ਨਿਊਯਾਰਕ,23 ਅਗਸਤ (ਸਿੰਘਜੀਤ )- ਸਾਹਿਤਕ ਮੰਚ ਨਿਊਯਾਰਕ ਵੱਲੋਂ ਐਤਵਾਰ, 16 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸ਼ਾਇਰੀ ਅਤੇ ਸੰਗੀਤਕ ਮਹਿਫ਼ਲ ਕਰਵਾਈ ਗਈ। ਇਸ ਮੌਕੇ ਸਾਹਿਤਕਾਰਾਂ ਅਤੇ ਕਲਾਕਾਰਾਂ ਨੇ ਸਮੂਹ ਭਾਰਤੀਆਂ ਨੂੰ 15 ਅਗਸਤ ਦੀਆਂ ਮੁਬਾਰਕਾਂ ਦਿੰਦਿਆਂ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਕੌਮੀ ਸ਼ਹੀਦਾਂ ਨੂੰ ਯਾਦ ਕੀਤਾ।
ਮਹਿਫ਼ਲ ਦੌਰਾਨ ਆਜ਼ਾਦੀ, ਦੇਸ਼-ਪ੍ਰੇਮ ਅਤੇ ਕੌਮੀ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਮਰਪਿਤ ਗ਼ਜ਼ਲਾਂ, ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਲੇਖਕਾਂ ਤੇ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਆਜ਼ਾਦੀ ਦੇ ਸੰਘਰਸ਼, ਪੰਜਾਬੀ ਸੱਭਿਆਚਾਰ, ਸਮਾਜਿਕ ਸਰੋਕਾਰਾਂ ਅਤੇ ਮਨੁੱਖੀ ਭਾਵਨਾਵਾਂ ਨੂੰ ਸਰਲ ਤੇ ਪ੍ਰਭਾਵਸ਼ਾਲੀ ਢੰਗ ਨਾਲ ਉਭਾਰਿਆ।
ਬੁਲਾਰਿਆਂ ਨੇ ਕਿਹਾ ਕਿ 15 ਅਗਸਤ ਕੇਵਲ ਇੱਕ ਤਾਰੀਖ਼ ਜਾਂ ਛੁੱਟੀ ਦਾ ਦਿਨ ਨਹੀਂ, ਸਗੋਂ ਆਜ਼ਾਦੀ ਘੁਲਾਟੀਆਂ ਦੇ ਸੰਘਰਸ਼ ਅਤੇ ਬੇਮਿਸਾਲ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਪਵਿੱਤਰ ਦਿਹਾੜਾ ਹੈ। ਇਹ ਦਿਨ ਨਵੀਂ ਪੀੜ੍ਹੀ ਨੂੰ ਆਜ਼ਾਦੀ ਦੀ ਕੀਮਤ ਸਮਝਣ, ਦੇਸ਼ ਦੀ ਏਕਤਾ ਮਜ਼ਬੂਤ ਕਰਨ ਅਤੇ ਚੰਗੇ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਣ ਦਾ ਸੁਨੇਹਾ ਦਿੰਦਾ ਹੈ।
ਉੱਘੇ ਲੋਕ ਗਾਇਕ ਮੇਸ਼ੀ ਬੰਗੜ ਨੇ ਸੁਰੀਲੇ ਗੀਤ ਪੇਸ਼ ਕਰਕੇ ਮਹਿਫ਼ਲ ਵਿੱਚ ਆਪਣੀ ਹਾਜ਼ਰੀ ਭਰੀ। ਉਨ੍ਹਾਂ ਦੀ ਗਾਇਕੀ ਨੇ ਸਮਾਗਮ ਦੇ ਸਾਹਿਤਕ ਅਤੇ ਸੰਗੀਤਕ ਰੰਗ ਨੂੰ ਹੋਰ ਗੂੜ੍ਹਾ ਕਰ ਦਿੱਤਾ।
ਇਸ ਸਾਹਿਤਕ ਮਿਲਣੀ ਵਿੱਚ ਰਾਮ ਦਾਸ ਸੇਠੀ, ਬਲਵੀਰ ਡੁਮੇਲੀ, ਰਾਜਿੰਦਰ ਜਿੰਦ ਗਰੇਵਾਲ, ਉਂਕਾਰ ਡੁਮੇਲੀ, ਤਰਲੋਚਨ ਸੱਚਰ, ਅਮਰੀਕ ਗ਼ਾਫ਼ਿਲ, ਅਨੂ ਸੇਠੀ, ਰੀਟਾ ਕੋਹਲੀ, ਜੱਸੀ ਢਿੱਲੋਂ, ਰਾਣੀ ਨਗਿੰਦਰ, ਉੱਘੇ ਲੋਕ ਗਾਇਕ ਮੇਸ਼ੀ ਬੰਗੜ ਅਤੇ ਲਾਲ ਡੁਮੇਲੀ ਸਮੇਤ ਕਈ ਹੋਰ ਸ਼ਾਇਰਾਂ, ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਨੇ ਹਾਜ਼ਰੀ ਲਗਵਾਈ। ਦੇਸ਼-ਪ੍ਰੇਮ, ਸ਼ਾਇਰੀ ਅਤੇ ਪੰਜਾਬੀ ਸੰਗੀਤ ਦੇ ਰੰਗਾਂ ਨਾਲ ਸਜੀ ਇਹ ਮਹਿਫ਼ਲ ਯਾਦਗਾਰੀ ਹੋ ਨਿੱਬੜੀ।