*****ਜਿੰਨਾਂ ਚਾਰ ਮਾਰਗੀ ਸੜਕਾਂ 'ਤੇ ਫਲਾਈਓਵਰ ਅਧੂਰੇ ਪਏ ਹੋਏ ਨੇ ,ਉਹਨਾਂ 'ਤੇ ਟੌਲ ਤੁਰੰਤ ਬੰਦ ਹੋਵੇ

ਮੱਖੂ , ਪੰਜਾਬ, 19 ਮਈ ( "ਇੰਟਰਨੈਸ਼ਨਲ ਪੰਜਾਬੀ ਨਿਊਜ਼" ) ਸ਼ਾਇਦ ਪੰਜਾਬ ਹੀ ਇੱਕ ਇਹੋ ਰਾਜ ਹੈ ਜਿੱਥੇ ਹਰ ਖੇਤਰ ਵਿੱਚ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ। ਭਾਂਵੇ ਉਹ ਰੇਲਵੇ ਲਾਈਨਾਂ ਵਿਛਾਉਣ, ਚਾਰ ਮਾਰਗੀ ਸ਼ੜਕਾਂ ਬਣਾਉਣ, ਪਾਣੀਆਂ ਦੀ ਵੰਡ ਕਰਨ ਅਤੇ ਇਹੋ ਜਿਹੇ ਅਨੇਕਾਂ ਹੀ ਹੋਰ ਖੇਤਰ ਹਨ। ਭਾਂਵੇ ਪੰਜਾਬ ਵਿੱਚ ਬਹੁਤ ਸਾਰੇ ਚਾਰ ਮਾਰਗੀ ਪ੍ਰੋਜੈਕਟ ਚੱਲ ਰਹੇ ਹਨ। ਪਰ ਇੱਕ ਵੀ ਇਹੋ ਜਿਹਾ ਨਹੀ ਜਿਹੜਾ ਪੂਰੀ ਤਰਾਂ ਮੁਕੰਮਲ ਹੋ ਗਿਆ ਹੋਵੇ। ਸੱਭ ਅਧੂਰੇ ਪਏ ਹਨ। ਇਹਨਾ ਵਿੱਚ ਹੀ ਹੈ ਮਖੂ ਰੇਲਵੇ ਲਾਈਨ ਤੇ ਫਲਾਈਓਵਰ ਬਣਾਉਣ ਵਾਲਾ ਪ੍ਰੋਜੈਕਟ ਵੀ ਹੈ।ਜਿਹੜਾ ਪਿੱਛਲੇ 61 ਸਾਲ ਤੋਂ ਲਮਕਦਾ ਆ ਰਿਹਾ ਹੈ।ਜਿਸ ਨੂੰ ਦੇਖ ਕਿ ਮੈਂ ਸੋਚਿਆ ਕਿ ਕਹਿੰਦੇ ਹਨ ਕਿ ਬਿਨਾ ਰੋਇਆ ਮਾਂ ਵੀ ਦੁੱਧ ਨਹੀ ਦਿੰਦੀ। ਇਸ ਕਰਕੇ ਮੈਂ ਹੁਣ ਆਪਣਾ ਰੋਣਾ ਚੈਨਲਾਂ ਅਤੇ ਅਖ਼ਬਾਰਾਂ ਵਿੱਚ ਰੋਣ ਲਈ ਮਜਬੂਰ ਹੋਇਆ ਹਾਂ। ਸ਼ਾਇਦ ਮੇਰਾ ਰੋਣਾ ਸੁਣਕੇ ਗਡਕਰੀ ਸਾਹਿਬ ਨੂੰ ਮੇਰੇ ਤੇ ਕੋਈ ਤਰਸ ਆ ਜਾਵੇ।ਜਦੋਂ ਮੈ ਰੇਲਵੇ ਲਾਈਨ ਤੇ ਫਲਾਈਓਵਰ ਨਾ ਬਣਨ ਕਾਰਨ ਲਾਈਨ ਤੇ ਦੋਨੋਂ ਪਾਸੇ ਖੜੇ ਲੋਕਾਂ ਦੀਆਂ ਗਾਲ੍ਹਾਂ, ਚੀਕ ਚਿਹਾੜਾ ਅਤੇ ਉਹਨਾ ਦੇ ਸਮੇਂ ਦੀ ਬਰਬਾਦੀ ਵੇਖਦਾ ਹਾਂ ਤਾਂ ਮੈਨੂੰ ਬਹੁਤ ਦੁੱਖ ਹੁੰਦਾ ਹੈ।ਕਿਉੰਕਿ ਮੈਂ ਇਹ ਸਮਝਦਾ ਹਾਂ ਕਿ ਇਹ ਸਾਰਾ ਕੁੱਝ ਮੇਰੇ ਅਧੂਰੇ ਪਏ ਫਲਾਈਓਵਰ ਕਰਕੇ ਹੀ ਹੋ ਰਿਹਾ ਹੈ। ਪੰਜਾਬ ਵਿੱਚ ਜਦੋਂ ਚਾਰ ਮਾਰਗੀ ਸ਼ੜਕਾਂ ਬਣਨੀਆਂ ਸ਼ੁਰੂ ਹੋਈਆਂ ਉਸ ਵੇਲੇ ਮੇਰੀ ਹਿੱਕ ਤੇ ਲੰਘਣ ਵਾਲੀ ਅੰਮ੍ਰਿਤਸਰ ਬਠਿੰਡਾ ਸ਼ੜਕ ਦਾ ਚਾਰ ਮਾਰਗੀ ਮਾਰਗ ਵੀ ਬਣਨ ਸ਼ੁਰੂ ਹੋ ਗਿਆ। ਜਿਸ ਨੂੰ ਦੇਖਦੇ ਹੋਏ ਮੈਂ ਸੋਚਿਆ ਕਿ ਚੱਲੋ ਹੁਣ ਮੇਰੇ ਤੇ ਫਲਾਈਓਵਰ ਪੁੱਲ ਬਣ ਜਾਵੇਗਾ।