ਮੋਗਾ, 3 ਜੁਲਾਈ (ਜਸ਼ਨ ) ਆਰੀਆ ਸਮਾਜ ਸਭਾ ਦੇ ਨਵੇਂ ਪ੍ਰਧਾਨ ਵਜੋਂ ਪ੍ਰਵੀਨ ਸਿੰਗਲਾ ਦੀ ਨਿਯੁਕਤੀ ਉਪਰੰਤ ਉਨ੍ਹਾਂ ਦੇ ਸਨਮਾਨ ਵਿਚ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਦੀ ਭੈਣ ਅਤੇ ਵਿਧਾਨ ਸਭਾ ਹਲਕਾ ਮੋਗਾ ਤੋਂ ਕਾਂਗਰਸ ਦੀ ਇੰਚਾਰਜ ਮਾਲਵਿਕਾ ਸੂਦ ਨੇ ਪ੍ਰਵੀਨ ਸਿੰਗਲਾ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸਫਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਸਮਾਗਮ ਦੌਰਾਨ ਆਪਣੇ ਸੰਬੋਧਨ ਵਿਚ ਮਾਲਵਿਕਾ ਸੂਦ ਨੇ ਆਰੀਆ ਸਮਾਜ ਸਭਾ ਵੱਲੋਂ ਸਮਾਜ ਦੀ ਭਲਾਈ ਲਈ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ 'ਇੰਟਰਨੈਸ਼ਨਲ ਪੰਜਾਬੀ ਨਿਊਜ਼' ਦੇ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਰੀਆ ਸਮਾਜ ਹਮੇਸ਼ਾ ਹੀ ਮਨੁੱਖਤਾ ਦੀ ਸੇਵਾ, ਸਿੱਖਿਆ ਦੇ ਪ੍ਰਸਾਰ, ਸਮਾਜਿਕ ਸੁਧਾਰ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਅਹਿਮ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਪ੍ਰਵੀਨ ਸਿੰਗਲਾ ਦੀ ਅਗਵਾਈ ਹੇਠ ਆਰੀਆ ਸਮਾਜ ਸਭਾ ਹੋਰ ਵੱਧ ਉਤਸ਼ਾਹ ਅਤੇ ਸਮਰਪਣ ਨਾਲ ਲੋਕ ਭਲਾਈ ਦੇ ਕੰਮ ਕਰੇਗੀ ਅਤੇ ਸਮਾਜ ਵਿਚ ਆਪਣੀ ਵੱਖਰੀ ਪਛਾਣ ਨੂੰ ਹੋਰ ਮਜ਼ਬੂਤ ਬਣਾਏਗੀ। ਮਾਲਵਿਕਾ ਸੂਦ ਨੇ ਕਿਹਾ ਕਿ ਸਮਾਜ ਸੇਵਾ ਕਿਸੇ ਇੱਕ ਵਿਅਕਤੀ ਦਾ ਨਹੀਂ, ਸਗੋਂ ਸਾਂਝੇ ਯਤਨਾਂ ਦਾ ਕਾਰਜ ਹੁੰਦਾ ਹੈ। ਉਨ੍ਹਾਂ ਪ੍ਰਵੀਨ ਸਿੰਗਲਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਮਾਜ ਸੇਵਾ ਦੇ ਹਰ ਕਾਰਜ ਵਿਚ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਜਦੋਂ ਵੀ ਆਰੀਆ ਸਮਾਜ ਸਭਾ ਵੱਲੋਂ ਕਿਸੇ ਸਮਾਜ ਸੇਵੀ ਕਾਰਜ ਲਈ ਸਹਿਯੋਗ ਦੀ ਲੋੜ ਹੋਵੇਗੀ, ਉਹ ਹਰ ਸੰਭਵ ਮਦਦ ਲਈ ਹਮੇਸ਼ਾ ਤਿਆਰ ਰਹਿਣਗੇ। ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਪ੍ਰਵੀਨ ਸਿੰਗਲਾ ਨੇ ਮਾਲਵਿਕਾ ਸੂਦ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਨਾਲ ਹੀ ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਵੱਲੋਂ ਕੋਰੋਨਾ ਮਹਾਮਾਰੀ ਤੋਂ ਲੈ ਕੇ ਅੱਜ ਤੱਕ ਲੋੜਵੰਦ, ਗਰੀਬ ਅਤੇ ਬੇਸਹਾਰਾ ਲੋਕਾਂ ਲਈ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੋਨੂੰ ਸੂਦ ਅਤੇ ਮਾਲਵਿਕਾ ਸੂਦ ਦੀ ਨਿਸ਼ਕਾਮ ਸੇਵਾ ਅਤੇ ਮਨੁੱਖਤਾ ਪ੍ਰਤੀ ਸਮਰਪਣ ਤੋਂ ਪ੍ਰਭਾਵਿਤ ਹੋ ਕੇ ਹੀ ਉਹ ਸਮਾਜ ਸੇਵਾ ਦੇ ਖੇਤਰ ਵਿਚ ਹੋਰ ਸਰਗਰਮ ਹੋਏ ਹਨ ਅਤੇ ਆਰੀਆ ਸਮਾਜ ਸਭਾ ਰਾਹੀਂ ਲੋਕ ਭਲਾਈ ਦੇ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਲਈ ਵਚਨਬੱਧ ਹਨ।
ਇਸ ਮੌਕੇ ਨਰਿੰਦਰ ਸੂਦ, ਮੋਹਿਤ ਸੂਦ, ਦਿਨੇਸ਼ ਸੂਦ, ਬਲਦੇਵ ਬਾਂਸਲ, ਜਤਿੰਦਰ ਗੋਇਲ, ਵਿਜੇ ਮਦਾਨ, ਬੋਧਰਾਜ ਮਜੀਠੀਆ, ਦੀਪਕ ਤਾਇਲ, ਡਾ. ਅਰੁਣ ਗੁਪਤਾ, ਜਗਦੀਸ਼ ਸਿੰਗਲਾ, ਸੁਰਿੰਦਰ ਅਗਰਵਾਲ, ਵਿੱਕੀ ਸਿੰਗਲਾ, ਵਾਸੂ ਸਿੰਗਲਾ ਸਮੇਤ ਆਰੀਆ ਸਮਾਜ ਸਭਾ ਦੇ ਮੈਂਬਰ, ਸਮਾਜ ਸੇਵੀ ਅਤੇ ਹੋਰ ਅਨੇਕਾਂ ਪਤਵੰਤੇ ਸੱਜਣ ਹਾਜ਼ਰ ਸਨ। ਸਮਾਗਮ ਦੌਰਾਨ ਨਵੇਂ ਪ੍ਰਧਾਨ ਨੂੰ ਵਧਾਈ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ ਅਤੇ ਸਾਰਿਆਂ ਨੇ ਉਨ੍ਹਾਂ ਦੇ ਸਫਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।