ਕੈਨੇਡਾ ,18 ਅਕਤੂਬਰ (ਜਗਮੰਦਰ ਸਰਾਂ ) ਮੋਗੇ ਨਾਲ ਵਾਬਸਤਾ ਸੁਲਝੇ ਹੋਏ ਸਿਆਸਤਦਾਨ ਐਡਵੋਕੇਟ ਨਰਿੰਦਰ ਸਿੰਘ ਚਹਿਲ ਨੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਆਪਣੇ ਵਿਚਾਰ ਫੇਸਬੁੱਕ ਰਾਹੀਂ ਪ੍ਰਗਟ ਕਰਦਿਆਂ ਪੰਜਾਬੀਆਂ ਨੂੰ ਸੁਚੇਤ ਕਰਨ ਦਾ ਸਫਲ ਯਤਨ ਕੀਤਾ ਹੈ ।
ਐਡਵੋਕੇਟ ਨਰਿੰਦਰ ਸਿੰਘ ਚਹਿਲ ਲਿਖਦੇ ਨੇ ਕਿ ਪਰਵਿੰਦਰ ਝੋਟੇ ਦੀ ਕੋਈ ਰੀਲ ਸੁਣ ਲਓ, ਹਰ ਇੱਕ ਵਿੱਚ ਇੱਕੋ ਬਿਆਨ ਹੈ, ਐਲਾਨ ਹੈ, ਮੇਰਾ ਮਿਸ਼ਨ ਪੰਜਾਬ ਦੀ ਜੁਆਨੀ ਨੂੰ ਇਸ ਨਸ਼ਿਆਂ ਦੇ ਦੈਂਤ ਤੋਂ ਬਚਾਉਣਾ ਹੈ। ਉਸ ਦਾ ਸਾਫ਼ ਸੰਦੇਸ਼ ਸੀ, ਮੇਰੀ ਕੋਈ ਸਿਆਸਤ ਨਹੀਂ, ਕਿਸੇ ਨਾਲ ਕੋਈ ਲਾਗਾ ਦੇਗਾ ਨਹੀਂ। ਆਪਣੇ ਇਸ ਮਕਸਦ ਲਈ ਉਹ ਹਰ ਕੁਰਬਾਨੀ ਕਰਨ ਲਈ ਤਿਆਰ ਬਰ ਤਿਆਰ ਸੀ ਤੇ ਅੰਤ ਨੂੰ ਉਹ ਆਪਣੇ ਬੋਲ ਪੁਗਾ ਗਿਆ ਤੇ ਅਮਰ ਸ਼ਹਾਦਤ ਪਾ ਗਿਆ ।
ਪਰਵਿੰਦਰ ਝੋਟੇ ਦੀ ਅਜਿਹੀ ਮਹਾਨ ਸ਼ਹਾਦਤ ਕਰਕੇ, ਸਾਰਾ ਪੰਜਾਬ ਹੀ ਨਹੀਂ, ਸਾਰੀ ਦੁਨੀਆ ਦੇ ਪੰਜਾਬੀ, ਉਸ ਦੇ ਦਿਨ ਦੀਵੀਂ ਕਤਲ ਵਿਰੁੱਧ ਨੱਕੋ ਨੱਕ ਗੁੱਸੇ ਤੇ ਰੋਹ ਨਾਲ ਭਰੇ ਪੀਤੇ ਹੋਏ ਹਨ, ਪੰਜਾਬ ਦਾ ਲਾ ਮਿਸਾਲ ਬੰਦ ਇਸ ਦੀ ਉਦਾਹਰਨ ਹਨ। ਮਾਨਸਾ ਦੇ ਸ਼ਹਿਰੀ ਭਰਾਵਾਂ ਦਾ ਦਸਹਿਰਾ ਨਾ ਮਨਾਉਣ ਦਾ ਐਲਾਨ ਪੰਜਾਬ ਦੇ ਭਾਈਚਾਰਕ ਏਕੇ ਦੀ ਇੱਕ ਬਹੁਤ ਵੱਡੀ ਮਿਸਾਲ ਹੈ। ਕੁੱਝ ਇੱਕ ਸਰਾਰਤੀ ਅਨਸਰਾਂ ਨੇ ਕੁੱਝ ਗ਼ਲਤ ਫ਼ਿਰਕੂ ਕਾਰਵਾਈਆਂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦਾ ਸਭ ਨੇ ਵਿਰੋਧ ਕੀਤਾ। ਪਰਵਿੰਦਰ ਝੋਟੇ ਦੇ ਪਿਤਾ ਦੇ ਬਹੁਤ ਹੀ ਸੂਝਵਾਨ ਵਿਚਾਰਾਂ ਨੇ ਹਰ ਕਿਸੇ ਨੂੰ ਪ੍ਰਭਾਵਤ ਕੀਤਾ ਹੈ।
ਪਰ ਮਾਨਸਾ ਦੀ ਸਟੇਜ ਤੋਂ ਹੋ ਰਹੀਆਂ ਕੁੱਝ ਗੱਲਾਂ ਤੇ ਕੁੱਝ ਐਲਾਨ ਪਰਵਿੰਦਰ ਝੋਟੇ ਦੀ ਸੋਚ ਤੇ ਉਸਦੇ ਨਿਰ ਸੁਆਰਥ ਮਿਸ਼ਨ ਨਾਲ ਮੇਲ ਨਹੀਂ ਖਾਂਦੇ। ਇਹ ਬਿਲਕੁਲ ਠੀਕ ਹੈ ਕਿ ਪਰਵਿੰਦਰ ਝੋਟੇ ਦੀ ਸ਼ਹੀਦੀ ਮੌਜੂਦਾ ਸਰਕਾਰ ਦੀ ਘੋਰ ਲਾਪਰਵਾਹੀ ਤੇ ਨਾਕਾਮੀ ਕਰਕੇ ਹੋਈ ਹੈ। ਉਹ ਉਸਦੀ ਸੁਰੱਖਿਆ ਕਰਨ ਤੇ ਉਸ ਵੱਲੋਂ ਦੱਸੇ ਗਏ ਤਸਕਾਰਾਂ ਤੇ ਕੋਈ ਸਖ਼ਤ ਕਰਵਾਈ ਕਰਨ ਤੋਂ ਅਸਮਰਥ ਰਹੀ ਹੈ। ਇਸ ਕਰਕੇ ਲੋਕਾਂ ਦਾ ਇਸ ਮੌਜੂਦਾ ਸਰਕਾਰ ਵਿਰੁੱਧ ਰੋਹ ਤੇ ਗੁੱਸਾ ਬਿਲਕੁਲ ਹੱਕੀ ਤੇ ਵਾਜਿਬ ਹੈ। ਚਾਹੀਦਾ ਤਾਂ ਇਹ ਸੀ ਭਗਵੰਤ ਮਾਨ ਇਸ ਘਟਨਾ ਦਾ ਬਹੁਤ ਹੀ ਗੰਭੀਰ ਨੋਟਿਸ ਲੈਂਦਾ, ਸਿੱਧਾ ਪਰਵਿੰਦਰ ਝੋਟੇ ਦੇ ਪਰਿਵਾਰ ਨਾਲ ਰਾਬਤਾ ਕਰਦਾ, ਉਹਨਾਂ ਨੂੰ ਹਰ ਤਰ੍ਹਾਂ ਸੰਤੁਸ਼ਟ ਕਰਦਾ ਆਪਣੀ ਅਣਗਹਿਲੀ ਦੀ ਮਾਫ਼ੀ ਮੰਗਦਾ, ਜੇ ਇਸ ਤੋਂ ਵੱਧ ਹੌਸਲਾ ਤੇ ਨੈਤਕਤਾ ਹੁੰਦੀ ਤਾਂ ਆਪਣਾ ਅਸਤੀਫ਼ਾ ਵੀ ਪਾਰਟੀ ਨੂੰ ਦੇ ਦਿੰਦਾ, ਕਿਉਂਕਿ ਉਂਜ ਵੀ ਉਹਦੇ ਅਹੁਦੇ ਦੀ ਮਿਆਦ ਪੁੱਗਣ ਵਾਲੀ ਹੈ, ਗਾਂਹ ਨੂੰ ਪਤਾ ਨੀ ਕੀ ਹੋਣਾ।