ਜਿਸ ਨਾਲ ਮੇਰੇ ਤੋ ਲੰਘਣ ਵਾਲੇ ਰੋਜ ਹਜ਼ਾਰਾਂ ਟਰੱਕਾਂ,ਬੱਸਾਂ,ਕਾਰਾਂ,ਟਰੈਕਟਰ, ਦੋ ਪਹੀਆਂ ਮੋਟਰਸਾਈਕਲ, ਸਕੂਟਰਾਂ ਅਤੇ ਹੋਰ ਆਵਜਾਈ ਦੇ ਸਾਧਨ ਚਲਾਉਣ ਵਾਲਿਆਂ ਦਾ ਸਮਾਂ ਅਤੇ ਪੈਸਾ ਬਚ ਜਾਵੇਗਾ। ਜਲੰਧਰ ਫਿਰੋਜ਼ਪੁਰ ਰੇਲਵੇ ਲਾਈਨ ਕੋਈ ਨਵੀ ਰੇਲਵੇ ਲਾਈਨ ਨਹੀ ਹੈ । ਸਗੋਂ ਇਹ ਸਦੀਆਂ ਪੁਰਾਣੀ ਹੈ। ਪਹਿਲਾ ਇਹ ਰੇਲਵੇ ਲਾਈਨ ਕਸੂਰ ਤੋਂ ਹੋਕੇ ਲਾਹੌਰ ਤੱਕ ਜਾਂਦੀ ਸੀ। ਆਜ਼ਾਦੀ ਤੋਂ ਬਾਅਦ ਇਹ ਰੇਲਵੇ ਲਾਈਨ ਹੁਸੈਨੀ ਵਾਲਾ ਤੋਂ ਅੱਗੇ ਬੰਦ ਕਰ ਦਿੱਤੀ ਗਈ ਹੈ। ਪਰ ਫਾਜ਼ਿਲਕਾ ਰੇਲਵੇ ਲਾਈਨ ਅਜੇ ਵੀ ਚੱਲ ਰਹੀ ਹੈ। ਦੇਸ਼ ਭਰ ਕਾਫੀ ਸਾਰੀਆਂ ਚਾਰ ਮਾਰਗੀ ਸ਼ੜਕਾਂ ਤੇ ਪੈਂਦੇ ਰੇਲਵੇ ਫਾਟਕਾਂ ਤੇ ਫਲਾਈਓਵਰ ਬਣ ਗਏ। ਮਖੂ ਰੇਲਵੇ ਲਾਈਨ ਤੇ ਵੀ ਫਲਾਈਓਵਰ ਤੇ ਵੀ ਬਣਨਾ ਸ਼ੁਰੂ ਹੋ ਗਿਆ ਸੀ।ਪਰ ਬਾਅਦ ਵਿੱਚ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਇਹ ਫਲਾਈਓਵਰ ਬਣਨਾ ਬੰਦ ਹੋ ਗਿਆ। ਸ਼ਾਇਦ ਇਸ ਫਲਾਈਓਵਰ ਦਾ ਨਕਸ਼ਾ ਗਲਤ ਬਣਿਆ ਹੋਇਆ ਸੀ। ਜਿਸ ਕਾਰਨ ਦੁਕਾਨਦਾਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਜਿਸ ਕਾਰਨ ਨਿਰਮਾਣ ਰੋਕ ਦਿੱਤਾ ਗਿਆ ਸੀ। ਲੇਖਕ ਨੂੰ ਅਮਰੀਕਾ ਵਿੱਚ ਰਹਿੰਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਉੱਥੇ ਜਦੋਂ ਸਰਕਾਰ ਵੱਲੋਂ ਕੋਈ ਨਵੀਂ ਸ਼ੜਕ ਜਾਂ ਫਲਾਈਓਵਰ ਬਣਾਉਣਾ ਹੁੰਦਾ ਹੈ। ਉਸ ਤੋਂ ਪਹਿਲਾ ਉਸ ਨਿਰਮਾਣ ਸਬੰਧੀ ਸਾਰੀਆਂ ਕਰਵਾਈਆਂ ਪਹਿਲਾ ਪੂਰੀਆਂ ਕਰਦੀਆਂ ਹਨ। ਉਸ ਤੋਂ ਬਾਅਦ ਉਸਦਾ ਠੇਕਾ ਦਿੱਤਾ ਜਾਂਦਾ ਹੈ।