ਆਸਟ੍ਰੀਆ,29 ਅਗਸਤ (ਕੁਲਤਾਰਨ ਸਿੰਘ ਪਧਿਆਣਾ )ਆਸਟ੍ਰੀਆ ਦੇ ਸਾਲਜ਼ਬਰਗ ਸ਼ਹਿਰ ਵਿੱਚ ਇੱਕ ਹੋਟਲ ਨੇ ਦੋ ਪੰਜਾਬੀ ਸਿੱਖ ਨੌਜਵਾਨਾਂ ਨੂੰ ਪੱਗ ਬੰਨ੍ਹੀ ਹੋਣ ਕਾਰਨ ਅੰਦਰ ਐਂਟਰੀ ਕਰਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਘਟਨਾ ਨੂੰ ਧਾਰਮਿਕ ਭੇਦਭਾਵ ਅਤੇ ਨਸਲੀ ਵਿਤਕਰਾ ਕਰਾਰ ਦਿੰਦੇ ਹੋਏ ਇਨ੍ਹਾਂ ਨੌਜਵਾਨਾਂ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਮੋਹਾਲੀ ਦੇ ਸਟਾਕ ਮਾਰਕੀਟ ਟ੍ਰੇਡਰ ਜਸਪ੍ਰੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ 27 ਅਗਸਤ ਨੂੰ ਔਨਲਾਈਨ ਹੋਟਲ ਬੁਕ ਕੀਤਾ ਸੀ। ਪਰ ਉੱਥੇ ਪਹੁੰਚਣ ’ਤੇ ਹੋਟਲ ਸਟਾਫ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਅਤੇ ਕਿਹਾ ਕਿ ਹੋਟਲ/ਰੈਸਟੋਰੈਂਟ ਦੇ ਡ੍ਰੈਸ ਕੋਡ ਅਨੁਸਾਰ ਪੱਗਾਂ (ਦਸਤਾਰ) ਜਾਂ ਕਿਸੇ ਵੀ ਢੰਗ ਦੇ ਹੈਡਵੇਅਰ (ਸਿਰ ’ਤੇ ਪਹਿਨਣ ਵਾਲੀ ਚੀਜ਼) ਦੀ ਇਜਾਜ਼ਤ ਨਹੀਂ ਹੈ।
ਜਸਪ੍ਰੀਤ ਸਿੰਘ ਨੇ ਕਿਹਾ ਕਿ, “ਮੈਂ ਯੂਰਪ ਸਮੇਤ ਕਈ ਦੇਸ਼ਾਂ ਵਿੱਚ ਯਾਤਰਾ ਕੀਤੀ ਹੈ, ਪਰ ਇਸ ਤਰ੍ਹਾਂ ਦਾ ਭੇਦਭਾਵ ਪਹਿਲੀ ਵਾਰ ਵੇਖਿਆ ਹੈ। ਇਹ ਧਾਰਮਿਕ ਵਿਤਕਰਾ ਅਤੇ ਨਸਲਵਾਦ ਹੈ।” ਉਨ੍ਹਾਂ ਅੱਗੇ ਕਿਹਾ ਕਿ ਬੁਕਿੰਗ ਰੱਦ ਕਰਕੇ ਰਿਫੰਡ ਦੀ ਮੰਗ ਕੀਤੀ ਗਈ, ਪਰ ਹੋਟਲ ਨੇ ਪੈਸੇ ਵਾਪਸ ਕਰਨ ਤੋਂ ਵੀ ਇਨਕਾਰ ਕਰ ਦਿੱਤਾ। “ਰਿਫੰਡ ਰੱਖ ਲਓ, ਪਰ ਇਹ ਸਿਸਟਮ ਪੂਰਾ ਨਸਲਵਾਦ ਹੈ,” ਉਨ੍ਹਾਂ ਆਪਣੇ ਵੀਡੀਓ ਵਿੱਚ ਕਿਹਾ।
ਹੋਟਲ ਪ੍ਰਬੰਧਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਵੈੱਬਸਾਈਟ ’ਤੇ ਡ੍ਰੈਸ ਕੋਡ ਵਿੱਚ ਸਾਫ਼ ਲਿਖਿਆ ਹੋਇਆ ਹੈ, ਜਿਸ ਅਨੁਸਾਰ ਰੈਸਟੋਰੈਂਟ ਅਤੇ ਬ੍ਰੇਕਫਾਸਟ ਵਾਲੀ ਥਾਂ ’ਤੇ ਕਿਸੇ ਵੀ ਕਿਸਮ ਦੇ ਹੈਡਵੇਅਰ (ਸਿਰ ’ਤੇ ਪਹਿਨਣ ਵਾਲੀ ਚੀਜ਼) ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਮੁਤਾਬਕ ਇਹ ਨਿਯਮ ਕਿਸੇ ਖਾਸ ਧਰਮ ਵਿਰੁੱਧ ਨਹੀਂ ਹੈ, ਸਗੋਂ ਹੋਟਲ ਦੇ ਮਾਹੌਲ ਨੂੰ ਬਰਕਰਾਰ ਰੱਖਣ ਲਈ ਬਣਾਇਆ ਗਿਆ ਹੈ। ਹੋਟਲ ਪ੍ਰਬੰਧਨ ਮੁਤਾਬਕ ਇਹ ਨਿਯਮ ਤਾਂ ਸਾਰਿਆਂ ਲਈ ਹੀ ਬਣਾਏ ਹੋਏ ਹਨ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਚਰਚਾ ਤੇਜ਼ ਹੋ ਗਈ ਹੈ। ਕਈ ਜਣਿਆਂ ਨੇ ਇਸ ਨੂੰ ਸਿੱਖਾਂ ਦੀ ਧਾਰਮਿਕ ਪਛਾਣ ’ਤੇ ਹਮਲਾ ਕਰਾਰ ਦਿੱਤਾ ਹੈ, ਜਦਕਿ ਕੁਝ ਜਣਿਆਂ ਨੇ ਹੋਟਲ ਦੇ ਡ੍ਰੈਸ ਕੋਡ ਬਾਰੇ ਵੀ ਸਵਾਲ ਉਠਾਏ ਹਨ ਕਿ ਇਸ ਢੰਗ ਦੇ ਡਰੈੱਸ ਕੋਡ ਨੂੰ ਅੱਜ ਦੇ ਸਮੇਂ ਬਣਾਉਣ ਦੀ ਆਖ਼ਿਰ ਕੀ ਲੋੜ ਬਣਦੀ ਸੀ !!




