ਹੁਸ਼ਿਆਰਪੁਰ, 17 ਮਈ ( ਬਖ਼ਸ਼ੀ ) ਹੁਸ਼ਿਆਰਪੁਰ-ਦਸੂਹਾ ਰੋਡ ਸਥਿਤ ਪਿੰਡ ਸਤੌਰ ਦੇ ਬਾਹਰੀ ਇਲਾਕੇ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਖੇਤਾਂ ਵਿੱਚ ਇੱਕ ਛੋਟੇ ਹਵਾਈ ਜਹਾਜ਼ ਆਕਾਰ ਦੀ ਸ਼ੱਕੀ ਵਸਤੂ ਪਈ ਹੋਈ ਦੇਖੀ ਗਈ। ਦੂਰੋਂ ਇਹ ਵਸਤੂ ਡਰੋਨ ਵਰਗੀ ਦਿਖਾਈ ਦੇ ਰਹੀ ਸੀ, ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ।
"ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨੂੰ ਮਿਲੀ ਜਾਣਕਾਰੀ ਅਨੁਸਾਰ ਖੇਤਾਂ ਵੱਲ ਗਏ ਕੁਝ ਪਿੰਡ ਵਾਸੀਆਂ ਨੇ ਇਸ ਵਸਤੂ ਨੂੰ ਦੇਖਿਆ ਅਤੇ ਤੁਰੰਤ ਇਸ ਦੀ ਸੂਚਨਾ ਪਿੰਡ ਦੇ ਸਰਪੰਚ ਕੁਲਦੀਪ ਕੌਰ ਅਤੇ ਸਮਿਤੀ ਮੈਂਬਰ ਪਰਮਜੀਤ ਸਿੰਘ ਨੂੰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਉਪਰੰਤ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ।
ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਹਵਾਈ ਜਹਾਜ਼ ਦੇ ਆਕਾਰ ਦਾ ਇੱਕ ਗਰਮ ਹਵਾ ਵਾਲਾ ਗੁਬਾਰਾ ਸੀ, ਜਿਸ ’ਤੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦਾ ਸੰਖੇਪ ਨਾਮ “ਪੀਆਈਏ” ਲਿਖਿਆ ਹੋਇਆ ਸੀ।
ਫਿਲਹਾਲ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਗੁਬਾਰਾ ਕਿੱਥੋਂ ਆਇਆ ਅਤੇ ਕੀ ਇਸ ਦੇ ਜ਼ਰੀਏ ਕੋਈ ਹੋਰ ਸਮੱਗਰੀ ਵੀ ਇਲਾਕੇ ਵਿੱਚ ਸੁੱਟੀ ਗਈ ਹੈ। ਇਸ ਸੰਬੰਧੀ ਪੁਲਿਸ ਵੱਲੋਂ ਆਸ-ਪਾਸ ਦੇ ਖੇਤਰ ਵਿੱਚ ਤਲਾਸ਼ੀ ਮੁਹਿੰਮ ਵੀ ਚਲਾਈ ਜਾ ਰਹੀ ਹੈ।




