*****ਯਾਦਾਂ ਨੂੰ ਸੰਭਾਲਣ ਲਈ ਬਣੇਗਾ ਆਡੀਟੋਰੀਅਮ :ਮੰਤਰੀ ਤਰਨਪ੍ਰੀਤ ਸਿੰਘ ਸੋਂਧ
ਮੋਹਾਲੀ, 3 ਮਈ (ਜਸ਼ਨ )ਪੰਜਾਬ ਵਿਚ ਨਵੀਂ ਪਿਰਤ ਪਾਉਂਦੀਆਂ, ਅੱਜ ਸਵਰਗੀ ਜਸਵਿੰਦਰ ਭੱਲਾ ਨੂੰ ਸਮਰਪਿਤ ਕਰਦਿਆਂ ,ਮੋਹਾਲੀ ਦੇ ਚੌਕ ਦਾ ਨਾਮ ਸਰਦਾਰ ਭੱਲਾ ਦੇ ਨਾਮ 'ਤੇ ਰੱਖਿਆ ਗਿਆ। ਇਸ ਮੌਕੇ ਉੱਘੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਪੰਜਾਬ ਲਈ ਇਸ ਰਵਾਇਤ ਨੂੰ ਨਵੀਂ ਤੇ ਨਵੇਕਲੀ ਦੱਸਦਿਆਂ ਆਖਿਆ ਕਿ ਭੱਲਾ ਸਾਬ੍ਹ ਦੀ ਕਾਮੇਡੀ ਲਾਜਵਾਬ ਸੀ।
ਇਸ ਮੌਕੇ ਸ਼ੈਰੀ ਮਾਨ "ਬੜੇ ਚੇਤੇ ਆਓਂਦੇ ਨੇ" ਗੀਤ ਗਾਉਂਦਿਆਂ, ਭੱਲਾ ਸਾਬ ਨੂੰ ਯਾਦ ਕਰਕੇ ,ਭਾਵੁਕ ਹੋ ਗਿਆ।
ਇਸ ਮੌਕੇ ਕਰਮਜੀਤ ਅਨਮੋਲ, ਪੁਖਰਾਜ ਭੱਲਾ ਅਤੇ ਜਸਵਿੰਦਰ ਭੱਲਾ ਦੀ ਪਤਨੀ ਪਰਮਜੀਤ ਕੌਰ ਉਚੇਚੇ ਤੌਰ ਤੇ ਹਾਜ਼ਰ ਹੋਏ ।
ਇਸ ਮੌਕੇ ਪੰਜਾਬ ਸਰਕਾਰ ਦੇ ਸੈਰ ਸਪਾਟਾ ਤੇ ਸੱਭਿਆਚਾਰ ਮਾਮਲੇ ਦੇ ਮੰਤਰੀ ਤਰਨਪ੍ਰੀਤ ਸਿੰਘ ਸੋਂਧ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁਹਾਲੀ ਵਿਖੇ ਗਮਾਡਾ ਅਧੀਨ ਆਡੀਟੋਰੀਅਮ ਲਈ ਰਾਖਵੀਂ ਪਈ 2.25 ਏਕੜ ਜ਼ਮੀਨ ਤੇ ਦਸ ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਦਾ ਪਹਿਲਾ ਅਤੇ ਇਕ ਨਿਵੇਕਲਾ ਆਡੀਟੋਰੀਅਮ ਬਣਾਉਣ ਲਈ ਪ੍ਰਪੋਜ਼ਲ ਪੇਸ਼ ਕੀਤਾ ਜਾਵੇਗਾ ਜੋ ਕਿ ਹਾਸ ਜਗਤ ਦੇ ਮੰਨੇ ਪ੍ਰਮੰਨੇ ਕਲਾਕਾਰਾਂ ਜਿਵੇਂ ਸਵਰਗੀ ਮੇਹਰ ਮਿੱਤਲ, ਜਸਵਿੰਦਰ ਭੱਲਾ ਅਤੇ ਜਸਪਾਲ ਭੱਟੀ ਆਦਿ ਨੂੰ ਸਮਰਪਿਤ ਹੋਵੇਗਾ ਅਤੇ ਜਿਸ ਵਿੱਚ ਇਹਨਾਂ ਦੇ ਕੰਮਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਉਹਨਾਂ ਕਿਹਾ ਇਸ ਸਭ ਦਾ ਸਿਹਰਾ ਭੱਲਾ ਜੀ ਦੇ ਜੀਵਨ 'ਚ ਭਰਾਵਾਂ ਵਾਂਗ ਚਾਰ ਦਹਾਕੇ ਤੋਂ ਵੱਧ ਨਾਲ ਰਹੇ ਉੱਘੇ ਕਮੇਡੀਅਨ ਤੇ ਖ਼ੁਰਾਕ ਕਮਿਸ਼ਨ ਪੰਜਾਬ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੂੰ ਜਾਂਦਾ ਹੈ ਜਿਹਨਾਂ ਦੀ ਪ੍ਰੇਰਨਾ ਸਦਕਾ ