ਪੱਤਰ ਪ੍ਰੇਰਕ ਮੋਗਾ
ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਵਿਖੇ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਪਾਵਨ ਅਵਤਾਰ ਦਿਹਾੜੇ ਨੂੰ ਸਮਰਪਿਤ ਪੂਰਨਮਾਸੀ ਦਾ ਦਿਹਾੜਾ ਬਹੁਤ ਹੀ ਸ਼ਰਧਾ, ਸਤਿਕਾਰ ਅਤੇ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਦੂਰ-ਦੂਰ ਤੋਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿੱਚ ਹਾਜ਼ਰੀ ਭਰਕੇ ਗੁਰੂ ਚਰਨਾਂ ਵਿੱਚ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ।
ਸਮਾਗਮ ਦੀ ਸ਼ੁਰੂਆਤ ਸਹਿਜ ਪਾਠ ਸਾਹਿਬ ਦੇ ਭੋਗ ਪਾਉਣ ਨਾਲ ਹੋਈ। ਇਸ ਉਪਰੰਤ ਭਾਈ ਕਮਲਜੀਤ ਸਿੰਘ ਜੀ ਆਲਮ ਵਾਲਾ, ਭਾਈ ਸੋਹਣ ਸਿੰਘ ਜੀ ਹਜ਼ੂਰੀ ਰਾਗੀ ਅਤੇ ਭਾਈ ਜਸਪਾਲ ਸਿੰਘ ਜੀ ਲੱਲਿਆਂਵਾਲਾ ਵੱਲੋਂ ਰੱਬੀ ਬਾਣੀ ਦਾ ਮਨਮੋਹਕ ਕੀਰਤਨ ਕੀਤਾ ਗਿਆ। ਇਸ ਮੌਕੇ
ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ ਸਾਨੂੰ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਉੱਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂਆਂ ਦੇ ਦਿਨ-ਦਿਹਾੜੇ ਸਿਰਫ਼ ਸਮਾਗਮ ਨਹੀਂ, ਸਗੋਂ ਸਾਡੇ ਲਈ ਇਤਿਹਾਸ ਨਾਲ ਜੁੜਨ, ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਨੂੰ ਯਾਦ ਕਰਨਾ ਚਾਹੀਦਾ ਹੈ ਉਨ੍ਹਾਂ ਨੇ ਆਖਿਆ ਕਿ ਸਾਰੀਆਂ ਸੰਗਤਾਂ ਨੂੰ ਰਲ-ਮਿਲ ਕੇ ਇਹ ਪਵਿੱਤਰ ਦਿਹਾੜੇ ਮਨਾਉਣੇ ਚਾਹੀਦੇ ਹਨ ਅਤੇ ਨਵੀਂ ਪੀੜ੍ਹੀ ਨੂੰ ਵੀ ਸਿੱਖ ਇਤਿਹਾਸ ਨਾਲ ਜਾਣੂ ਕਰਵਾਉਣਾ ਚਾਹੀਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਨੂੰ ਜੁਗੋ-ਜੁਗ ਅਟੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਇਆ ਹੈ। ਸ਼ਬਦ ਗੁਰੂ ਨਾਲ ਜੁੜ ਕੇ ਮਨੁੱਖ ਨਾ ਸਿਰਫ਼ ਆਤਮਿਕ ਸ਼ਾਂਤੀ ਪ੍ਰਾਪਤ ਕਰ ਸਕਦਾ ਹੈ, ਸਗੋਂ ਮਨੁੱਖਤਾ ਦੀ ਸੇਵਾ, ਪਰਉਪਕਾਰ ਅਤੇ ਨਿਮਰਤਾ ਵਾਲਾ ਜੀਵਨ ਵੀ ਜੀ ਸਕਦਾ ਹੈ। ਗੁਰੂਆਂ ਦੀ ਸਿੱਖਿਆ ਸਾਨੂੰ ਸੇਵਾ, ਸਿਮਰਨ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦੀ ਹੈ।
ਇਸ ਮੌਕੇ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆ , ਸੁੱਖਾ ਸਿੰਘ ਰੌਲੀ, ਬਿੱਲੂ ਸਿੰਘ ਚੰਦ ਪੁਰਾਣਾ, ਧਰਮ ਸਿੰਘ ਕਾਲੇਕੇ, ਲਖਵਿੰਦਰ ਸਿੰਘ ਗਿੱਲ ਬੀੜ ਵਾਲੇ, ਇਕਬਾਲ ਸਿੰਘ ਪਟਵਾਰੀ ਚੰਦ ਪੁਰਾਣਾ ਸਮੇਤ ਕਈ ਪ੍ਰਮੁੱਖ ਸੇਵਾਦਾਰ ਹਾਜ਼ਰ ਰਹੇ। ਇਸ ਤੋਂ ਇਲਾਵਾ ਚਮਕੌਰ ਸਿੰਘ ਚੰਦ ਪੁਰਾਣਾ, ਅਜਮੇਰ ਸਿੰਘ ਚੰਦ ਪੁਰਾਣਾ, ਡਾ. ਅਵਤਾਰ ਸਿੰਘ, ਭਾਈ ਸ਼ਮਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਸੇਵਾਦਾਰਾਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ।
ਸਮਾਗਮ ਦੇ ਅੰਤ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ, ਜਿੱਥੇ ਸੰਗਤਾਂ ਨੇ ਇਕੱਠੇ ਬੈਠ ਕੇ ਲੰਗਰ ਛਕਿਆ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਖ਼ਬਰਾਂ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਵਤਾਰ ਦਿਹਾੜੇ ਮੌਕੇ ,ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦ ਪੁਰਾਣਾ ਵਿਖੇ ਪੂਰਨਮਾਸੀ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ
* ਨਵੀਂ ਪੀੜ੍ਹੀ ਨੂੰ ਵੀ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣਾ ਚਾਹੀਦੈ : ਸੰਤ ਬਾਬਾ ਗੁਰਦੀਪ ਸਿੰਘ ਚੰਦਪੁਰਾਣੇ ਵਾਲੇ
5 ਜੁਲਾਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



