
ਜਲੰਧਰ ,3 ਜੁਲਾਈ (ਕੁਲਵਿੰਦਰ ਸਿੰਘ ਭਟੋਆ ) ਪੰਜਾਬ ਦੀ ਸਥਿਤੀ ਤੋਂ ਚਿੰਤਿਤ ਪਤਵੰਤਿਆਂ ਵਲੋਂ ਪਿੰਡ ਕਿਸ਼ਨਗੜ੍ਹ ਵਿਖੇ ਸੀ ਆਈ ਐੱਸ ਐੱਫ ਦੇ ਇੰਸਪੈਕਟਰ ਸ .ਹੀਰਾ ਸਿੰਘ ਦੀ ਅਗਵਾਈ ਵਿਚ ਨਸ਼ਾ ਵਿਰੋਧੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਿਸ਼ਨਗੜ੍ਹ ਅਤੇ ਲਾਗਲੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਮੁੱਖ ਮਹਿਮਾਨ ਸ਼੍ਰੀ ਲਾਲ ਵਿਸ਼ਵਾਸ ਬੈਂਸ ਪੀਸੀਐਸ ਐਸਡੀਐਮ ਆਦਮਪੁਰ ਵਿਸ਼ੇਸ਼ ਤੌਰ ਤੇ ਆਏ ਅਤੇ ਉਹਨਾਂ ਦੁਆਰਾ ਹਰ ਖਿਡਾਰੀ ਨੂੰ ਟੀ-ਸ਼ਰਟ ਪਹਿਨਾਈ ਗਈ।
ਐਸ ਡੀ ਐਮ ਸ਼੍ਰੀ ਲਾਲ ਵਿਸ਼ਵਾਸ ਬੈਂਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀਆਂ ਸੁਰੱਖਿਆ ਫੋਰਸਾਂ ਵਿਚ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਸੇਵਾਵਾਂ ਨਿਭਾਉਣ ਵਾਲੇ ਇੰਸਪੈਕਟਰ ਸ .ਹੀਰਾ ਸਿੰਘ ਦੀਆਂ ਲੋਕ ਸੇਵਾ ਲਈ ਸੇਵਾਵਾਂ ਬੇਹੱਦ ਸ਼ਲਾਘਾਯੋਗ ਨੇ। ਉਹਨਾਂ ਕਿਹਾ ਕਿ ਜਦੋਂ ਪੰਜਾਬ ਨਸ਼ਿਆਂ ਦੇ ਫ਼ਰੰਟ ਤੇ ਜੂਝ ਰਿਹਾ ਹੈ ਅਜਿਹੇ ਨਾਜ਼ੁਕ ਸਮੇਂ ਹੀਰਾ ਸਿੰਘ ਵਲੋਂ ਵੱਖ ਵੱਖ ਵਿਦਿਅਕ ਅਦਾਰਿਆਂ ਵਿਚ ਬੱਚਿਆਂ ਨੂੰ ਨਾ ਸਿਰਫ ਨਸ਼ਿਆਂ ਖਿਲਾਫ ਜਾਗਰੂਕ ਕੀਤਾ ਜਾ ਰਿਹੈ ਬਲਕਿ ਖੇਡਾਂ ਵਾਲੇ ਪਾਸੇ ਪ੍ਰੇਰਿਤ ਕਰਕੇ ਸਮਰ ਕੈਂਪ ਵੀ ਲਗਾਏ ਜਾ ਰਹੇ ਨੇ। ਉਹਨਾਂ ਕਿਹਾ ਕਿ ਇਕ ਫੁਟਬਾਲ ਦੇ ਖਿਡਾਰੀ ਵਲੋਂ ਏਹੀ ਸੱਚੀ ਦੇਸ਼ ਸੇਵਾ ਹੈ ਜਦੋਂ ਅਸੀਂ ਦੇਸ਼ ਵਾਸੀਆਂ ਲਈ ਨਿਸ਼ਕਾਮ ਹੋ ਕੇ ਸੇਵਾ ਕਰਦੇ ਹਾਂ। ਉਹਨਾਂ ਹੀਰਾ ਸਿੰਘ ਵਲੋਂ ਅਰੰਭੇ ਇਹਨਾਂ ਕਾਰਜਾਂ ਲਈ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦਿਵਾਇਆ ।
ਦੂਰਦਰਸ਼ਨ ਨਾਲ ਵਾਬਸਤਾ ਰਹੇ ਸ .ਹੀਰਾ ਸਿੰਘ ਵੱਲੋਂ ਖੇਡ ਕਿਟਾਂ ਵੰਡਣ ਅਤੇ ਬੱਚਿਆਂ ਨੂੰ ਫੁੱਟਬਾਲ ਸਿਖਲਾਈ ਦੇਣ ਦੇ ਪ੍ਰੋਗਰਾਮ ਵਿੱਚ ਏ.ਐਸ.ਆਈ. ਜੋਗਾ ਸਿੰਘ, ਗੁਰਦੀਪ ਸਿੰਘ ਗਿੱਲ ਕੰਡਾ, ਬਲਦੇਵ ਸਿੰਘ, ਮਲਕੀਤ, ਸਰਦਾਰ ਸਤਵਿੰਦਰ ਸਿੰਘ, ਹੋਈ ਪੰਚ ਕਿਸ਼ਨ ਗੜ੍ਹ, ਮਾਸਟਰ ਬਾਗ ਸਰਪੰਚ ਸੰਗਵਾਲ, ਸੁਰਿੰਦਰ ਬੰਗਰ ਸਾਬਕਾ ਸਰਪੰਚ ਕਰਾਈ, ਅੰਮ੍ਰਿਤਪਾਲ ਸਿੰਘ ਸਰਨਾ ਕੰਪਿਊਟਰ, ਸਰਦਾਰ ਹਰਦੀਪ ਸਿੰਘ ਪਿੰਡ ਕਾਹਲਮਾ ਕਰਤਾਰਪੁਰ ,ਸ਼੍ਰੀ ਰਵੀ ਕੁਮਾਰ, ਦਿੱਲੀ ਤੋਂ ਸ਼੍ਰੀ ਮਿਥੁਨ ਅਤੇ ਸ਼੍ਰੀ ਸੰਜੀਵ ਕੁਮਾਰ ਅਲਾਵਲਪੁਰ ਵੀ ਕਿਸ਼ਨ ਗੜ੍ਹ ਫੁੱਟਬਾਲ ਗਰਾਊਂਡ ਵਿਖੇ ਮੌਕੇ 'ਤੇ ਮੌਜੂਦ ਸਨ। ਇਸ ਮੌਕੇ ਹੀਰਾ ਸਿੰਘ ਨੇ ਪਤਵੰਤਿਆਂ ਵਲੋਂ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਲਈ ਹਾਜ਼ਰ ਹੋਣ ਵਾਸਤੇ ਧੰਨਵਾਦ ਕੀਤਾ । ਇਸ ਮੌਕੇ ਪੌਦੇ ਵੀ ਵੰਡੇ ਗਏ ।





