ਬਾਘਾ ਪੁਰਾਣਾ, 23 ਜੂਨ (ਜਸ਼ਨ ) ਸ਼੍ਰੋਮਣੀ ਅਕਾਲੀ ਦਲ ਵੱਲੋਂ ਵਪਾਰੀ ਆਗੂ ਅਤੇ ਯੂਥ ਅਗਰਵਾਲ ਸਭਾ ਦੇ ਚੇਅਰਮੈਨ ਪਵਨ ਗੋਇਲ ਨੂੰ ਵਪਾਰ ਮੰਡਲ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਯੂਥ ਅਗਰਵਾਲ ਸਭਾ ਦੇ ਪ੍ਰਧਾਨ ਐਡਵੋਕੇਟ ਅਮਿਤ ਅਗਰਵਾਲ ਦੀ ਟੀਮ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਨਿੱਘੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸਭਾ ਦੇ ਮੈਂਬਰਾਂ ਨੇ ਪਵਨ ਗੋਇਲ ਦੀ ਨਿਯੁਕਤੀ ਨੂੰ ਵਪਾਰਕ ਭਾਈਚਾਰੇ ਲਈ ਇੱਕ ਸਕਾਰਾਤਮਕ ਅਤੇ ਉਮੀਦਭਰਿਆ ਫੈਸਲਾ ਕਰਾਰ ਦਿੱਤਾ।
ਸਮਾਗਮ ਦੌਰਾਨ ਯੂਥ ਅਗਰਵਾਲ ਸਭਾ ਦੇ ਪ੍ਰਧਾਨ ਅਮਿਤ ਅਗਰਵਾਲ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਵਨ ਗੋਇਲ ਲੰਮੇ ਸਮੇਂ ਤੋਂ ਸਮਾਜਿਕ ਅਤੇ ਵਪਾਰਕ ਗਤੀਵਿਧੀਆਂ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਨੇ ਹਮੇਸ਼ਾ ਵਪਾਰੀਆਂ ਦੇ ਹੱਕਾਂ ਅਤੇ ਹਿੱਤਾਂ ਲਈ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਕਿਹਾ ਕਿ ਪਵਨ ਗੋਇਲ ਇੱਕ ਮਿਲਣਸਾਰ, ਮਿਹਨਤੀ ਅਤੇ ਲੋਕਾਂ ਦੇ ਦੁੱਖ-ਸੁੱਖ ਵਿੱਚ ਸ਼ਾਮਲ ਹੋਣ ਵਾਲੀ ਸ਼ਖਸੀਅਤ ਹਨ, ਜਿਸ ਕਾਰਨ ਵਪਾਰੀ ਵਰਗ ਵਿੱਚ ਉਨ੍ਹਾਂ ਪ੍ਰਤੀ ਵਿਸ਼ੇਸ਼ ਸਤਿਕਾਰ ਅਤੇ ਭਰੋਸਾ ਹੈ। ਅਮਿਤ ਅਗਰਵਾਲ ਨੇ ਕਿਹਾ, "ਸਾਨੂੰ ਪਵਨ ਗੋਇਲ ’ਤੇ ਪੂਰਾ ਵਿਸ਼ਵਾਸ ਹੈ ਕਿ ਉਹ ਵਪਾਰੀਆਂ ਦੇ ਚੰਗੇ-ਮਾੜੇ ਹਰ ਸਮੇਂ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨਗੇ ਅਤੇ ਵਪਾਰਕ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸੰਬੰਧਿਤ ਅਧਿਕਾਰੀਆਂ ਅਤੇ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਉਨ੍ਹਾਂ ਦੇ ਹੱਲ ਲਈ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣਗੇ।" ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਪਾਰੀਆਂ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਅਜਿਹੇ ਸਮੇਂ ਇੱਕ ਮਜ਼ਬੂਤ, ਜ਼ਿੰਮੇਵਾਰ ਅਤੇ ਸਰਗਰਮ ਆਗੂ ਦੀ ਲੋੜ ਸੀ। ਪਵਨ ਗੋਇਲ ਦੀ ਨਿਯੁਕਤੀ ਨਾਲ ਵਪਾਰੀਆਂ ਨੂੰ ਇੱਕ ਨਵੀਂ ਉਮੀਦ ਅਤੇ ਮਜ਼ਬੂਤ ਨੁਮਾਇੰਦਗੀ ਮਿਲੀ ਹੈ। ਇਸ ਮੌਕੇ ਪਵਨ ਗੋਇਲ ਨੇ ਯੂਥ ਅਗਰਵਾਲ ਸਭਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਵਪਾਰੀਆਂ ਦੇ ਹੱਕਾਂ ਦੀ ਰੱਖਿਆ, ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਵਪਾਰਕ ਭਾਈਚਾਰੇ ਦੀ ਏਕਤਾ ਨੂੰ ਮਜ਼ਬੂਤ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਰਹੇਗੀ। ਸਮਾਗਮ ਦੌਰਾਨ ਯੂਥ ਅਗਰਵਾਲ ਸਭਾ ਦੇ ਮੈਂਬਰਾਂ ਅਤੇ ਵਪਾਰੀਆਂ ਨੇ ਪਵਨ ਗੋਇਲ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਮਿਲਨ ਗਰਗ,ਸੈਕਟਰੀ ਬਿੱਟਾ ਜਿੰਦਲ,ਮੁਕੇਸ਼ ਨੌਹਰੀਆ,ਮਦਨ ਗਰਗ,ਕ੍ਰਿਸ਼ਨ ਸਿੰਗਲਾ,ਵਿਵੇਕ ਨੌਹਰੀਆ,ਅਮਿਤ ਗਰਗ, ਤਨੂੰ ਗੋਇਲ,ਹਿਮਾਂਸ਼ੂਅਗਰਵਾਲ,ਸਾਹਿਲ ਬਾਂਸਲ,ਰਾਹੁਲ ਗਰਗ, ਮੰਨੀਏ ਝੀਤੇ ,ਰਣਜੀਤ ਝੀਤੇ,ਜੁਗਨੂੰ ਜਿੰਦਲ ਅਤੇ ਹੋਰ ਹਾਜ਼ਰ ਸਨ।
ਖ਼ਬਰਾਂ
ਯੂਥ ਅਗਰਵਾਲ ਸਭਾ ਦੇ ਪ੍ਰਧਾਨ ਐਡਵੋਕੇਟ ਅਮਿਤ ਅਗਰਵਾਲ ਦੀ ਟੀਮ ਵੱਲੋਂ ਪਵਨ ਗੋਇਲ ਦਾ ਵਿਸ਼ੇਸ਼ ਸਨਮਾਨ
* ਪਵਨ ਗੋਇਲ ਦੀ ਨਿਯੁਕਤੀ ਨੂੰ ਵਪਾਰਕ ਭਾਈਚਾਰੇ ਲਈ ਇੱਕ ਸਕਾਰਾਤਮਕ ਅਤੇ ਉਮੀਦ ਭਰਿਆ ਫੈਸਲਾ ਕਰਾਰ ਦਿੱਤਾ
24 ਜੂਨ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



