ਮੋਗਾ,18 ਜੂਨ (ਗੁਰਜੰਟ ਸਿੰਘ ) : ਸਵੇਰਾ ਹਸਪਤਾਲ ਮੋਗਾ ਦੀ ਫਾਉਂਡਰ ਡਾਇਰੈਕਟਰ ਸ੍ਰੀਮਤੀ ਸੱਤਿਆ ਗੁਪਤਾ 15 ਜੂਨ ਨੂੰ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ਼ ਗਏ ਸਨ। ਅੱਖਾਂ ਦੇ ਮਾਹਰ ਡਾਕਟਰ ਰਾਜੀਵ ਗੁਪਤਾ, ਨਵਦੀਪ ਗੁਪਤਾ, ਵਿਪਨ ਗੁਪਤਾ ਅਤੇ ਪੰਕਜ ਗੁਪਤਾ ਚਾਰ ਭਰਾਵਾਂ ਅਤੇ ਧੀ ਅਚਲਾ ਦੀ ਮਾਂ ਸੱਤਿਆ ਗੁਪਤਾ ਦੇ ਸੰਸਕਾਰਾਂ ਦੀ ਬਦੌਲਤ ਅੱਜ ਵੀ ਸਾਰੇ ਭਰਾ ਇਕ ਘਰ, ਇਕੋ ਪਰਿਵਾਰ ਦੇ ਰੂਪ ਵਿਚ ਜੀਵਨ ਬਸਰ ਕਰ ਰਹੇ ਨੇ। ਦੇਸ਼ ਅਜ਼ਾਦ ਹੋਣ ਵੇਲੇ ਸੱਤਿਆ ਗੁਪਤਾ ਸਿਰਫ ਚਾਰ ਸਾਲ ਦੀ ਸੀ। ਜਗਰਾਓਂ ਵਿਖੇ ਆਪਣੇ ਮਾਪਿਆਂ ਮਾਲਵੀ ਦੇਵੀ ਅਤੇ ਸ੍ਰੀ ਅਮਰਨਾਥ ਦੇ ਪਾਲਣ ਪੋਸ਼ਣ ’ਤੇ ਫਿਰ ਜਗਦੀਸ਼ ਕੁਮਾਰ ਵਰਗੇ ਹਮਸਫ਼ਰ ਨਾਲ ਮਿਹਨਤ ਕਰਦਿਆਂ , ਨਾ ਸਿਰਫ਼ ਆਪਣੇ ਪੁੱਤਰਾਂ ਨੂੰ ਸਫਲ ਬਿਜਨੈਸਮੈਨ ਬਣਾਇਆ ਬਲਕਿ ਅੱਖਾਂ ਦੇ ਇਲਾਜ ਲਈ ਵਿਸ਼ਵ ਪ੍ਰਸਿੱਧ ਡਾ. ਰਾਜੀਵ ਗੁਪਤਾ ਵਰਗਾ ਨੇਕ ਅਤੇ ਧਰਤੀ ਨਾਲ ਜੁੜਿਆ ਡਾਕਟਰ ਵੀ ਸਿਰਜਿਆ ’ਤੇ ਫਿਰ ਪੋਤੇ ਪੋਤਰੀਆਂ ਅਤੇ ਦੋਹਤੀਆਂ ਨੂੰ ਵੀ ਡਾਕਟਰ ਬਣਾਇਆ। ਇਸ ਤਰ੍ਹਾਂ ਆਪਣੇ ਸੁੱਖ ਅਰਾਮ ਤਿਆਗ ਕੇ ਸਮਾਜ ਸੇਵਾ ਲਈ ਆਪਣੀ ਹਸਰਤ ਪੂਰੀ ਕੀਤੀ।
ਕੌਰਨੀਆਂ ਟਰਾਂਸਪਲਾਂਟ ਮਸ਼ੀਨਾਂ ਦਾ ਉਦਘਾਟਨ ਕਰਨ “ਸਵੇਰਾ ਹਸਪਤਾਲ “ ਆਏ ਸੰਤ ਸੀਚੇਵਾਲ ਨੂੰ ਇਸ ਮਾਂ ਦੀ ਮਹਾਨਤਾ ਨਜ਼ਰੀ ਪਈ ਅਤੇ ਉਨ੍ਹਾਂ ਮਾਤਾ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ।
ਦੋ ਪੜ੍ਹਦੋਤੇ ਅਤੇ ਇਕ ਪੜਦੋਤੀ ਵਾਲੇ ਭਰੇ ਪੂਰੇ ਪਰਿਵਾਰ ਨੂੰ ਛੱਡ ਕੇ ਜਾਣ ਵਾਲੀ ਇਸ ਮਹਾਨ ਰੱਬੀ ਰੂਹ ਨਮਿੱਤ ਪਾਠ ਦਾ ਭੋਗ ਅਤੇ ਅਰਦਾਸ 18 ਜੂਨ ਦਿਨ ਵੀਰਵਾਰ ਦੁਪਹਿਰ 12 ਤੋਂ 1 ਵਜੇ ਤੱਕ ਮੈਜਿਸਟਿਕ ਰਿਜੋਰਟ ਮੋਗਾ ਵਿਖੇ ਹੋਵੇਗੀ ਜਿੱਥੇ ਪਤਵੰਤੇ ਅਤੇ ਆਮ ਲੋਕ ਇਸ ਮਹਾਨ ਮਾਤਾ ਨੂੰ ਸ਼ਰਧਾਂਜਲੀਆਂ ਭੇਂਟ ਕਰਨਗੇ ।