ਜ਼ੀਰਾ 19 ਅਕਤੂਬਰ (ਤੀਰਥ ਸਨੇਰ):ਬੀਤੇ ਦਿਨੀਂ ਪੁਰਾਣੀ ਤਲਵੰਡੀ ਰੋਡ ’ਤੇ ਪੰਜਾਬ ਨੈਸ਼ਨਲ ਬੈਂਕ ਦੇ ਨੇੜੇ ਵਾਪਰੀ ਇੱਕ ਖੂਨੀ ਝੜਪ ਦੌਰਾਨ ਸਵਿਫਟ ਕਾਰ ਅਤੇ ਥਾਰ ਗੱਡੀ ਦੀ ਟੱਕਰ ਤੋਂ ਬਾਅਦ ਹੋਈ ਅੰਨ੍ਹੇਵਾਹ ਫਾਇਰਿੰਗ ਵਿੱਚ ਇੱਕ ਬੇਕਸੂਰ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਸੀ । ਇਸ ਦੁਖਦਾਈ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਰਾਣੀ ਤਲਵੰਡੀ ਰੋਡ 'ਤੇ ਪੰਜਾਬ ਨੈਸ਼ਨਲ ਬੈਂਕ ਕੋਲ ਸਵਿਫਟ ਕਾਰ ਅਤੇ ਥਾਰ ਗੱਡੀ ਆਪਸ ਵਿੱਚ ਭਿੜ ਗਈਆਂ, ਜਿਸ ਤੋਂ ਬਾਅਦ ਉੱਥੇ ਮਾਹੌਲ ਤਣਾਅਪੂਰਨ ਹੋ ਗਿਆ। ਇਸੇ ਦੌਰਾਨ ਕੁਝ ਨੌਜਵਾਨਾਂ ਵੱਲੋਂ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ, ਜੋ ਕਿ ਦੁਕਾਨ ਦੇ ਬਾਹਰ ਬੈਠੇ ਇੱਕ ਬਜ਼ੁਰਗ ਵਿਅਕਤੀ ਬਸੰਤ ਸਿੰਘ ਪੁੱਤਰ ਰਾਣਾ ਸਿੰਘ ਵਾਸੀ ਪਿੰਡ ਲਹਿਰਾ ਰੋਹੀ ਨੂੰ ਜਾ ਵੱਜੀਆਂ। ਗੋਲੀ ਲੱਗਣ ਕਾਰਨ ਉਸਦੀ ਮੌਤ ਹੋ ਗਈ ਜਦੋਂ ਉਸਨੂੰ ਸਿਵਲ ਹਸਪਤਾਲ ਲਿਜਾਇਆ ਜਾ ਰਿਹਾ ਸੀ। "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਜ਼ੁਰਗ ਆਪਣੇ ਪੋਤੇ-ਪੋਤੀ ਨੂੰ ਟਿਊਸ਼ਨ ਛੱਡਣ ਆਇਆ ਸੀ ਅਤੇ ਵਾਪਸੀ 'ਤੇ ਦੁਕਾਨ ਦੇ ਬਾਹਰ ਬੈਠ ਕੇ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ। ਉਸਦਾ ਇਸ ਆਪਸੀ ਲੜਾਈ ਜਾਂ ਧੜਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਪਰ ਗੱਡੀਆਂ ਵਾਲਿਆਂ ਦੀ ਆਪਸੀ ਫਾਇਰਿੰਗ ਦਾ ਸ਼ਿਕਾਰ ਹੋ ਕੇ ਬੇਕਸੂਰ ਵਿਅਕਤੀ ਦੀ ਜਾਨ ਚਲੀ ਗਈ। ਉਨ੍ਹਾਂ ਕਿਹਾ ਕਿ ਜਿਵੇਂ ਪਹਿਲਾਂ ਮਾਨਸਾ ਵਿੱਚ ਮੈਡੀਕਲ ਸਟੋਰ ’ਤੇ ਗੋਲੀਆਂ ਚੱਲੀਆਂ ਸਨ ਅਤੇ ਪਰਵਿੰਦਰ ਸਿੰਘ ਝੋਟੇ ਦਾ ਕਤਲ ਹੋਇਆ ਸੀ, ਉਸੇ ਤਰ੍ਹਾਂ ਪੰਜਾਬ ਦਾ ਮਾਹੌਲ ਦਿਨੋ-ਦਿਨ ਬਦਤਰ ਹੁੰਦਾ ਜਾ ਰਿਹਾ ਹੈ।ਪਰਿਵਾਰਕ ਮੈਂਬਰਾਂ ਅਤੇ ਮੌਕੇ 'ਤੇ ਮੌਜੂਦ ਲੋਕਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਉਠਾਉਂਦਿਆਂ ਕਿਹਾ ਕਿ ਸੂਬੇ ਵਿੱਚ ਗੁੰਡਾਗਰਦੀ ਅਤੇ ਨਸ਼ੇ ਦਾ ਨੰਗਾ ਨਾਚ ਚੱਲ ਰਿਹਾ ਹੈ ਅਤੇ ਪੁਲਿਸ ਸਿਰਫ਼ ਮਾਮਲੇ ਦਬਾਉਣ ਵਿੱਚ ਲੱਗੀ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਘਟਨਾ ਦੇ ਦੋਸ਼ੀਆਂ ਦੀ ਡੂੰਘਾਈ ਨਾਲ ਜਾਂਚ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਦੀ ਜਾਨ ਦੀ ਰਾਖੀ ਯਕੀਨੀ ਬਣਾਈ ਜਾ ਸਕੇ।
ਖ਼ਬਰਾਂ
ਜ਼ੀਰਾ'ਚ ਸ਼ਰੇਆਮ ਫਾਇਰਿੰਗ 'ਚ ਬੇਕਸੂਰ ਬਜ਼ੁਰਗ ਦੀ ਮੌਤ ਉਪਰੰਤ ਸਹਿਮ ਵਿਚ ਨੇ ਲੋਕ
* ਬਲਦੇਵ ਸਿੰਘ ਨੇ ਪੰਜਾਬ ਦੀ ਕਾਨੂੰਨ-ਵਿਵਸਥਾ 'ਤੇ ਚੁੱਕੇ ਸਵਾਲ, ਕਿਹਾ - ਨਸ਼ੇ ਅਤੇ ਗੁੰਡਾਗਰਦੀ ਕਾਰਨ ਜਾ ਰਹੀਆਂ ਨੇ ਮਾਸੂਮ ਜਾਨਾਂ"
19 ਅਕਤੂਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



