ਧਰਮਕੋਟ, 4 ਅਕਤੂਬਰ (ਜਸ਼ਨ ) ਹਲਕਾ ਧਰਮਕੋਟ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਗਰਮ ਆਗੂ ਬੀਬੀ ਰਾਜ ਕੌਰ ਕਿਸ਼ਨਪੁਰਾ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਲੰਧਰ ਦੀ ਧਰਤੀ ’ਤੇ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਨਸ਼ਾ ਮੁਕਤੀ ਯਾਤਰਾ ਨੂੰ ਲੈ ਕੇ ਜੋ ਵਿਸ਼ਾਲ ਰੈਲੀ ਹੋਈ ਹੈ, ਉਸ ਨੇ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ । ਉਹਨਾਂ ਕਿਹਾ ਕਿ ਇਹ ਰੈਲੀ ਸਿਰਫ ਇੱਕ ਰਾਜਨੀਤਿਕ ਇਕੱਠ ਨਹੀਂ ਸੀ, ਸਗੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਇੱਕ ਵੱਡਾ ਸੰਕਲਪ ਸੀ । ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ, ਬਜ਼ੁਰਗ, ਮਾਵਾਂ-ਭੈਣਾਂ ਅਤੇ ਕਿਸਾਨ ਇਸ ਰੈਲੀ ਵਿੱਚ ਸ਼ਾਮਲ ਹੋਏ, ਉਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਹੁਣ ਨਸ਼ੇ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਲਈ ਤਿਆਰ ਹਨ ਅਤੇ ਉਹ ਭਾਜਪਾ ਦੀ ਸੋਚ ਦੇ ਨਾਲ ਖੜ੍ਹੇ ਹਨ । ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਦਿੱਤੇ ਗਏ ਸੰਦੇਸ਼ ਨੂੰ ਲੋਕਾਂ ਨੇ ਹੱਥੋ-ਹੱਥ ਲਿਆ ਹੈ । ਇਹ ਰੈਲੀ ਇਸ ਗੱਲ ਦਾ ਪ੍ਰਤੀਕ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਭਵਿੱਖ ਨੂੰ ਲੈ ਕੇ ਕਿੰਨੀ ਗੰਭੀਰ ਹੈ । ਬੀਬੀ ਰਾਜ ਕੌਰ ਕਿਸ਼ਨਪੁਰਾ ਨੇ ਵਿਸ਼ੇਸ਼ ਤੌਰ ’ਤੇ ਹਲਕਾ ਧਰਮਕੋਟ ਦੇ ਸਮੂਹ ਵੋਟਰਾਂ, ਸਪੋਰਟਰਾਂ, ਵਰਕਰਾਂ ਅਤੇ ਆਗੂ ਸਹਿਬਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਜਲੰਧਰ ਰੈਲੀ ਵਿੱਚ ਪਹੁੰਚ ਕੇ ਇਸ ਨੂੰ ਸਫਲ ਬਣਾਇਆ । ਉਨ੍ਹਾਂ ਕਿਹਾ ਕਿ ਹਲਕੇ ਦੇ ਵਰਕਰਾਂ ਵਿੱਚ ਜੋ ਜੋਸ਼ ਅਤੇ ਜਜ਼ਬਾ ਦੇਖਣ ਨੂੰ ਮਿਲਿਆ, ਉਹ ਸ਼ਲਾਘਾਯੋਗ ਹੈ । ਉਨ੍ਹਾਂ ਅੱਗੇ ਕਿਹਾ ਕਿ ਇਸ ਰੈਲੀ ਦੀ ਸਫਲਤਾ ਨੇ ਇਹ ਤੈਅ ਕਰ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨੀ ਨਿਸ਼ਚਿਤ ਹੈ । ਲੋਕਾਂ ਨੇ ਮਨ ਬਣਾ ਲਿਆ ਹੈ ਕਿ ਪੰਜਾਬ ਨੂੰ ਬਚਾਉਣ ਲਈ ਭਾਜਪਾ ਹੀ ਇੱਕੋ-ਇੱਕ ਵਿਕਲਪ ਹੈ । ਉਹਨਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿੱਚ ਡਬਲ ਇੰਜਣ ਦੀ ਸਰਕਾਰ ਹੋਵੇਗੀ ਅਤੇ ਪੰਜਾਬ ਫਿਰ ਤੋਂ ਰੰਗਲਾ ਪੰਜਾਬ ਬਣੇਗਾ ।