ਪਰ ਸਾਡੇ ਦੇਸ਼ ਵਿੱਚ ਇਸ ਤੋਂ ਬਿਲਕੁਲ ਉਲਟ ਹੁੰਦਾ ਹੈ। ਸਾਡੇ ਦੇਸ਼ ਵਿੱਚ ਸਰਕਾਰ ਪਹਿਲਾ ਨੀਂਹ ਪੱਥਰ ਰੱਖ ਦਿੰਦੀ ਹੈ ਤਾਂ ਕਿ ਉਸ ਨੀਂਹ ਪੱਥਰ ਤੇ ਆਪਣਾ ਨਾਮ ਲਿਖ ਸਕੇ।ਪਰ ਬਾਅਦ ਵਿੱਚ ਪਤਾ ਲਗਦਾ ਹੈ ਕਿ ਇਸ ਨਿਰਮਾਣ ਅਧੀਨ ਆਉੰਦੀ ਜਮੀਨ ਤੇ ਕੇਸ ਚੱਲ ਰਿਹਾ ਹੈ।ਜਿਸ ਕਾਰਨ ਪ੍ਰੋਜੈਕਟ ਅੱਧ ਵਿਚਕਾਰ ਲਟਕ ਜਾਂਦਾ ਹੈ। ਸ਼ਾਇਦ ਇਹੋ ਕੁੱਝ ਮਖੂ ਫਾਟਕ ਦਾ ਹੋਇਆ ਹੈ। ਮਖੂ ਰੇਲਵੇ ਲਾਈਨ ਅਤੇ ਕਈ ਹੋਰ ਫਲਾਈਓਵਰ ਨਾ ਬਣਨ ਕਾਰਨ ਹੁਣ ਤੱਕ ਕਈ ਮਾਵਾਂ ਦੇ ਪੁੱਤ,ਪਤਨੀਆਂ ਦੇ ਪਤੀ,ਬੱਚਿਆਂ ਦੇ ਪਿਤਾ ਅਤੇ ਭੈਣਾਂ ਦੇ ਵੀਰ ਸਦਾ ਲਈ ਇਸ ਸੰਸਾਰ ਤੋਂ ਕੂਚ ਕਰ ਗਏ ਹਨ। ਇਸ ਤੋਂ ਇਲਾਵਾ ਕਈ ਸਦਾ ਲਈ ਅੰਗਹੀਣ ਹੋਕੇ ਮੰਜਿਆਂ ਤੇ ਪਏ ਹੋਏ ਹਨ। ਕਿਉੰਕਿ ਰੇਲਵੇ ਲਾਈਨ ਦੇ ਦੋਨੋ ਪਾਸਿਆਂ ਦੀਆਂ ਸ਼ੜਕਾਂ ਟੁੱਟੀਆਂ ਹੋਣ ਕਾਰਨ ਕਈ ਗੱਡੀ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੀਆਂ ਹਨ। ਜੇਕਰ ਮਖੂ ਰੇਲਵੇ ਲਾਈਨ ਦੀ ਹਿੱਕ ਤੇ ਲੰਘਣ ਵਾਲੀ ਅੰਮ੍ਰਿਤਸਰ ਬਠਿੰਡਾ ਸ਼ੜਕ ਦੀ ਗੱਲ ਕੀਤੀ ਜਾਵੇ ਤਾਂ ਇਹ ਵੀ ਕੋਈ ਆਮ ਸ਼ੜਕ ਨਹੀ ਹੈ। ਸਗੋਂ ਇਹ ਸ਼ੜਕ ਜੰਮੂ-ਕਸ਼ਮੀਰ ਤੋਂ ਸ਼ੁਰੂ ਹੋਕੇ ਕਾਂਡਲਾ ਬੰਦਰਗਾਹ ਅਤੇ ਹੋਰ ਦੇਸ਼ ਦੇ ਵੱਡੇ ਸ਼ਹਿਰਾਂ ਨਾਲ ਜੁੜੀ ਹੋਈ ਹੈ।ਜਿਸ ਕਾਰਨ ਇਸ ਸ਼ੜਕ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਵੱਡੇ ਵੱਡੇ ਟਰੱਕ, ਬੱਸਾ,ਫੌਜੀ ਟੈਂਕ ਅਤੇ ਹੋਰ ਆਵਾਜਾਈ ਦੇ ਸਾਧਨ ਲੰਘਦੇ ਹਨ। ਭਾਂਵੇ ਕਾਫੀ ਸਾਲਾਂ ਬਾਅਦ ਹੁਣ ਫਿਰ ਇਸ ਫਲਾਈਓਵਰ ਤੇ ਨਿਰਮਾਣ ਸ਼ੁਰੂ ਹੋਇਆ ਹੈ।ਪਰ ਇਹ ਨਿਰਮਾਣ ਅਜੇ ਵੀ ਜੂੰਅ ਦੀ ਤੋਰ ਚੱਲ ਰਿਹਾ ਹੈ।