ਮੋਗਾ, 17 ਅਗਸਤ (ਜਸ਼ਨ ) : ਮੋਗਾ ਜ਼ਿਲ੍ਹੇ ਦੇ ਪਿੰਡ ਧੱਲੇਕੇ ਵਿਖੇ ਪੁਰਾਤਨ ਪੰਜਾਬੀ ਸੱਭਿਆਚਾਰ ਅਤੇ ਮਹਿਲਾਵਾਂ ਦੇ ਪ੍ਰਮੁੱਖ ਤਿਉਹਾਰ ਤੀਆਂ ਦਾ ਸਮਾਗਮ ਸਰਪੰਚ ਹਰਬੰਸ ਸਿੰਘ ਜੌਹਲ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਸਕੂਲ ਵਿਖੇ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਅਤੇ ਮੁਟਿਆਰਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਮਹਿਲਾਵਾਂ ਨੇ ਪੀਂਘਾਂ ਝੂਟਣ ਦੇ ਨਾਲ-ਨਾਲ ਬੋਲੀਆਂ ਪਾ ਕੇ ਗਿੱਧਾ ਪਾਇਆ ਅਤੇ ਪੰਜਾਬੀ ਲੋਕ ਗੀਤਾਂ ’ਤੇ ਨੱਚ ਕੇ ਖੂਬ ਰੌਣਕਾਂ ਲਾਈਆਂ।
ਤੀਆਂ ਦੇ ਇਸ ਮੇਲੇ ਵਿੱਚ ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਅਤੇ ਨਗਰ ਨਿਗਮ ਮੋਗਾ ਦੀ ਮੇਅਰ ਵਿਨਯਪਾਲ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪਿੰਡ ਦੀਆਂ ਮਹਿਲਾਵਾਂ ਵੱਲੋਂ ਰਮਨਿਕ ਕੌਰ ਜੌਹਲ ਨੇ ਉਨ੍ਹਾਂ ਦਾ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ ਅਤੇ ਫੁਲਕਾਰੀਆਂ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਉਣ ਦੇ ਮਹੀਨੇ ਵਿੱਚ ਪੇਕੇ ਪਰਿਵਾਰ ਵੱਲੋਂ ਵਿਆਹੀਆਂ ਧੀਆਂ ਨੂੰ ਸੰਧਾਰਾ ਭੇਜਣ ਦੀ ਪੁਰਾਤਨ ਪਰੰਪਰਾ ਰਹੀ ਹੈ।
ਇਸ ਤੋਂ ਬਾਅਦ ਵਿਆਹੀਆਂ ਮਹਿਲਾਵਾਂ ਅਤੇ ਮੁਟਿਆਰਾਂ ਆਪਣੇ ਪੇਕੇ ਘਰ ਇਕੱਠੀਆਂ ਹੁੰਦੀਆਂ ਹਨ ਅਤੇ ਪੰਜਾਬੀ ਪਹਿਰਾਵਿਆਂ ਵਿੱਚ ਸੱਜ-ਧੱਜ ਕੇ ਤੀਆਂ ਦੇ ਤਿਉਹਾਰ ਵਿੱਚ ਸ਼ਾਮਲ ਹੁੰਦੀਆਂ ਹਨ। ਉਹ ਆਪਣੇ ਮਨ ਦੇ ਭਾਵਾਂ ਨੂੰ ਗੀਤਾਂ ਅਤੇ ਬੋਲੀਆਂ ਰਾਹੀਂ ਪ੍ਰਗਟ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਰਪੰਚ ਹਰਬੰਸ ਸਿੰਘ ਜੌਹਲ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਤੀਆਂ ਦਾ ਸਮਾਗਮ ਕਰਵਾਉਣਾ ਸ਼ਲਾਘਾਯੋਗ ਉਪਰਾਲਾ ਹੈ। ਅਜਿਹੇ ਸਮਾਗਮ ਸਾਡੀ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਪੁਰਾਤਨ ਵਿਰਸੇ, ਲੋਕ ਪਰੰਪਰਾਵਾਂ ਅਤੇ ਅਮੀਰ ਸੱਭਿਆਚਾਰ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਆਧੁਨਿਕ ਦੌਰ ਵਿੱਚ ਨੌਜਵਾਨ ਪੀੜ੍ਹੀ ਨੂੰ ਆਪਣੀ ਸੰਸਕ੍ਰਿਤੀ ਅਤੇ ਵਿਰਾਸਤ ਨਾਲ ਜਾਣੂ ਕਰਵਾਉਣਾ ਬੇਹੱਦ ਜ਼ਰੂਰੀ ਹੈ। ਸਮਾਗਮ ਦੌਰਾਨ ਮਹਿਲਾਵਾਂ ਨੇ ਰਵਾਇਤੀ ਪੰਜਾਬੀ ਗੀਤਾਂ ’ਤੇ ਗਿੱਧਾ ਪਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਤੀਆਂ ਦੇ ਸਮਾਗਮ ਦੀ ਸਮਾਪਤੀ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਮਹਿਲਾਵਾਂ ਨੂੰ ਲੱਡੂ ਵੀ ਵੰਡੇ ਗਏ।
ਇਸ ਮੌਕੇ ਸਾਬਕਾ ਸਰਪੰਚ ਕਰਨਜੀਤ ਕੌਰ ਜੌਹਲ, ਅਮਨਜੋਤ ਕੌਰ ਬਾਸੀ, ਪ੍ਰੀਤ ਕੌਰ, ਅਮਰਜੀਤ ਕੌਰ ਜੌਹਲ, ਹਰਪ੍ਰੀਤ ਕੌਰ, ਸੁਖਦੀਪ ਕੌਰ, ਅਮਨਦੀਪ ਕੌਰ, ਨਵਪ੍ਰੀਤ ਕੌਰ, ਸੁਖਵਿੰਦਰ ਕੌਰ, ਕੁਲਵਿੰਦਰ ਕੌਰ, ਕਮਲਜੀਤ ਕੌਰ, ਬੱਬੂ ਕੌਰ, ਮਨਜੀਤ ਕੌਰ, ਅੰਗਰੇਜ਼ ਕੌਰ ਬਾਸੀ, ਜਸਪ੍ਰੀਤ ਕੌਰ ਜੌਹਲ, ਸਰਪੰਚ ਹਰਬੰਸ ਸਿੰਘ ਜੌਹਲ, ਮੈਂਬਰ ਗੁਰਪ੍ਰੀਤ ਸਿੰਘ, ਜੰਗ ਸਿੰਘ ਨੈਸਲੇ, ਮਨਜੀਤ ਸਿੰਘ ਮਨੀ, ਗੁਰਜੀਤ ਸਿੰਘ ਬੱਬੂ, ਬਲਵੰਤ ਸਿੰਘ ਜੌਹਲ, ਅੰਗਰੇਜ਼ ਸਿੰਘ, ਸੁਰਜੀਤ ਸਿੰਘ, ਜਗਤਾਰ ਸਿੰਘ, ਜਗਰਾਜ ਸਿੰਘ ਰਾਜਾ, ਗੁਰਚਰਨ ਸਿੰਘ ਪ੍ਰਧਾਨ, ਜੋਗਿੰਦਰ ਸਿੰਘ ਨੈਸਲੇ, ਡਾ. ਜਗਦੇਵ ਸਿੰਘ, ਜਗਰੂਪ ਸਿੰਘ ਮੈਂਬਰ, ਅਮਰੀਕ ਸਿੰਘ ਮੈਂਬਰ, ਬਲਵਿੰਦਰ ਸਿੰਘ ਮੈਂਬਰ, ਸੁਖਵਿੰਦਰ ਸਿੰਘ ਸੁੱਖੀ, ਮਨਜਿੰਦਰ ਸਿੰਘ ਮੰਡ, ਮੀਤਾ ਠੇਕੇਦਾਰ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਦੀਆਂ ਮਹਿਲਾਵਾਂ ਹਾਜ਼ਰ ਸਨ।
ਖ਼ਬਰਾਂ
ਤੀਆਂ ਦੇ ਤਿਉਹਾਰ ਮੌਕੇ ਮਹਿਲਾਵਾਂ ਤੇ ਮੁਟਿਆਰਾਂ ਨੇ ਝੂਟੀਆਂ ਪੀਂਘਾਂ , ਤੇ ਬੋਲੀਆਂ ਪਾ ਕੇ ਮਨਾਇਆ ਜਸ਼ਨ
* ਨਵੀਂ ਪੀੜ੍ਹੀ ਨੂੰ ਪੁਰਾਤਨ ਸੱਭਿਆਚਾਰ ਨਾਲ ਜੋੜਨ ਲਈ ਅਜਿਹੇ ਸਮਾਗਮ ਜ਼ਰੂਰੀ : ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ
17 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



