ਸਟੇਸ਼ਨ :- ਮੋਗਾ
ਰੀਪੋਰਟ:- ਲਛਮਣ ਜੀਤ ਸਿੰਘ ਪੁਰਬਾ
09814200900
ਜੁਲਾਈ 19 : ਡੀ.ਜੀ.ਪੀ. ਪੰਜਾਬ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਸ੍ਰੀ ਸਰਤਾਜ ਸਿੰਘ ਚਾਹਲ, IPS, ਸੀਨੀਅਰ ਕਪਤਾਨ ਪੁਲਿਸ, ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸ੍ਰੀ ਬਾਲ ਕ੍ਰਿਸ਼ਨ ਸਿੰਗਲਾ, PPS, ਐੱਸ.ਪੀ. (ਇਨਵੈਸਟੀਗੇਸ਼ਨ), ਮੋਗਾ ਅਤੇ ਸ੍ਰੀ ਸੁਖਵਿੰਦਰ ਸਿੰਘ ਬਰਾੜ, PPS, ਉਪ ਕਪਤਾਨ ਪੁਲਿਸ, ਸਬ ਡਿਵੀਜ਼ਨ ਧਰਮਕੋਟ ਦੀ ਨਿਗਰਾਨੀ ਹੇਠ ਥਾਣਾ ਫਤਿਹਗੜ੍ਹ ਪੰਜਤੂਰ ਪੁਲਿਸ ਨੂੰ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਦੌਰਾਨ ਇੱਕ ਹੋਰ ਮਹੱਤਵਪੂਰਨ ਸਫਲਤਾ ਹਾਸਲ ਹੋਈ ਹੈ।
ਐੱਸ.ਐੱਚ.ਓ. ਥਾਣਾ ਫਤਿਹਗੜ੍ਹ ਪੰਜਤੂਰ ਭਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਅਤੇ ਗਸ਼ਤ ਦੌਰਾਨ ਚੌਰਸਤਾ ਜੋਗੇਵਾਲਾ ਰੋਡ, ਫਤਿਹਗੜ੍ਹ ਪੰਜਤੂਰ ਵਿਖੇ ਮੌਜੂਦ ਸਨ। ਇਸ ਦੌਰਾਨ ਇੱਕ ਭਰੋਸੇਯੋਗ ਮੁਖ਼ਬਰ ਵੱਲੋਂ ਇਤਲਾਹ ਪ੍ਰਾਪਤ ਹੋਈ ਕਿ ਲਵਪ੍ਰੀਤ ਸਿੰਘ ਉਰਫ਼ ਲਵ ਪੁੱਤਰ ਜੋਗਿੰਦਰ ਸਿੰਘ ਵਾਸੀ ਬੋਘੇਵਾਲਾ ਆਪਣੀ ਮਾਰੂਤੀ SX4 ਕਾਰ ਨੰਬਰ PB-05-AS-0699 ਵਿੱਚ ਡੋਡੇ ਚੂਰਾ ਪੋਸਤ ਦੀ ਖੇਪ ਲੈ ਕੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ।
ਉਕਤ ਸੂਚਨਾ ਦੇ ਆਧਾਰ 'ਤੇ ਤੁਰੰਤ ਕਾਰਵਾਈ ਕਰਦਿਆਂ ਦੱਸੇ ਗਏ ਸਥਾਨ 'ਤੇ ਰੇਡ ਕੀਤੀ ਗਈ। ਮੌਕੇ ਤੋਂ ਦੋਸ਼ੀ ਲਵਪ੍ਰੀਤ ਸਿੰਘ ਉਰਫ਼ ਲਵ ਨੂੰ ਕਾਬੂ ਕਰਕੇ ਉਸਦੀ ਕਾਰ ਦੀ ਤਲਾਸ਼ੀ ਲਈ ਗਈ, ਜਿਸ ਦੌਰਾਨ 60 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਹੋਇਆ। ਇਸ ਤੋਂ ਇਲਾਵਾ ਉਕਤ ਮਾਰੂਤੀ SX4 ਕਾਰ ਨੂੰ ਵੀ ਕਬਜ਼ਾ ਪੁਲਿਸ ਵਿੱਚ ਲੈ ਲਿਆ ਗਿਆ।ਇਸ ਸਬੰਧੀ ਮੁਕੱਦਮਾ ਨੰਬਰ 58 ਮਿਤੀ 17.07.2026 ਅਧੀਨ ਧਾਰਾ 15, 61, 85 NDPS Act ਥਾਣਾ ਫਤਿਹਗੜ੍ਹ ਪੰਜਤੂਰ ਵਿਖੇ ਦਰਜ ਕੀਤਾ ਗਿਆ।
ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਹੁਣ ਇਸ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਕਰਦਿਆਂ ਦੋਸ਼ੀ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਨਸ਼ਾ ਤਸਕਰੀ ਨਾਲ ਜੁੜੇ ਹੋਰ ਵਿਅਕਤੀਆਂ ਨੂੰ ਵੀ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾ ਸਕੇ।