ਜਿਸ ਕਾਰਨ ਸ਼ੜਕ ਦੇ ਦੋਵੇਂ ਪਾਸੇ ਵੱਡੇ ਵੱਡੇ ਟੋਏ ਪਏ ਹੋਏ ਹਨ। ਜਿਹੜੇ ਮੀਂਹ ਪੈਣ ਤੇ ਇੱਕ ਛੱਪੜ ਦਾ ਰੂਪ ਧਾਰਨ ਕਰ ਲੈਂਦੇ ਹਨ। ਜਿਸ ਕਾਰਨ ਇਸ ਸ਼ੜਕ ਤੋਂ ਲੋਕਾਂ ਲਈ ਲੰਘਣਾ ਕਿਸੇ ਨਰਕ ਤੋਂ ਘੱਟ ਨਹੀ ਹੈ।ਇਹਨਾ ਟੋਇਆ ਵਿੱਚ ਜਦੋਂ ਪਾਣੀ ਭਰ ਜਾਂਦਾ ਹੈ।ਉਦੋਂ ਵੱਡੀਆ ਗੱਡੀਆਂ ਇਹਨਾ ਟੋਇਆ ਵਿੱਚ ਫਸ ਜਾਂਦੀਆ ਹਨ। ਜਿਸ ਕਾਰਨ ਵੱਡੇ ਵੱਡੇ ਹਾਦਸੇ ਵੀ ਹੋ ਜਾਂਦੇ ਹਨ। ਜਿਸ ਨੂੰ ਵੇਖਕੇ ਬਹੁਤ ਦੁੱਖ ਹੁੰਦਾ ਹੈ। ਪਹਿਲਾ ਲੋਕਾਂ ਨੂੰ ਗੱਡੀ ਲੈਣ ਵੇਲੇ ਗੱਡੀ ਦੀ ਕੀਮਤ ਤੇ 9 ਪ੍ਰਤੀਸ਼ਤ ਰੋਡ ਟੈਕਸ ਦੇਣਾ ਪੈਂਦਾ ਹੈ। ਉਸ ਤੋਂ ਬਾਅਦ ਜਦੋਂ ਉਹ ਗੱਡੀ ਸ਼ੜਕ ਤਾਂ ਚਲਾਉਂਦੇ ਉਸ ਵੇਲੇ ਫਿਰ ਉਹਨਾ ਨੂੰ ਭਾਰੀ ਟੋਲ ਟੈਕਸ ਦੇਣਾ ਪੈਂਦਾ।ਪੰਜਾਬ ਵਿੱਚ ਇਸ ਵੇਲੇ ਕੋਈ 40 ਤੋਂ ਵੱਧ ਟੋਲ ਪਲਾਜ਼ਾ ਹਨ। ਜਿਸ ਦਿਨ ਭਾਰਤ ਮਾਲਾ ਸ਼ੜਕ ਚਾਲੂ ਹੇਵੇਗੀ। ਉਸ ਵੇਲੇ 11 ਹੋਰ ਟੋਲ ਪਲਾਜ਼ਾ ਸ਼ੁਰੂ ਹੋ ਜਾਣੇ ਹਨ। ਪੰਜਾਬ ਵਿੱਚ ਲਾਢੋਵਾਲ ਜਿੱਲਾ ਲੁਧਿਆਣਾ ਸੱਭ ਤੋਂ ਮਹਿੰਗਾ ਟੋਲ ਟੈਕਸ ਹੈ। ਦੂਜੇ ਨੰਬਰ ਤੇ ਸ਼ਾਇਦ ਸੇਰੋਂ ਜਿੱਲਾ ਤਰਨਤਾਰਨ ਟੋਲ ਪਲਾਜ਼ਾ ਹੈ।ਪੰਜਾਬ ਵਿੱਚ ਰੋਜ਼ਾਨਾਂ 1500 ਕਰੋੜ ਤੋਂ ਉੱਪਰ ਟੋਲ ਟੈਕਸ ਲਿਆ ਜਾ ਰਿਹਾ ਹੈ। ਪਹਿਲੀ ਅਪ੍ਰੈਲ 2026 ਤੋਂ ਟੋਲ ਟੈਕਸ ਵਿੱਚ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਹੋਣਾ ਤਾਂ ਇਹ ਚਾਹੀਦਾ ਹੈ ਕਿ ਹਰ ਸਾਲ ਟੋਲ ਟੈਕਸ ਵਿੱਚ ਕਟੌਤੀ ਕੀਤੀ ਜਾਵੇ।