੋਕ ਕੁਮਾਰ ਇੱਕ ਗਾਹਕ ਨੂੰ ਸੋਨੇ ਅਤੇ ਚਾਂਦੀ ਦੀਆਂ ਚੇਨਾਂ ਵਿਖਾ ਰਿਹਾ ਸੀ। ਸ਼ੱਕੀ ਹਾਲਾਤਾਂ ਨੂੰ ਭਾਂਪਦਿਆਂ ਦੁਕਾਨਦਾਰ ਨੇ ਕੁਝ ਗਹਿਣੇ ਆਪਣੀ ਜੇਬ ਵਿੱਚ ਪਾ ਲਏ, ਪਰ ਲੁਟੇਰਿਆਂ ਨੇ ਅੰਦਰ ਦਾਖਲ ਹੁੰਦਿਆਂ ਹੀ ਗਾਹਕ ਅਤੇ ਦੁਕਾਨਦਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਮੁਲਜ਼ਮਾਂ ਨੇ ਦੁਕਾਨਦਾਰ ਦੀ ਜੇਬ ਵਿੱਚੋਂ ਸੋਨੇ ਦੀ ਚੇਨ ਖੋਹ ਲਈ, ਜਦਕਿ ਤੀਜੇ ਸਾਥੀ ਨੇ ਸ਼ੋਰੂਮ ਅੰਦਰੋਂ ਚਾਂਦੀ ਦੇ ਗਹਿਣਿਆਂ ਨਾਲ ਭਰੇ ਤਿੰਨ ਡੱਬੇ, ਜਿਨ੍ਹਾਂ ਦਾ ਵਜ਼ਨ ਕਰੀਬ ਇੱਕ ਕਿਲੋ ਸੀ, ਚੁੱਕ ਲਏ ਅਤੇ ਤਿੰਨੇ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਸ਼ੋਰੂਮ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਸੀ।
ਦੁਕਾਨ ਮਾਲਕ ਅਸ਼ੋਕ ਕੁਮਾਰ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕੀਤੀ। ਸੀਸੀਟੀਵੀ ਫੁਟੇਜ ਅਤੇ ਹੋਰ ਤਕਨੀਕੀ ਸਬੂਤਾਂ ਦੇ ਆਧਾਰ 'ਤੇ ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰ ਲਈ।
ਏਐਸਆਈ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲੁੱਟ ਵਿੱਚ ਸ਼ਾਮਲ ਤਿੰਨੇ ਨੌਜਵਾਨ ਮੋਟਰਸਾਈਕਲ 'ਤੇ ਮੋਗਾ ਵਾਲੇ ਪਾਸੇ ਤੋਂ ਜਗਰਾਉਂ-ਡੱਲਾ ਰੋਡ ਵੱਲ ਆ ਰਹੇ ਹਨ। ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕੀਤੀ ਗਈ। ਪੁਲਿਸ ਨੂੰ ਦੇਖ ਕੇ ਮੁਲਜ਼ਮਾਂ ਨੇ ਮੋਟਰਸਾਈਕਲ ਮੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਡੱਲਾ ਸੇਮ ਦੇ ਗਲਿਆਰੇ ਨੇੜੇ ਉਨ੍ਹਾਂ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਟਕਰਾ ਗਿਆ, ਜਿਸ ਕਾਰਨ ਤਿੰਨੇ ਹੇਠਾਂ ਡਿੱਗ ਪਏ।ਹਾਦਸੇ ਦੌਰਾਨ ਕਮਲਦੀਪ ਸਿੰਘ ਦੀ ਇੱਕ ਲੱਤ ਅਤੇ ਤਰਲੋਕ ਸਿੰਘ ਦੀ ਬਾਂਹ ਟੁੱਟ ਗਈ। ਪੁਲਿਸ ਨੇ ਮੌਕੇ 'ਤੇ ਹੀ ਤਿੰਨਾਂ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਤਰਲੋਕ ਸਿੰਘ, ਕਮਲਦੀਪ ਸਿੰਘ ਅਤੇ ਜਸਕਰਨ ਸਿੰਘ ਵਾਸੀ ਬਧਨੀ ਕਲਾਂ, ਜ਼ਿਲ੍ਹਾ ਮੋਗਾ ਵਜੋਂ ਹੋਈ ਹੈ।ਪੁਲਿਸ ਅਧਿਕਾਰੀ ਅਨੁਸਾਰ ਮੁੱਢਲੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਵਾਰਦਾਤ ਤੋਂ ਪਹਿਲਾਂ ਸ਼ੋਰੂਮ ਦੀ ਰੈਕੀ ਕੀਤੀ ਸੀ ਅਤੇ ਯੋਜਨਾਬੱਧ ਢੰਗ ਨਾਲ ਲੁੱਟ ਨੂੰ ਅੰਜਾਮ ਦਿੱਤਾ। ਪੁਲਿਸ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਲੁੱਟੇ ਗਏ ਗਹਿਣਿਆਂ ਦੀ ਬਰਾਮਦਗੀ ਅਤੇ ਮਾਮਲੇ ਨਾਲ ਜੁੜੇ ਹੋਰ ਤੱਥਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।