ਤਰਨਤਾਰਨ (ਅਮਿਤ ਮਰਵਾਹਾ)
ਕੁੜੀ ਨੂੰ ਭਜਾ ਕੇ ਵਿਆਹ ਕਰਵਾਉਣ ਤੋਂ ਖ਼ਫ਼ਾ ਉਸਦੇ ਦੋ ਭਰਾਵਾਂ ਨੇ ਐਤਵਾਰ ਨੂੰ ਤਰਨਤਾਰਨ ਬੱਸ ਅੱਡੇ ’ਤੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਰੀਬ 40 ਸਕਿੰਟਾਂ ’ਚ ਨੌਜਵਾਨ ’ਤੇ ਕਿਰਚਾਂ ਨਾਲ ਨਾਲ 83 ਵਾਰ ਕੀਤੇ ਗਏ। ਉਸ ਦੀਆਂ ਅੱਖਾਂ ਤੱਕ ’ਤੇ ਵਾਰ ਕੀਤੇ ਗਏ। ਇਹ ਸਭ ਕੁਝ ਏਨੀ ਤੇਜ਼ੀ ਨਾਲ ਵਾਪਰਿਆ ਕਿ ਮੌਕੇ ’ਤੇ ਮੌਜੂਦ ਕੋਈ ਵੀ ਨੌਜਵਾਨ ਨੂੰ ਬਚਾ ਨਹੀਂ ਸਕਿਆ।ਡੀਐੱਸਪੀ ਹੈੱਡ ਕੁਆਰਟਰ ਜਸਪਾਲ ਸਿੰਘ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੋਵਾਂ ਭਰਾਵਾਂ ਜਸਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ ਤੇ ਜਸਪ੍ਰੀਤ ਸਿੰਘ ਨੂੰ ਹਿਰਾਸਤ ’ਚ ਵੀ ਲੈ ਲਿਆ ਗਿਆ ਹੈ।
ਇਸ ਹੌਲਨਾਕ ਵਾਰਦਾਤ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਦੋਵੇਂ ਨੌਜਵਾਨ ਕਿਰਚਾਂ ਨਾਲ ਉਸ ’ਤੇ ਲਗਾਤਾਰ ਹਮਲਾ ਕਰਦੇ ਦਿਖਾਈ ਦੇ ਰਹੇ ਹਨ। ਹਾਲਾਂਕਿ ਵਾਰਦਾਤ ਤੋਂ ਬਾਅਦ ਲੋਕਾਂ ਨੇ ਇਕ ਨੌਜਵਾਨ ਨੂੰ ਕਾਬੂ ਕਰ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ, ਜਦਕਿ ਦੂਜਾ ਫ਼ਰਾਰ ਹੈ।
ਹਲਕਾ ਖਡੂਰ ਸਾਹਿਬ ਦੇ ਪਿੰਡ ਕੱਦਗਿੱਲ ਵਾਸੀ ਤਰਸੇਮ ਸਿੰਘ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨੂੰ ਦੱਸਿਆ ਕਿ ਉਸ ਦਾ ਪੁੱਤਰ ਜਗਜੀਤ ਸਿੰਘ (21) ਡੀਜੇ ਦਾ ਕੰਮ ਕਰਦਾ ਸੀ। ਕਰੀਬ ਇਕ ਮਹੀਨਾਂ ਪਹਿਲਾਂ ਆਪਣੇ ਨਾਨਕੇ ਪਿੰਡ ਨੌਰੰਗਾਬਾਦ ਡੀਜੇ ਦੇ ਕੰਮ ਲਈ ਗਿਆ ਹੋਇਆ ਸੀ। ਇੱਥੇ ਉਸ ਦਾ ਲੜਕੀ ਜਸ਼ਨਪ੍ਰੀਤ ਕੌਰ ਨਾਲ ਪ੍ਰੇਮ ਪ੍ਰਸੰਗ ਸੀ। ਲੜਕੀ ਦਾ ਪਰਿਵਾਰ ਇਸ ਦੇ ਖ਼ਿਲਾਫ਼ ਸੀ।
ਕਰੀਬ ਇਕ ਮਹੀਨਾ ਪਹਿਲਾਂ ਲੜਕੀ ਆਪਣੀ ਮਰਜ਼ੀ ਨਾਲ ਉਸ ਨਾਲ ਚਲੀ ਗਈ। ਇਸ ਦੌਰਾਨ ਦੋਵਾਂ ਨੇ ਵਿਆਹ ਕਰਵਾ ਲਿਆ। ਕੁਝ ਦਿਨ ਪਹਿਲਾਂ ਜਗਜੀਤ, ਜਸ਼ਨਪ੍ਰੀਤ ਨਾਲ ਪਿੰਡ ਪਰਤ ਆਇਆ। ਤਰਸੇਮ ਸਿੰਘ ਮੁਤਾਬਕ ਐਤਵਾਰ ਨੂੰ ਲੜਕੀ ਦੀ ਮਾਂ ਉਨ੍ਹਾਂ ਦੇ ਘਰ ਆਈ ਸੀ। ਕੁਝ ਦੇਰ ਬਾਅਦ ਉਹ ਜਗਜੀਤ ਸਿੰਘ ਨੂੰ ਬੱਸ ਅੱਡੇ ਤੱਕ ਛੱਡ ਕੇ ਆਉਣ ਲਈ ਕਹਿ ਕੇ ਨਾਲ ਲੈ ਗਈ।
ਜਦੋਂ ਉਸ ਦਾ ਲੜਕਾ ਬੱਸ ਅੱਡੇ ’ਤੇ ਪੁੱਜਾ ਤਾਂ ਉੱਥੇ ਪਹਿਲਾਂ ਤੋਂ ਹੀ ਮੌਜੂਦ ਜਸ਼ਨਪ੍ਰੀਤ ਦੇ ਭਰਾਵਾਂ ਜਸਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਨੇ ਜਗਜੀਤ ਨੂੰ ਮੋਟਰਸਾਈਕਲ ਤੋਂ ਹੇਠਾਂ ਸੁੱਟ ਕੇ ਉਸ ’ਤੇ ਕਿਰਚਾਂ ਨਾਲ ਕਰੀਬ 80 ਵਾਰ ਕੀਤੇ। 40 ਸਕਿੰਟ ’ਚ ਦੋਵਾਂ ਨੇ ਜਗਜੀਤ ਨੂੰ ਲਹੂ-ਲੁਹਾਨ ਕਰ ਦਿੱਤਾ। ਉਸ ਦੀਆਂ ਅੱਖਾਂ ਤੱਕ ਕੱਢ ਦਿੱਤੀਆਂ। ਕਤਲ ਤੋਂ ਬਾਅਦ ਜਦੋਂ ਦੋਵੇਂ ਭੱਜਣ ਲੱਗੇ ਤਾਂ ਸਥਾਨਕ ਲੋਕਾਂ ਨੇ ਜਸਪ੍ਰੀਤ ਨੂੰ ਫੜ ਲਿਆ।