ਕਿਉੰਕਿ ਹਰ ਰੋਜ ਗੱਡੀਆਂ ਦੀ ਗਿਣਤੀ ਵੱਧ ਰਹੀ ਹੈ। ਪਰ ਹੋ ਇਸ ਤੋਂ ਬਿਲਕੁਲ ਉਲਟ ਰਿਹਾ ਹੈ। ਪਰ ਅਫਸੋਸ ਇਸ ਗੱਲ ਦਾ ਹੈ ਕਿ ਲੋਕਾਂ ਵੱਲੋਂ ਭਾਰੀ ਰੋਡ ਅਤੇ ਟੋਲ ਟੈਕਸ ਦੇਣ ਦੇ ਬਾਵਜੂਦ ਵੀ ਉਹਨਾ ਨੂੰ ਸ਼ੜਕਾਂ ਟੁੱਟੀਆਂ ਹੀ ਮਿਲਦੀਆਂ ਹਨ। ਜਿਸ ਕਾਰਨ ਗੱਡੀਆਂ ਦਾ ਭਾਰੀ ਨੁਕਸਾਨ ਹੁੰਦਾ ਹੈ। ਜੇਕਰ ਮੈਂ ਮਖੂ ਰੇਲਵੇ ਫਾਟਕ ਦੀ ਗੱਲ ਕਰਾਂ ਤਾਂ ਸ਼ੜਕ ਦੇ ਦੋਵੇਂ ਪਾਸੇ ਇੰਨਾ ਜਿ਼ਆਦਾ ਘੱਟਾ ਉੱਡਦਾ ਹੈ ਕਿ ਕਈ ਵਾਰ ਡਰਾਈਵਰ ਨੂੰ ਗੱਡੀ ਚਲਾਉਣੀ ਔਖੀ ਹੋ ਜਾਂਦੀ ਹੈ। ਜਿਸ ਕਾਰਨ ਕਈ ਹਾਦਸੇ ਵੀ ਵਾਪਰੇ ਹਨ।ਜਿਹੜੇ ਲੋਕ ਉੱਥੇ ਰਹਿੰਦੇ ਹਨ ਉਹਨਾ ਨੂੰ ਸਾਹ ਲੈਣਾ ਔਖਾ ਹੁੰਦਾ ਹੈ। ਜਦੋਂ ਗੱਡੀ ਆਉੰਦੀ ਹੈ ਤਾਂ ਫਾਟਕ ਦੇ ਦੋਵੇਂ ਪਾਸੇ ਟਰੱਕਾਂ,ਬੱਸਾਂ,ਟਰੈਕਟਰਾਂ,ਅਤੇ ਹੋਰ ਆਵਾਜਾਈ ਸਾਧਨਾਂ ਦੀਆਂ ਕਈ ਕਿੱਲੋਮੀਟਰ ਲੰਮੀਆਂ ਲਾਈਨਾਂ ਲੱਗ ਜਾਂਦੀਆਂ ਹਨ। ਜਿਸ ਕਾਰਨ ਲੋਕਾਂ ਨੂੰ ਫਾਟਕ ਪਾਰ ਕਰਨ ਲਈ ਕਈ ਕਈ ਘੰਟੇ ਇੰਤਜ਼ਾਰ ਕਰਨਾ ਪੈਂਦਾ ਹੈ।ਕਈ ਵਾਰ ਤਾਂ ਮਰੀਜ਼ਾਂ ਵਾਲੀਆਂ ਐਂਬੂਲੈਂਸ ਵੀ ਫਸ ਜਾਂਦੀਆ ਹਨ। ਜਿਸ ਕਾਰਨ ਰੋਗੀ ਨੂੰ ਭਾਰੀ ਨੁਕਸਾਨ ਹੁੰਦਾ ਹੈ।ਜਿੱਥੇ ਆਵਾਜਾਈ ਰੁਕਣ ਕਾਰਨ ਤੇਲ ਦਾ ਖਰਚ ਵੱਧ ਹੁੰਦਾ ਹੈ।ਉੱਥੇ ਲੋਕਾਂ ਦਾ ਕੀਮਤੀ ਸਮਾਂ ਵੀ ਬਰਬਾਦ ਹੋ ਜਾਂਦਾ ਹੈ।ਜਿਹਨਾ ਲੋਕਾਂ ਨੇ ਅਦਾਲਤਾਂ ਵਿੱਚ ਪੇਸ਼ ਹੋਣਾ ਹੁੰਦਾ ਹੈ।ਉਹਨਾ ਨੂੰ ਦੇਰ ਹੋ ਜਾਣ ਕਾਰਨ ਜੁਰਮਾਨੇ ਭਰਨੇ ਪੈਂਦੇ ਹਨ। ਗੱਲ ਕਾਹਦੀ ਕਿ ਮਖੂ ਦਾ ਰੇਲਵੇ ਫਾਟਕ ਲੋਕਾਂ ਦੀ ਮੁਸੀਬਤ ਬਣਿਆ ਹੋਇਆ। ਪਰ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ। ਹੈਰਾਨੀ ਦੀ ਗੱਲ ਹੈ ਕਿ ਅਧੂਰੀ ਬਠਿੰਡਾ ਅੰਮ੍ਰਿਤਸਰ ਸ਼ੜਕ ਤੇ ਪਿੱਛਲੇ ਕਈ ਸਾਲ ਤੋਂ ਟੋਲ ਟੈਕਸ ਲਿਆ ਜਾ ਰਿਹਾ ਹੈ।ਜੇਕਰ ਦੇਖਿਆ ਜਾਵੇ ਤਾਂ ਸਿਰਫ ਅੰਮ੍ਰਿਤਸਰ ਬਠਿੰਡਾ ਸ਼ੜਕ ਤੇ ਪੈਂਦਾ ਮਖੂ ਫਾਟਕ ਹੀ ਨਹੀ ਸਗੋਂ ਦਿੱਲੀ ਅੰਮ੍ਰਿਤਸਰ ਰੇਲਵੇ ਲਾਈਨ ਤੇ ਦੋਰਾਹਾ ਜਿੱਲਾ ਲੁਧਿਆਣਾ ਤੇ ਬਣਨ ਵਾਲਾ ਰੇਲਵੇ ਫਲਾਈਓਵਰ ਪੁੱਲ ਵੀ ਪਿੱਛਲੇ ਕਈ ਸਾਲ ਤੋਂ ਅੱਧ ਵਿਚਕਾਰ ਲਟਕ ਰਿਹਾ ਹੈ।