ਜ਼ੀਰਾ, 16 ਜੁਲਾਈ (ਤੀਰਥ ਸਨੇਰ)-ਪੰਜਾਬ ਵਿਚ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਆਏ ਦਿਨ ਗੋਲੀਬਾਰੀ ਅਤੇ ਕਤਲੋਗਾਰਤ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਅਤੇ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਕਾਰਨ ਆਮ ਲੋਕਾਂ ਅੰਦਰ ਸਹਿਮ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਇਲਾਕੇ ਦੇ ਮਸ਼ਹੂਰ ਕੱਪੜਾ ਵਪਾਰੀ ’ਬ੍ਰਿਜ ਲਾਲ ਕੱਪੜੇ ਵਾਲਿਆਂ ਦੇ ਸ਼ੋਅ ਰੂਮ (ਦੁਕਾਨ) ’ਤੇ ਅੱਜ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀ ਚਲਾ ਦਿੱਤੀ ਗਈ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪ੍ਰੰਤੂ ਬਜ਼ਾਰ ਅੰਦਰ ਡਰ ਤੇ ਸਹਿਮ ਦਾ ਮਾਹੌਲ ਬਣ ਗਿਆ। ਜ਼ਿਕਰਯੋਗ ਹੈ ਕਿ ਉਕਤ ਕੱਪੜਾ ਵਪਾਰੀ ਦੇ ਘਰ ’ਤੇ ਵੀ ਕਰੀਬ 20 ਦਿਨ ਪਹਿਲਾਂ ਅਣਪਛਾਤਿਆਂ ਵੱਲੋਂ ਗੋਲੀ ਚਲਾਈ ਗਈ ਸੀ ਅਤੇ ਪਰਿਵਾਰ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਫੋਨ ’ਤੇ ਧਮਕੀਆਂ ਦਿੰਦਿਆਂ ਫਿਰੌਤੀਆਂ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਇਲਾਕੇ ਅੰਦਰ ਵਾਪਰ ਰਹੀਆਂ ਇਨ੍ਹਾਂ ਵਾਰਦਾਤਾਂ ਤੋਂ ਬਾਅਦ ਜ਼ੀਰਾ ਇਲਾਕੇ ਦੇ ਲੋਕ ਅਤੇ ਦੁਕਾਨਦਾਰ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗ ਪਏ ਹਨ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਸਖ਼ਤੀ ਨਹੀਂ ਵਰਤ ਰਿਹਾ, ਜਿਸ ਕਾਰਨ ਗੈਂਗਸਟਰਾਂ ਅਤੇ ਚੋਰ-ਲੁਟੇਰਿਆਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ ਅਤੇ ਪੰਜਾਬ ਅਤੇ ਬਾਹਰਲੇ ਮੁਲਕਾਂ ਜਾਂ ਹੋਰ ਰਾਜਾਂ ਵਿਚ ਬੈਠੇ ਗੈਂਗਸਟਰ ਆਏ ਦਿਨ ਵਪਾਰੀਆਂ, ਦੁਕਾਨਦਾਰਾਂ ਅਤੇ ਹੋਰ ਲੋਕਾਂ ਤੋਂ ਫਿਰੌਤੀ ਮੰਗ ਰਹੇ ਹਨ। ਪੁਲਿਸ ਪ੍ਰ੍ਰਸ਼ਾਸਨ ਵੱਲੋਂ ਹਰ ਵਾਰ ਘਟਨਾਵਾਂ ਘੱਟ ਹੋਣ ਦਾ ਹਵਾਲਾ ਦਿੱਤਾ ਜਾਂਦਾ ਹੈ ਪਰ ਲੋਕਾਂ ਨੂੰ ਇਸ ’ਤੇ ਭਰੋਸਾ ਨਹੀਂ ਹੈ। ਘਟਨਾ ਮਗਰੋਂ ਪੁਲਿਸ ਸੀ.ਸੀ.ਟੀ.ਵੀ. ਕੈਮਰਿਆਂ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛ-ਗਿੱਛ ਕਰਨ ਵਿਚ ਜੁਟੀ ਹੋਈ ਹੈ ਅਤੇ ਹਰ ਵਾਰ ਦੀ ਤਰ੍ਹਾਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮਾਮਲਿਆਂ ਦੀ ਜਾਂਚ ਕਰ ਰਹੇ ਹਨ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਪਿਛਲੀਆਂ ਘਟਨਾਵਾਂ ਨੂੰ ਦੇਖਦੇ ਹੋਏ ਲੋਕਾਂ ਨੂੰ ਪੁਲਿਸ ਦੇ ਦਾਅਵਿਆਂ ’ਤੇ ਭਰੋਸਾ ਨਹੀਂ ਹੈ। ਸੂਬੇ ਵਿਚ ਵਧਦੀਆਂ ਅਪਰਾਧਿਕ ਗਤੀਵਿਧੀਆਂ ਅਤੇ ਸੁਰੱਖਿਆ ਦੀ ਘਾਟ ਨੇ ਆਮ ਨਾਗਰਿਕਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪੁਲਿਸ ਪ੍ਰਸ਼ਾਸਨ ਨੂੰ ਲੋਕਾਂ ਦੇ ਵਿਸ਼ਵਾਸ ਨੂੰ ਮੁੜ ਸਥਾਪਿਤ ਕਰਨ ਅਤੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਲਈ ਤੁਰੰਤ ਠੋਸ ਕਦਮ ਚੁੱਕਣ ਦੀ ਲੋੜ ਹੈ।