ਮੋਗਾ, 28 ਜੂਨ (ਆਜ਼ਾਦ): ਮੋਗਾ ਜ਼ਿਲੇ ਦੇ ਪਿੰਡ ਕਪੂਰੇ ਦੇ ਇੱਕ ਨੌਜਵਾਨ ਨਾਲ ਉਸ ਦੇ ਕੈਨੇਡਾ ਰਹਿੰਦੇ ਦੋਸਤ ਵੱਲੋਂ ਵਰਕ ਪਰਮਿਟ ’ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 22 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਕੈਨੇਡਾ ਭੇਜਣ ਦੀ ਬਜਾਏ ਨੌਜਵਾਨ ਨੂੰ ਕੋਲਕਾਤਾ ਲਿਜਾ ਕੇ ਇੱਕ ਘਰ ਵਿਚ ਬੰਧਕ ਬਣਾਇਆ ਗਿਆ ਅਤੇ ਉਸ ਦੇ ਪਰਿਵਾਰ ਤੋਂ ਪੈਸੇ ਹਾਸਲ ਕੀਤੇ ਗਏ। ਪੁਲਸ ਵੱਲੋਂ ਜਾਂਚ ਉਪਰੰਤ ਪਿੰਡ ਕਪੂਰੇ ਦੇ ਵਸਨੀਕ ਗੁਰਿੰਦਰ ਸਿੰਘ ਦੀ ਸ਼ਿਕਾਇਤ ’ਤੇ ਕਥਿਤ ਮੁਲਜ਼ਮ ਅਮਨਦੀਪ ਸਿੰਘ ਵਾਸੀ ਪਿੰਡ ਕਪੂਰੇ, ਹਾਲ ਵਾਸੀ ਕੈਨੇਡਾ, ਖ਼ਿਲਾਫ਼ ਥਾਣਾ ਮਹਿਣਾ ਵਿਚ ਧੋਖਾਧੜੀ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਅਸ਼ੋਕ ਕੁਮਾਰ ਕਰ ਰਹੇ ਹਨ। ਥਾਣਾ ਮਹਿਣਾ ਦੇ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਗੁਰਿੰਦਰ ਸਿੰਘ ਨੇ ਜ਼ਿਲਾ ਪੁਲਸ ਮੁਖੀ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਪੁੱਤਰ ਪ੍ਰਭਜੋਤ ਸਿੰਘ ਦਾ ਦੋਸਤ ਅਮਨਦੀਪ ਸਿੰਘ ਸਾਲ 2007-08 ਵਿਚ ਆਪਣੇ ਪਰਿਵਾਰ ਸਮੇਤ ਕੈਨੇਡਾ ਚਲਾ ਗਿਆ ਸੀ। ਸਾਲ 2009-10 ਦੌਰਾਨ ਅਮਨਦੀਪ ਸਿੰਘ ਨੇ ਪ੍ਰਭਜੋਤ ਸਿੰਘ ਨੂੰ ਵਰਕ ਪਰਮਿਟ ’ਤੇ ਕੈਨੇਡਾ ਭੇਜਣ ਦਾ ਭਰੋਸਾ ਦਿੱਤਾ। ਦੋਸਤੀ ਅਤੇ ਇੱਕੋ ਗਲੀ ਵਿਚ ਰਹਿਣ ਕਾਰਨ ਪਰਿਵਾਰ ਨੇ ਉਸ ’ਤੇ ਵਿਸ਼ਵਾਸ ਕਰ ਲਿਆ। ਸ਼ਿਕਾਇਤਕਰਤਾ ਅਨੁਸਾਰ ਅਮਨਦੀਪ ਸਿੰਘ ਨੇ ਕਿਹਾ ਕਿ ਇਸ ਲਈ 22 ਲੱਖ ਰੁਪਏ ਖਰਚ ਆਵੇਗਾ। ਉਸ ਦੇ ਕਹਿਣ ’ਤੇ ਪਹਿਲਾਂ 2 ਲੱਖ ਰੁਪਏ ਉਸ ਦੇ ਸਾਥੀਆਂ ਨੂੰ ਦੇ ਦਿੱਤੇ ਗਏ। ਕੁਝ ਸਮੇਂ ਬਾਅਦ ਉਸ ਨੇ ਫੋਨ ਕਰ ਕੇ ਦੱਸਿਆ ਕਿ ਵਰਕ ਪਰਮਿਟ ਲੱਗ ਗਿਆ ਹੈ ਅਤੇ ਬਾਕੀ 20 ਲੱਖ ਰੁਪਏ ਦੇਣ ਲਈ ਕਿਹਾ। ਉਸ ਨੇ ਇਹ ਵੀ ਕਿਹਾ ਕਿ ਉਸ ਦੇ ਭੇਜੇ ਵਿਅਕਤੀ ਪ੍ਰਭਜੋਤ ਨੂੰ ਦਿੱਲੀ ਹਵਾਈ ਅੱਡੇ ਤੋਂ ਕੈਨੇਡਾ ਭੇਜਣਗੇ ਅਤੇ ਸਾਰੇ ਦਸਤਾਵੇਜ਼ ਏਅਰਪੋਰਟ ’ਤੇ ਹੀ ਦੇ ਦਿੱਤੇ ਜਾਣਗੇ। ਪਰਿਵਾਰ ਪ੍ਰਭਜੋਤ ਨੂੰ ਲੈ ਕੇ ਦਿੱਲੀ ਹਵਾਈ ਅੱਡੇ ਪਹੁੰਚਿਆ, ਜਿੱਥੇ ਦੋ ਵਿਅਕਤੀ ਉਸ ਨੂੰ ਆਪਣੇ ਨਾਲ ਲੈ ਗਏ। ਪਰ ਕੈਨੇਡਾ ਭੇਜਣ ਦੀ ਬਜਾਏ ਉਸ ਨੂੰ ਹਵਾਈ ਜਹਾਜ਼ ਰਾਹੀਂ ਕੋਲਕਾਤਾ ਲਿਜਾਇਆ ਗਿਆ, ਉੱਥੇ ਪਹਿਲਾਂ ਇੱਕ ਹੋਟਲ ਅਤੇ ਬਾਅਦ ਵਿਚ ਇੱਕ ਘਰ ਵਿੱਚ ਉਸ ਨੂੰ ਬੰਧਕ ਬਣਾਕੇ ਰੱਖਿਆ ਗਿਆ। ਦੋਸ਼ ਹੈ ਕਿ ਉਸ ਨੂੰ ਕੋਈ ਨਸ਼ੀਲੀ ਦਵਾਈ ਪਿਲਾ ਕੇ ਬੇਹੋਸ਼ ਕੀਤਾ ਗਿਆ ਅਤੇ ਡਰਾ-ਧਮਕਾ ਕੇ ਪਰਿਵਾਰ ਨਾਲ ਫੋਨ ’ਤੇ ਇਹ ਕਹਿਣ ਲਈ ਮਜਬੂਰ ਕੀਤਾ ਗਿਆ ਕਿ ਉਹ ਕੈਨੇਡਾ ਪਹੁੰਚ ਗਿਆ ਹੈ। ਇਸ ਦੌਰਾਨ ਅਮਨਦੀਪ ਸਿੰਘ ਨੇ ਪਰਿਵਾਰ ਨੂੰ ਫੋਨ ’ਤੇ ਕਿਹਾ ਕਿ ਉਹ ਅਤੇ ਉਸ ਦੀ ਪਤਨੀ ਕੈਨੇਡਾ ਹਵਾਈ ਅੱਡੇ ’ਤੇ ਹਨ ਅਤੇ ਪ੍ਰਭਜੋਤ ਇਮੀਗ੍ਰੇਸ਼ਨ ਦੀ ਕਾਰਵਾਈ ਕਰ ਰਿਹਾ ਹੈ। ਇਸ ’ਤੇ ਪਰਿਵਾਰ ਨੇ ਉਸ ਦੇ ਭੇਜੇ ਵਿਅਕਤੀਆਂ ਨੂੰ 20 ਲੱਖ ਰੁਪਏ ਹੋਰ ਦੇ ਦਿੱਤੇ। ਕਰੀਬ ਚਾਰ-ਪੰਜ ਦਿਨਾਂ ਬਾਅਦ ਪ੍ਰਭਜੋਤ ਸਿੰਘ ਘਰ ਵਾਪਸ ਆ ਗਿਆ। ਜਦੋਂ ਪਰਿਵਾਰ ਨੇ ਅਮਨਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਹ ਟਾਲ-ਮਟੋਲ ਕਰਦਾ ਰਿਹਾ ਅਤੇ ਪੈਸੇ ਵਾਪਸ ਕਰਨ ਦਾ ਭਰੋਸਾ ਦਿੰਦਾ ਰਿਹਾ। ਸ਼ਿਕਾਇਤ ਅਨੁਸਾਰ 13 ਅਕਤੂਬਰ 2010 ਨੂੰ ਜਗਰਾਉਂ ਤੋਂ ਆਏ ਇਕ ਅਣਪਛਾਤੇ ਵਿਅਕਤੀ ਨੇ ਨੈਸਲੇ ਡੇਅਰੀ ਦੇ ਗੇਟ ਨੇੜੇ 1 ਲੱਖ 9 ਹਜ਼ਾਰ ਰੁਪਏ ਵਾਪਸ ਕੀਤੇ ਅਤੇ ਕਿਹਾ ਕਿ ਇਹ ਰਕਮ ਅਮਨਦੀਪ ਸਿੰਘ ਨੇ ਭੇਜੀ ਹੈ। ਇਸ ਤੋਂ ਬਾਅਦ ਨਾ ਕੋਈ ਹੋਰ ਪੈਸਾ ਵਾਪਸ ਕੀਤਾ ਗਿਆ ਅਤੇ ਨਾ ਹੀ ਉਸ ਨੇ ਸੰਪਰਕ ਕੀਤਾ। ਜ਼ਿਲਾ ਪੁਲਸ ਮੁਖੀ ਦੇ ਹੁਕਮਾਂ ’ਤੇ ਮਾਮਲੇ ਦੀ ਜਾਂਚ ਕੀਤੀ ਗਈ। ਜਾਂਚ ਅਤੇ ਕਾਨੂੰਨੀ ਰਾਏ ਤੋਂ ਬਾਅਦ ਅਮਨਦੀਪ ਸਿੰਘ ਵਾਸੀ ਪਿੰਡ ਕਪੂਰੇ, ਹਾਲ ਵਾਸੀ ਕੈਨੇਡਾ, ਖ਼ਿਲਾਫ਼ ਧੋਖਾਧੜੀ, ਕਥਿਤ ਮਿਲੀਭੁਗਤ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।
ਖ਼ਬਰਾਂ
22 ਲੱਖ ਰੁਪਏ 'ਚ ਕਨੇਡਾ ਦੀ ਬਜਾਏ ਕਲਕੱਤਾ ਭੇਜਿਆ ,ਐਨ.ਆਰ.ਆਈ. ਦੋਸਤ ਨੇ ਮਾਰੀ ਠੱਗੀ
29 ਜੂਨ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



