ਆਸਟ੍ਰੇਲੀਆਈ NRI ਸੁਨੀਲ ਸ਼ਰਮਾ ਕਤਲ ਕਾਂਡ ਦਾ ਪਰਦਾਫਾਸ਼, ਸਗੇ ਭਰਾ ਨੇ ਹੀ ਰਚੀ ਸਾਜ਼ਿਸ਼
ਪੁੱਤਰ ਤੇ ਪ੍ਰਾਪਰਟੀ ਡੀਲਰ ਵੀ ਸ਼ਾਮਲ
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 3 ਮੁਲਜ਼ਮ ਕਾਬੂ ਕੀਤੇ, 2 ਹੋਰ ਦੀ ਭਾਲ ਜਾਰੀ
ਅੰਮ੍ਰਿਤਸਰ ਸਾਹਿਬ,6 ਜੂਨ (ਜਸ਼ਨ ) ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਆਸਟ੍ਰੇਲੀਆਈ NRI ਸੁਨੀਲ ਸ਼ਰਮਾ ਦੇ ਗੁੰਮਸ਼ੁਦਗੀ ਮਾਮਲੇ ਨੂੰ ਸੁਲਝਾਉਂਦੇ ਹੋਏ ਇੱਕ ਸਨਸਨੀਖੇਜ਼ ਕਤਲ ਕਾਂਡ ਦਾ ਪਰਦਾਫਾਸ਼ ਕੀਤਾ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਸੁਨੀਲ ਸ਼ਰਮਾ ਦਾ ਕਤਲ ਉਸਦੇ ਆਪਣੇ ਸਗੇ ਭਰਾ ਸਤੀਸ਼ ਸ਼ਰਮਾ ਨੇ ਜਾਇਦਾਦ ਹੜੱਪਣ ਦੀ ਨੀਅਤ ਨਾਲ ਆਪਣੇ ਸਾਥੀਆਂ ਨਾਲ ਮਿਲ ਕੇ ਕੀਤਾ ਸੀ। ਐਸਐਸਪੀ ਅੰਮ੍ਰਿਤਸਰ ਦਿਹਾਤੀ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ 23 ਮਈ ਨੂੰ ਸੁਨੀਲ ਸ਼ਰਮਾ ਦੀ ਗੁੰਮਸ਼ੁਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ। CIA, ਟੈਕਨੀਕਲ ਸੈੱਲ ਅਤੇ ਸਥਾਨਕ ਪੁਲਿਸ ਦੀਆਂ ਟੀਮਾਂ ਨੇ ਸੀਸੀਟੀਵੀ ਫੁਟੇਜ, ਮੋਬਾਈਲ ਡਾਟਾ ਅਤੇ ਹੋਰ ਸਬੂਤਾਂ ਦੇ ਆਧਾਰ 'ਤੇ ਜਾਂਚ ਅੱਗੇ ਵਧਾਈ। ਜਾਂਚ ਦੌਰਾਨ ਪਤਾ ਲੱਗਾ ਕਿ ਮੁੱਖ ਦੋਸ਼ੀ ਸਤੀਸ਼ ਸ਼ਰਮਾ ਨੇ ਆਪਣੇ ਪੁੱਤਰ ਸੁਨੀ ਸ਼ਰਮਾ ਅਤੇ ਪ੍ਰਾਪਰਟੀ ਡੀਲਰ ਲਖਵਿੰਦਰ ਸਿੰਘ ਨਾਲ ਮਿਲ ਕੇ ਸੁਨੀਲ ਸ਼ਰਮਾ ਨੂੰ ਪ੍ਰਾਪਰਟੀ ਡੀਲ ਦੇ ਬਹਾਨੇ ਬੁਲਾਇਆ। ਦੋਸ਼ੀਆਂ ਨੇ ਪਹਿਲਾਂ ਉਸ ਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਅਤੇ ਬਾਅਦ ਵਿੱਚ ਸਿਰ 'ਤੇ ਭਾਰੀ ਵਾਰ ਕਰਕੇ ਉਸਦੀ ਹੱਤਿਆ ਕਰ ਦਿੱਤੀ। ਕਤਲ ਤੋਂ ਬਾਅਦ ਸਬੂਤ ਮਿਟਾਉਣ ਲਈ ਖੂਨ ਨਾਲ ਲਿਬੜੇ ਬੈੱਡ ਅਤੇ ਹੋਰ ਸਮਾਨ ਨੂੰ ਠਿਕਾਣੇ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਮੁਤਾਬਕ ਸੁਨੀਲ ਸ਼ਰਮਾ ਆਸਟ੍ਰੇਲੀਆ ਦਾ ਨਾਗਰਿਕ ਸੀ ਅਤੇ ਪੰਜਾਬ ਵਿੱਚ ਉਸਦੀ ਕਰੋੜਾਂ ਰੁਪਏ ਦੀ ਜਾਇਦਾਦ ਸੀ। ਦੋਸ਼ੀਆਂ ਨੇ ਜਾਲੀ ਪਾਵਰ ਆਫ ਅਟਾਰਨੀ ਤਿਆਰ ਕਰਕੇ ਉਸ ਦੀਆਂ ਅਤੇ ਉਸ ਦੀ ਭੈਣ ਦੀਆਂ ਜਾਇਦਾਦਾਂ ਨੂੰ ਵੇਚਣ ਦੀ ਸਾਜ਼ਿਸ਼ ਰਚੀ ਹੋਈ ਸੀ। ਮੁੱਢਲੀ ਜਾਂਚ ਵਿੱਚ ਲਗਭਗ 5 ਤੋਂ 6 ਕਰੋੜ ਰੁਪਏ ਦੀ ਧੋਖਾਧੜੀ ਸਾਹਮਣੇ ਆਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਸਤੀਸ਼ ਸ਼ਰਮਾ, ਉਸਦੇ ਪੁੱਤਰ ਸੁਨੀ ਸ਼ਰਮਾ ਅਤੇ ਪ੍ਰਾਪਰਟੀ ਡੀਲਰ ਲਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਦੋ ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ। ਮ੍ਰਿਤਕ ਦੀ ਲਾਸ਼ ਹਰੀਕੇ ਇਲਾਕੇ ਵਿੱਚ ਸੁੱਟੇ ਜਾਣ ਦੀ ਸੰਭਾਵਨਾ ਹੈ, ਜਿਸ ਦੀ ਤਲਾਸ਼ ਲਈ ਵੱਖ-ਵੱਖ ਟੀਮਾਂ ਲਗਾਈਆਂ ਗਈਆਂ ਹਨ। ਐਸਐਸਪੀ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਲੀ ਦਸਤਾਵੇਜ਼ ਤਿਆਰ ਕਰਨ ਤੇ ਪ੍ਰਾਪਰਟੀ ਧੋਖਾਧੜੀ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਭੂਮਿਕਾ ਵੀ ਖੰਗਾਲੀ ਜਾ ਰਹੀ ਹੈ।




