ਜੋਗਿੰਦਰ ਸਿੰਘ ਮਾਨ
ਮਾਨਸਾ, 17 ਅਕਤੂਬਰ:

ਬੀਤੀ 13 ਅਕਤੂਬਰ ਨੂੰ ਮਾਨਸਾ ਸ਼ਹਿਰ ਵਿੱਚ ਵਾਪਰੀ ਦੁਖਦਾਈ ਘਟਨਾ ਦੌਰਾਨ ਗੋਲੀਆਂ ਵੱਜਣ ਕਾਰਨ ਜ਼ਖ਼ਮੀ ਹੋਏ ਚਾਰ ਵਿਅਕਤੀਆਂ ਦੀ ਸਿਹਤ ਸਥਿਤੀ ਦਾ ਅੱਜ ਡਿਪਟੀ ਕਮਿਸ਼ਨਰ ਨਵਜੋਤ ਕੌਰ ਅਤੇ ਐਸ.ਐਸ.ਪੀ. ਵੈਭਵ ਚੌਧਰੀ ਵੱਲੋਂ ਵਿਸ਼ੇਸ਼ ਤੌਰ 'ਤੇ ਜਾਇਜ਼ਾ ਲਿਆ ਗਿਆ।

ਅਧਿਕਾਰੀਆਂ ਨੇ ਸਿਵਲ ਹਸਪਤਾਲ ਮਾਨਸਾ ਵਿਖੇ ਦਾਖ਼ਲ ਦੋ ਜ਼ਖ਼ਮੀਆਂ ਕੁਲਵਿੰਦਰ ਸਿੰਘ ਅਤੇ ਗੋਬਿੰਦ ਸਿੰਘ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰਾਂ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ।

ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਪੀੜਤ ਵਿਅਕਤੀਆਂ ਦਾ ਪੂਰੀ ਤਰ੍ਹਾਂ ਮੁਫ਼ਤ ਅਤੇ ਸਰਵੋਤਮ ਇਲਾਜ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਡਾਕਟਰਾਂ ਦੇ ਹਵਾਲੇ ਨਾਲ ਭਰੋਸਾ ਦਿਵਾਇਆ ਕਿ ਜ਼ਖ਼ਮੀਆਂ ਦੀ ਹਾਲਤ ਹੁਣ ਸਥਿਰ ਅਤੇ ਠੀਕ ਹੈ ਅਤੇ ਉਹ ਜਲਦੀ ਹੀ ਪੂਰੀ ਤਰ੍ਹਾਂ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤਣਗੇ।

ਸਿਵਲ ਹਸਪਤਾਲ ਮਾਨਸਾ ਦਾ ਜਾਇਜ਼ਾ ਲੈਣ ਉਪਰੰਤ, ਡਿਪਟੀ ਕਮਿਸ਼ਨਰ ਨਵਜੋਤ ਕੌਰ ਖ਼ੁਦ ਡੀ.ਐੱਮ.ਸੀ. ਹਸਪਤਾਲ ਲੁਧਿਆਣਾ ਵਿਖੇ ਪੁੱਜੇ, ਜਿੱਥੇ ਉਨ੍ਹਾਂ ਉੱਥੇ ਜੇਰੇ ਇਲਾਜ ਹੈਪੀ ਦੀ ਸਿਹਤ ਸਥਿਤੀ ਦਾ ਵੀ ਗੰਭੀਰਤਾ ਨਾਲ ਜਾਇਜ਼ਾ ਲਿਆ ਅਤੇ ਹਸਪਤਾਲ ਦੇ ਪ੍ਰਬੰਧਕਾਂ ਨੂੰ ਬਿਹਤਰੀਨ ਮੈਡੀਕਲ ਦੇਖਭਾਲ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਪੀੜਤਾਂ ਦੇ ਨਾਲ ਹਸਪਤਾਲ ਵਿੱਚ ਮੌਜੂਦ ਪਰਿਵਾਰਕ ਮੈਂਬਰ ਦੇ ਠਹਿਰਾਓ ਦਾ ਪ੍ਰਬੰਧ ਵੀ ਸਰਕਾਰ ਵੱਲੋਂ ਮੁਫਤ ਕੀਤਾ ਗਿਆ ਹੈ। ਇਸ ਮੌਕੇ ਪੁਲਿਸ ਅਧਿਕਾਰੀ ਆਲਮ ਵਿਜੇ ਸਿੰਘ, ਸਰਬਜੀਤ ਸਿੰਘ ਚੀਮਾ, ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਵੀ ਹਾਜ਼ਰ ਸਨ।

ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੁਹਰਾਇਆ ਕਿ ਸਰਕਾਰ ਪੀੜਤਾਂ ਦੇ ਨਾਲ ਖੜ੍ਹੀ ਹੈ ਅਤੇ ਇਲਾਜ ਵਿੱਚ ਕਿਸੇ ਵੀ ਕਿਸਮ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੇ ਬਠਿੰਡਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਬਲਤੇਜ ਸਿੰਘ ਦੀ ਸਿਹਤ ਦਾ ਜਾਇਜ਼ਾ ਲਿਆ।