ਪਰ ਰਾਸ਼ਟਰ ਮਾਰਗ ਸੰਸਥਾ ਵੱਲੋਂ ਇਸ ਸ਼ੜਕ ਤੇ ਵੀ ਭਾਰੀ ਟੋਲ ਟੈਕਸ ਲਿਆ ਜਾ ਰਿਹਾ ਹੈ। ਲੇਖਕ ਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀ ਹੈ ਕਿ ਪੰਜਾਬ ਵਿੱਚ ਜਿੰਨੇ ਵੀ ਚਾਰ ਮਾਰਗੀ ਮਾਰਗਾਂ ਤੇ ਕੰਮ ਚੱਲ ਰਿਹਾ ਹੈ।ਉਹਨਾ ਵਿੱਚੋਂ ਬਹੁਤ ਸਾਰੇ ਫਲਾਈਓਵਰ ਅਧੂਰੇ ਪਏ ਹੋਏ ਹਨ। ਜੇਕਰ ਚੰਡੀਗੜ੍ਹ ਲੁਧਿਆਣਾ ਸ਼ੜਕ ਦੀ ਗੱਲ ਕੀਤੀ ਜਾਵੇ ਤਾਂ ਇਸ ਸ਼ੜਕ ਤੇ ਦੋ ਟੋਲ ਪਲਾਜ਼ਾ ਹਨ।ਜਿਹਨਾ ਤੇ ਰਾਹਗੀਰਾਂ ਤੋਂ ਟੋਲ ਟੈਕਸ ਲਿਆ ਜਾ ਰਿਹਾ ਹੈ।ਪਰ ਇਸ ਤੇ ਜਿਹੜੇ ਦੋ ਫਲਾਈਓਵਰ ਹਨ। ਉਹਨਾ ਵਿੱਚੋਂ ਇੱਕ ਬਣ ਰਿਹਾ ਅਤੇ ਦੂਜੇ ਤੇ ਕਈ ਸਾਲ ਤੋਂ ਕੰਮ ਬੰਦ ਪਿਆ ਹੈ।ਪਤਾ ਨਹੀ ਉਹ ਕਦੋਂ ਸ਼ੁਰੂ ਹੋਵੇਗਾ।ਇਸਤਰਾਂ ਹੀ ਜਲੰਧਰ , ਅੰਮ੍ਰਿਤਸਰ ਅਤੇ ਅਟਾਰੀ ਸ਼ੜਕ ਹੈ।ਉਸ ਤੇ ਚਾਰ ਫਲਾਈਓਵਰ ਬਣਨ ਵਾਲੇ ਹਨ। ਜਿਹਨਾ ਵਿੱਚ ਇੱਕ ਰਈਆ ਤੋਂ ਜਲੰਧਰ ਵਾਲੇ ਪਾਸੇ ਅਤੇ ਦੂਜਾ ਅੰਮ੍ਰਿਤਸਰ ਵਾਲੇ ਪਾਸੇ ਹੈ।ਇਹਨਾ ਵਿੱਚੋਂ ਵੀ ਇੱਕ ਤੇ ਮਾੜਾ ਮੋਟਾ ਕੰਮ ਚੱਲ ਰਿਹਾ ਹੈ ਦੂਜੇ ਤੇ ਬਿੱਲਕੁੱਲ ਕੰਮ ਠੱਪ ਹੈ।ਇਸਤਰਾਂ ਹੀ ਅੰਮ੍ਰਿਤਸਰ ਬਾਈਪਾਸ ਤੇ ਦੋ ਫਲਾਈਓਵਰ ਬਣਨ ਵਾਲੇ ਹਨ। ਜਿਹਨਾ ਤੇ ਕੰਮ ਕਈ ਸਾਲ ਤੋਂ ਬੰਦ ਪਿਆ ਹੋਇਆ ਹੈ।ਇੱਕ ਹੋਰ ਫਲਾਈਓਵਰ ਗੋਲਡਨ ਦਰਵਾਜੇ ਤੋਂ ਜੰਡਿਆਲਾ ਵਾਲੇ ਪਾਸੇ ਨਵਾਂ ਬਣਨਾ ਸ਼ੁਰੂ ਹੋਇਆ ਹੈ।ਇਹਨਾ ਅਧੂਰੇ ਫਲਾਈਓਵਰ ਕਰਕੇ ਟਰੱਕਾਂ, ਬੱਸਾਂ,ਕਾਰਾਂ,ਟਰੈਕਟਰ ਟਰਾਲੀਆਂ ਅਤੇ ਹੋਰ ਆਵਾਜਾਈ ਦੇ ਸਾਧਨ ਚਲਾਉਣ ਵਾਲਿਆਂ ਨੂੰ ਕਈ ਕਈ ਘੰਟੇ ਖੱਜਲ ਖੁਆਰ ਹੋਣਾ ਪੈਂਦਾ ਹੈ।