ਸਰਕਾਰ ਵੱਲੋਂ ਅਜਿਹਾ ਨਾ ਕਰਨ ਕਰਕੇ ਲੋਕਾਂ ਦਾ ਇਸ ਸਰਕਾਰ ਵਿਰੁੱਧ ਰੋਹ ਹੋਰ ਵਧਿਆ ਹੈ, ਪਰ ਇਸ ਦੇ ਬਾਵਜੂਦ ਮੋਰਚੇ ਦੀ ਸਟੇਜ ਤੋਂ ਇਹ ਐਲਾਨ ਕਰਨੇ ਕਿ ਅਸੀਂ ਆਪ ਦੇ ਕਿਸੇ ਲੀਡਰ ਨੂੰ ਉੱਥੇ ਨਹੀਂ ਆਉਣ ਦੇਣਾ, ਜਦ ਤੀਕ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੰਦੇ, ਸਟੇਜ ਤੋਂ ਇਹ ਕਹਿਣਾ ਆਪ ਨੂੰ ਵੋਟ ਨਹੀਂ ਪਾਉਣੀ, ਅਜਿਹੀਆਂ ਗੱਲਾਂ ਭਾਵੇਂ ਸਰਕਾਰ ਵਿਰੁੱਧ ਗੁੱਸੇ ਚੋਂ ਨਿਕਲੀਆਂ ਹਨ ਚਾਹੇ ਕਿਸੇ ਸਿਆਸਤ ਕਾਰਨ ਪਰ ਸ਼ਹੀਦ ਦੀ ਸਟੇਜ ਤੋਂ ਅਜਿਹੀਆਂ ਗੱਲਾਂ ਕਰਨਾ ਸ਼ੋਭਦਾ ਨਹੀਂ। ਇਸ ਤੋਂ ਇੰਜ ਪ੍ਰਭਾਵ ਬਣਦਾ ਹੈ, ਇਹ ਸਟੇਜ ਕਿਸੇ ਇੱਕ ਪਾਰਟੀ ਵਿਰੁੱਧ ਪ੍ਰਚਾਰ ਲਈ ਤੇ ਉਸਨੂੰ ਬਦਨਾਮ ਕਰਨ ਲਈ ਵਰਤੀ ਜਾ ਰਹੀ ਹੈ, ਜਦ ਕਿ ਇਤਿਹਾਸ ਗੁਆਹ ਹੈ ਪੰਜਾਬ ਨੂੰ ਨਸ਼ਿਆਂ ਚ ਡੋਬਣ ਲਈ ਕੋਈ ਇੱਕ ਨਹੀਂ, ਪੰਜਾਬ ਦੀਆਂ ਲੱਗਭਗ ਸਭ ਸਿਆਸੀ ਪਾਰਟੀਆਂ ਹੀ ਜਿੰਮੇਵਾਰ ਹਨ। ਜੇ ਲੋਕਾਂ ਦੀ ਮੰਨੀਏ ਤਾਂ ਉਸ ਅਨੁਸਾਰ ਇਹ ਨਸ਼ੇ ਬਾਦਲ ਰਾਜ ਚ ਆਏ, ਕਾਂਗਰਸ ਰਾਜ ਵਿੱਚ ਵੀ ਇਨ੍ਹਾਂ ਤੇ ਕੋਈ ਠੱਲ ਨਹੀਂ ਪਈ, ਆਪ ਸਰਕਾਰ ਵੀ ਇਨ੍ਹਾਂ ਤੇ ਕੰਟਰੋਲ ਕਰਨ ਚ ਅਸਫ਼ਲ ਰਹੀ ਹੈ। ਹੁਣ ਅੱਗੇ ਕਿਹੜੀ ਪਾਰਟੀ ਤੋਂ ਇਹਨਾਂ ਨੂੰ ਖ਼ਤਮ ਕਰਨ ਦੀ ਉਮੀਦ ਕੀਤੀ ਜਾ ਸਕਦੀ ਹੈ? ਭਾਰਤੀ ਜਨਤਾ ਪਾਰਟੀ ਤੋਂ? ਜਿਸਦੀ ਕੇਂਦਰ ਵਿੱਚ ਸਰਕਾਰ ਇਹ ਨਸ਼ਿਆਂ ਲਈ ਪੂਰੀ ਤਰ੍ਹਾਂ ਜੁੰਮੇਵਾਰ ਹੈ ਤੇ ਜਿਸ ਵਿੱਚ ਸਾਰੇ ਹੀ ਪੁਰਾਣੇ ਕਾਂਗਰਸੀ ਹਨ, ਵਾਰਿਸ ਪਾਰਟੀ ਤੋਂ? ਜਿਸਦੇ ਇਆਲੀ ਵਰਗੇ ਆਗੂਆਂ ਤੇ ਲੋਕਾਂ ਦੇ ਇਹ ਦੋਸ਼ ਲੱਗਦੇ ਹਨ ਕਿ ਲੁਧਿਆਣਾ ਵਿੱਚ ਚਿੱਟਾ ਉਹਨਾਂ ਹੀ ਲਿਆਂਦਾ, ਮੈਂ ਇਨ੍ਹਾਂ ਨੂੰ ਦੋਸ਼ ਕਿਹਾ ਹੈ, ਸੱਚ ਕੀ ਹੈ ਇਹ ਤਾਂ ਕੋਈ ਜਾਂਚ ਹੀ ਦੱਸ ਸਕਦੀ ਹੈ, ਪਰ ਇਨ੍ਹਾਂ ਗੱਲਾਂ ਤੋਂ ਇਹ ਤਾਂ ਸਪਸ਼ਟ ਹੈ, ਨਸ਼ਿਆਂ ਦੇ ਮਾਮਲੇ ਵਿੱਚ ਕਿਸੇ ਦਾ ਰਿਕਾਰਡ ਵੀ ਦੁੱਧ ਧੋਤਾ ਨਹੀਂ।
ਇਸ ਕਰਕੇ ਮੇਰੀ ਸਮਝ ਅਨੁਸਾਰ ਮੋਰਚੇ ਦੀ ਸਟੇਜ ਤੋਂ ਅਜਿਹੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਜਿਸਤੋ ਇਹ ਪ੍ਰਭਾਵ ਬਣੇ, ਕਿ ਪਰਵਿੰਦਰ ਝੋਟੇ ਦੀ ਸ਼ਹੀਦੀ ਤੇ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ, ਕਿਉਂਕਿ ਪਰਵਿੰਦਰ ਝੋਟੇ ਨੇ ਕਿਸੇ ਇੱਕ ਵਿਸ਼ੇਸ਼ ਸਿਆਸੀ ਪਾਰਟੀ ਨੂੰ ਹਰਾਉਣ ਤੇ ਕਿਸੇ ਹੋਰ ਨੂੰ ਸਤਾ ਚ ਲਿਆਉਣ ਲਈ ਸ਼ਹੀਦੀ ਨਹੀਂ ਪਾਈ, ਉਸਦਾ ਮਨੋਰਥ ਤਾਂ ਪੰਜਾਬ ਚੋਂ ਨਸ਼ਿਆਂ ਦੇ ਰੋਗ ਦਾ ਖ਼ਾਤਮਾ ਕਰਨਾ ਸੀ। ਬਾਕੀ ਇਹ ਲੋਕਾਂ ਨੇ ਫ਼ੈਸਲਾ ਕਰਨਾ ਹੈ ਉਹਨਾਂ ਅਗਲੀ ਵਾਰ ਕਿਸਨੂੰ ਹਰਾਉਣਾ ਹੈ ਕਿਸ ਨੂੰ ਜਿਤਾਉਣਾ।