ਫਿਰੋਜ਼ਪੁਰ, 7 ਅਕਤੂਬਰ (ਤੀਰਥ ਸਨੇਰ): ਪੰਜਾਬ ਵਿੱਚ ਸਰਹੱਦ ਪਾਰ ਤੋਂ ਹੋ ਰਹੀ ਨਸ਼ਾ ਤਸਕਰੀ ਵਿਰੁੱਧ ਸੁਰੱਖਿਆ ਬਲਾਂ ਨੂੰ ਇੱਕ ਹੋਰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਫਿਰੋਜ਼ਪੁਰ ਦੇ ਥਾਣਾ ਸਦਰ ਅਧੀਨ ਆਉਂਦੇ ਪਿੰਡ ਪਧਰੀ ਦੇ ਖੇਤਾਂ ਵਿੱਚੋਂ ਬੋਡਰ ਸਕਿਊਰਿਟੀ ਫੋਰਸ (ਬੀਐੱਸਐੱਫ) ਦੀ 99ਵੀਂ ਬਟਾਲੀਅਨ ਅਤੇ ਫਿਰੋਜ਼ਪੁਰ ਸਥਾਨਕ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਚਲਾਏ ਗਏ ਆਪ੍ਰੇਸ਼ਨ ਦੌਰਾਨ 20 ਕਿੱਲੋ ਤੋਂ ਵੱਧ ਨਸ਼ੀਲਾ ਪਦਾਰਥ (ਹੈਰੋਇਨ) ਬਰਾਮਦ ਕੀਤਾ ਗਿਆ ਹੈ। ਜ਼ਬਤ ਕੀਤੀ ਗਈ ਇਸ ਹੈਰੋਇਨ ਦੀ ਅੰਤਰਰਾਸ਼ਟਰੀ ਮੰਡੀ ਵਿੱਚ ਕੀਮਤ 100 ਕਰੋੜ ਰੁਪਏ ਤੋਂ ਵੀ ਅਧਿਕ ਦੱਸੀ ਜਾ ਰਹੀ ਹੈ। "ਇੰਟਰਨੈਸ਼ਨਲ ਪੰਜਾਬੀ ਨਿਊਜ਼" ਨੂੰ ਮਿਲੀ ਜਾਣਕਾਰੀ ਅਨੁਸਾਰ ਸੁਰੱਖਿਆ ਏਜੰਸੀਆਂ ਨੂੰ ਖੁਫ਼ੀਆ ਤੌਰ ’ਤੇ ਪੁਖ਼ਤਾ ਸੂਚਨਾ ਮਿਲੀ ਸੀ ਕਿ ਪਾਕਿਸਤਾਨੀ ਤਸਕਰਾਂ ਵੱਲੋਂ ਡਰੋਨ ਦੀ ਵਰਤੋਂ ਕਰਕੇ ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਹੈਰੋਇਨ ਦੀ ਇੱਕ ਵੱਡੀ ਧੀਖ ਸੁੱਟੀ ਗਈ ਹੈ। ਇਹ ਖੇਪ ਭਾਰਤੀ ਤਸਕਰਾਂ ਵੱਲੋਂ ਪ੍ਰਾਪਤ ਕੀਤੀ ਜਾਣੀ ਸੀ, ਜਿਸ ਨੂੰ ਬਾਅਦ ਵਿੱਚ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸਪਲਾਈ ਕਰਨ ਦੀ ਯੋਜਨਾ ਸੀ। ਇਸ ਖ਼ਬਰ ਦੇ ਮਿਲਦਿਆਂ ਹੀ ਬੀਐੱਸਐੱਫ ਅਤੇ ਪੁਲਿਸ ਟੀਮਾਂ ਨੇ ਬਿਨਾਂ ਸਮਾਂ ਗੁਆਏ ਪਿੰਡ ਪਧਰੀ ਦੇ ਇਲਾਕੇ ਦੀ ਘੇਰਾਬੰਦੀ ਕੀਤੀ ਅਤੇ ਖੇਤਾਂ ਵਿੱਚ ਵਿਸ਼ੇਸ਼ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ। ਸਰਚ ਆਪ੍ਰੇਸ਼ਨ ਦੌਰਾਨ ਜਵਾਨਾਂ ਨੂੰ ਖੇਤਾਂ ਵਿੱਚ ਛੁਪਾ ਕੇ ਰੱਖੀ ਗਈ ਹੈਰੋਇਨ ਦੀ ਵੱਡੀ ਖੇਪ ਮਿਲੀ, ਜਿਸ ਨੂੰ ਤੁਰੰਤ ਕਾਨੂੰਨੀ ਪ੍ਰਕਿਰਿਆ ਤਹਿਤ ਕਬਜ਼ੇ ਵਿੱਚ ਲੈ ਲਿਆ ਗਿਆ। ਪੁਲਿਸ ਸੂਤਰਾਂ ਅਨੁਸਾਰ, ਜਦੋਂ ਸੁਰੱਖਿਆ ਬਲ ਮੌਕੇ ’ਤੇ ਪਹੁੰਚੇ ਤਾਂ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਤਸਕਰ ਨਸ਼ੇ ਦੀ ਇਸ ਖੇਪ ਨੂੰ ਚੁੱਕਣ ਲਈ ਉੱਥੇ ਮੌਜੂਦ ਸਨ। ਪਰ ਪੁਲਿਸ ਅਤੇ ਬੀਐੱਸਐੱਫ ਦੀਆਂ ਗੱਡੀਆਂ ਨੂੰ ਆਉਂਦਾ ਦੇਖ ਕੇ ਉਹ ਆਪਣੇ ਮੋਟਰਸਾਈਕਲ ’ਤੇ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ।ਫਿਰੋਜ਼ਪੁਰ ਪੁਲਿਸ ਨੇ ਭੱਜੇ ਹੋਏ ਤਸਕਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਪੂਰੇ ਇਲਾਕੇ ਵਿੱਚ ਵੱਡੇ ਪੱਧਰ 'ਤੇ ਨਾਕੇਬੰਦੀ ਕਰ ਦਿੱਤੀ ਹੈ ਅਤੇ ਸੰਭਾਵਿਤ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇਸ ਗਿਰੋਹ ਦੇ ਤਾਰ ਜਲਦ ਹੀ ਲੱਭ ਲਏ ਜਾਣਗੇ ਅਤੇ ਪਾਕਿਸਤਾਨ ਤੋਂ ਨਸ਼ਾ ਮੰਗਵਾਉਣ ਵਾਲੇ ਸਥਾਨਕ ਤਸਕਰਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ। ਫਿਲਹਾਲ ਪੁਲਿਸ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਇਹ ਖੇਪ ਕਿਸ ਮੁੱਖ ਤਸਕਰ ਦੇ ਇਸ਼ਾਰੇ 'ਤੇ ਆਈ ਸੀ ਅਤੇ ਇਸ ਦੀ ਡਿਲੀਵਰੀ ਅੱਗੇ ਕਿਨ੍ਹਾਂ ਲੋਕਾਂ ਤੱਕ ਪਹੁੰਚਾਈ ਜਾਣੀ ਸੀ।
ਖ਼ਬਰਾਂ
100 ਕਰੋੜ ਤੋਂ ਵੱਧ ਦੀ ਤਕਰੀਬਨ 20 ਕਿੱਲੋ ਹੈਰੋਇਨ ਜ਼ਬਤ, ਨਸ਼ਾ ਤਸਕਰੀ ਦੀ ਸਾਜ਼ਿਸ਼ ਨਾਕਾਮ,ਪਾਕਿਸਤਾਨੀ ਡਰੋਨ ਰਾਹੀਂ ਭੇਜੀ ਗਈ ਖੇਪ ਚੁੱਕਣ ਆਏ ਦੋ ਮੋਟਰਸਾਈਕਲ ਸਵਾਰ ਤਸਕਰ ਮੌਕੇ ਤੋਂ ਹੋਏ ਫਰਾਰ
* ਫਿਰੋਜ਼ਪੁਰ ਸਰਹੱਦ ਨੇੜੇ ਬੀਐੱਸਐੱਫ ਅਤੇ ਪੁਲਿਸ ਦਾ ਵੱਡਾ ਜੁਆਇੰਟ ਆਪ੍ਰੇਸ਼ਨ
8 ਅਕਤੂਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