ਕੀ ਸਰਕਾਰ ਦੱਸੇਗੀ ਕਿ ਲੁਧਿਆਣਾ ਚੰਡੀਗੜ੍ਹ, ਅੰਮ੍ਰਿਤਸਰ ਜਲੰਧਰ ਅਤੇ ਬਾਈਪਾਸ ਅੰਮ੍ਰਿਤਸਰ ਤੇ ਬਣਨ ਵਾਲੇ ਫਲਾਈਓਵਰ ਦਾ ਕੰਮ ਕਈ ਸਾਲ ਬਾਅਦ ਵੀ ਅਧੂਰਾ ਕਿਉਂ ਹੈ। ਇੱਥੇ ਤਾਂ ਕਿਸਾਨ ਜਿੰਮੇਵਾਰ ਨਹੀ ਹੈ।ਜੇਕਰ ਇਹ ਕਹਿ ਲਿਆ ਜਾਵੇ ਕਿ ਇਹਨਾ ਫਲਾਈਓਵਰ ਦਾ ਅਧੂਰਾ ਰਹਿਣ ਦਾ ਕਾਰਨ ਦੇਸ਼ ਵਿੱਚ ਫੈਲਿਆ ਭਰਿਸ਼ਟਾਚਾਰ ਹੈ ਤਾਂ ਸ਼ਾਇਦ ਇਸ ਵਿੱਚ ਕੋਈ ਝੂਠ ਨਹੀ ਹੈ।ਕਿਉੰ ਕਿ ਠੇਕੇਦਾਰ ਅਤੇ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੀ ਜਾਣਬੁੱਝ ਕੇ ਇਹਨਾ ਨੂੰ ਪੂਰਾ ਕਰਨ ਵਿੱਚ ਦੇਰੀ ਕੀਤੀ ਜਾਂਦੀ ਹੈ।ਤਾਂ ਕਿ ਇਸਦੀ ਲਾਗਤ ਵਿੱਚ ਵਾਧਾ ਕਰਵਾਇਆ ਜਾ ਸਕੇ। ਜਿਸਦਾ ਸਬੂਤ ਸਾਡੇ ਸਾਹਮਣੇ ਹੈ ਕਿ ਪਿੱਛੇ ਜਿਹੇ ਮੁਹਾਲੀ ਵਿੱਚ ਬਣਨ ਵਾਲੀਆਂ ਸ਼ੜਕਾਂ ਦਾ ਠੇਕਾ ਇੰਨਾ ਮਹਿੰਗਾ ਦਿੱਤਾ ਗਿਆ ਕਿ ਸਾਰੇ ਲੋਕਾਂ ਦੇ ਦੰਦ ਜੁੜ ਗਏ। ਜਿਸ ਨੂੰ ਧਿਆਨ ਵਿੱਚ ਰੱਖਕੇ ਕਿਸੇ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਕੇਸ ਕਰ ਦਿੱਤਾ।ਜਿਸ ਤੋਂ ਬਾਅਦ ਇਸ ਠੇਕੇ ਦੀ ਕੀਮਤ ਇੱਕ ਦਮ ਸੌ ਕਰੋੜ ਤੋਂ ਉੱਪਰ ਘੱਟ ਕਰ ਦਿੱਤੀ ਗਈ। ਪਰ ਅਜੇ ਵੀ ਇਹ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ।ਜਿਹੜੀ ਭਾਰਤ ਮਾਲਾ ਸ਼ੜਕ ਯੋਜਨਾ ਅਧੀਨ ਪੰਜਾਬ ਵਿੱਚ ਕੰਮ ਸ਼ੁਰੂ ਕੀਤੇ ਗਏ ਹਨ। ਉਹਨਾ ਦਾ ਹਾਲ ਇਸ ਤੋਂ ਵੀ ਮਾੜਾ ਹੈ।ਪਹਿਲੀ ਗੱਲ ਤਾਂ ਭਾਰਤ ਮਾਲਾ ਪ੍ਰੋਜੈਕਟ ਅਧੀਨ ਜਿਹੜੇ ਕਿਸਾਨਾਂ ਦੀ ਜਮੀਨ ਲਈ ਜਾਣੀ ਹੈ।ਉਹਨਾ ਨੂੰ ਜਮੀਨ ਦੀ ਬਹੁਤ ਥੋੜੀ ਕੀਮਤ ਦਿੱਤੀ ਜਾ ਰਹੀ ਹੈ।ਜਿਸ ਕਾਰਨ ਕੋਈ ਵੀ ਕਿਸਾਨ ਆਪਣੀ ਜਮੀਨ ਸਰਕਾਰ ਨੂੰ ਦੇਣ ਲਈ ਤਿਆਰ ਨਹੀ ਹੈ।ਇਸ ਤੋਂ ਇਲਾਵਾ ਭਾਰਤ ਮਾਲਾ ਸ਼ੜਕ ਬਣਨ ਨਾਲ ਪੰਜਾਬ ਵਿੱਚ ਹੜ੍ਹ ਆਉਣ ਦੀ ਸੰਭਾਵਨਾ ਵੱਧ ਜਾਣੀ ਹੈ।