ਜੋਗਿੰਦਰ ਸਿੰਘ ਮਾਨ
ਮਾਨਸਾ, 2 ਜੁਲਾਈ
ਸ਼ਹਿਰ ਦੇ ਵਾਰਡ ਨੰਬਰ 3 ਇੱਛਾ ਪੂਰਵਕ ਗੁਰਦੁਆਰਾ ਸਾਹਿਬ ਲਾਗੇ ਕਿਰਾਏ ਦੇ ਮਕਾਨ ਚ ਆਪਣੇ ਬੱਚਿਆਂ ਨਾਲ ਰਹਿੰਦੀ ਇਕ ਵਿਧਵਾ ਮਜ਼ਦੂਰ ਔਰਤ ਸੰਦੀਪ ਕੌਰ (,35) ਨੇ ਆਪਣੇ ਬੱਚਿਆਂ ਨੂੰ ਗਲ ਘੁੱਟ ਕੇ ਮਾਰ ਦਿੱਤਾ ਤੇ ਬਾਅਦ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।ਇਹ ਘਟਨਾ ਵੀਰਵਾਰ ਦੁਪਹਿਰ ਕਰੀਬ 12 ਵਜੇ ਦੀ ਹੈ,ਪਰ ਇਸਦਾ ਪਤਾ ਸ਼ਾਮ ਵੇਲੇ ਲੱਗਿਆ ਜਦੋ ਔਰਤ ਦਾ ਕੋਈ ਰਿਸ਼ਤੇਦਾਰ ਉਨ੍ਹਾਂ ਦੇ ਘਰ ਆਇਆ। ਮਜ਼ਦੂਰ ਔਰਤ ਸੰਦੀਪ ਕੌਰ ਪਤਨੀ ਮਰਹੂਮ ਨਿੱਕਾ ਸਿੰਘ ਨੇ ਪਹਿਲਾਂ ਆਪਣੀ ਬੱਚੀ ਕਾਲੋ (12), ਵਿਸ਼ਵਾਸ (ਡੇਢ ਸਾਲ) ਤੇ ਧੀ ਮੋਟੋ (7) ਨੂੰ ਗਲ ਘੁੱਟ ਕੇ ਮਾਰ ਦਿੱਤਾ ਤੇ ਬਾਅਦ ਵਿਚ ਖੁਦ ਗਲ ਵਿਚ ਰੱਸਾ ਪਾ ਕੇ ਫਾਹਾ ਲੈ ਲਿਆ।ਇਸ ਖੁਦਕੁਸ਼ੀ ਦਾ ਕਾਰਨ ਆਰਥਿਕ ਤੰਗੀ ਮੰਨਿਆ ਜਾ ਰਿਹਾ ਹੈ। ਸੰਦੀਪ ਕੌਰ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ ਤੇ ਉਸਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਥਾਣਾ ਸਿਟੀ 2 ਮਾਨਸਾ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਸਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।ਔਰਤ ਨੇ ਇਸ ਘਟਨਾ ਨੂੰ ਕਿਉ ਅੰਜਾਮ ਦਿੱਤਾ,ਇਸਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਥਾਣਾ ਮੁਖੀ ਕੁਲਵੰਤ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਮਾਰ ਕੇ ਇਕ ਔਰਤ ਵਲੋਂ ਖੁਦਕੁਸ਼ੀ ਕੀਤੀ ਗਈ ਹੈ,ਇਸਦਾ ਕਾਰਨ ਹਾਲੇ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੱਸਿਆ ਪੁਲਿਸ ਇਸਦੀ ਜਾਂਚ ਕਰ ਰਹੀ ਹੈ।