ਕਿਉੰਕਿ ਭਾਰਤ ਮਾਲ ਯੋਜਨਾ ਅਧੀਨ ਜਿਹੜੀਆਂ ਸ਼ੜਕਾਂ ਬਣਾਈਆਂ ਜਾਣੀਆਂ ਹਨ। ਉਹ ਧਰਤੀ ਨਾਲੋਂ ਬਹੁਤ ਉੱਚੀ ਬਣਾਈਆਂ ਜਾ ਰਹੀਆਂ ਹਨ। ਜਿਸ ਕਾਰਨ ਨੀਵੀਆਂ ਥਾਂਵਾਂ ਤੇ ਪਾਣੀ ਇੱਕਠਾ ਹੋਣਾ ਕੁਦਰਤੀ ਹੈ।ਪਰ ਮੀਂਹ ਦਾ ਪਾਣੀ ਕੱਢਣ ਦਾ ਸੰਜੀਦਾ ਪ੍ਰਬੰਧ ਨਹੀ ਕੀਤੇ ਜਾ ਰਹੇ। ਦੂਜਾ ਜਿਹੜਾ ਇਹਨਾ ਸ਼ੜਕਾਂ ਦੇ ਪਾਰ ਜਾਣ ਦੇ ਰਸਤੇ ਬਣਾਏ ਜਾ ਰਹੇ ਹਨ। ਉਹ ਬਹੁਤ ਦੂਰ ਦੂਰ ਬਣਾਏ ਜਾ ਰਹੇ ਹਨ। ਜਿਸ ਕਾਰਨ ਕਿਸਾਨਾਂ ਨੂੰ ਬੜੀ ਮੁਸ਼ਕਿਲ ਪੇਸ਼ ਆਵੇਗੀ। ਗੱਲ ਕਾਹਦੀ ਕਿ ਜਿਹੜੀਆਂ ਚਾਰ ਮਾਰਗੀ ਸ਼ੜਕਾਂ ਲੋਕਾਂ ਲਈ ਸਹੂਲਤ ਲਈ ਬਣਨੀਆਂ ਚਾਹੀਦੀਆਂ ਸੀ।ਉਹ ਲੋਕਾਂ ਲਈ ਬਿਪਤਾ ਦਾ ਕਾਰਨ ਬਣ ਰਹੀਆਂ ਹਨ। ਇਸ ਤੋਂ ਇਲਾਵਾ ਇਹਨਾ ਸ਼ੜਕਾਂ ਅਤੇ ਰੇਲਵੇ ਲਾਈਨਾਂ ਤੇ ਬਣ ਰਹੇ ਫਲਾਈਓਵਰ ਕਈ ਕਈ ਸਾਲ ਅਧੂਰੇ ਰਹਿਣ ਕਾਰਨ ਇਹ ਲੋਕਾਂ ਜਾਨ ਦਾ ਖੌਅ ਸਾਬਤ ਹੁੰਦੇ ਹਨ। ਜਿਸ ਕਾਰਨ ਕਈ ਲੋਕਾਂ ਦੀਆਂ ਜਾਨਾ ਚਲੀਆਂ ਜਾਂਦੀਆਂ ਹਨ। ਇਸ ਕਰਕੇ ਮੇਰੀ ਗਡਕਰੀ ਸਾਹਿਬ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਜੇ ਤੁਸੀਂ ਰੇਲਵੇ ਲਾਈਨਾਂ ਤੇ ਫਲਾਈਓਵਰ ਨਹੀ ਬਣਾ ਸਕਦੇ ਤਾਂ ਉਹਨਾ ਸ਼ੜਕਾਂ ਤੇ ਟੋਲ ਟੈਕਸ ਬੰਦ ਲੈਣੇ ਬੰਦ ਕਰ ਦਿਓ। ਇਸ ਨਾਲ ਚਲੋਂ ਲੋਕਾਂ ਦੀ ਲੁੱਟ ਤਾਂ ਬੰਦ ਹੋ ਜਾਵੇਗੀ।ਦੇਸ਼ ਦੀਆਂ ਅਦਾਲਤਾਂ ਵਿੱਚ ਬੈਠੇ ਜੱਜਾਂ ਨੂੰ ਵੀ ਨੂੰ ਵੀ ਚਾਹੀਦਾ ਹੈ ਕਿ ਉਹ ਹੁਕਮ ਜਾਰੀ ਕਰਨ ਕਿ ਜਿਹਨਾ ਸ਼ੜਕਾਂ ਤੇ ਫਲਾਈਓਵਰ ਅਧੂਰੇ ਹਨ।ਉਹਨਾ ਤੇ ਟੋਲ ਟੈਕਸ ਤੁਰੰਤ ਬੰਦ ਕੀਤਾ ਜਾਵੇ ਸ਼ਾਇਦ ਇਸ ਨਾਲ ਭਾਰਤੀ ਰਾਸ਼ਟਰੀ ਹਾਈਵੇ ਸੰਸਥਾ ਦੀ ਜਾਗ ਖੁੱਲ੍ਹ ਸਕੇ ਅਤੇ ਉਹ ਲੋਕਾਂ ਦੇ ਹਿੱਤਾਂ ਨਾਲ ਖੇਡਣਾ ਬੰਦ ਕਰੇ।

ਬਖਸ਼ੀਸ਼ ਸਿੰਘ ਸਭਰਾ
94646-96083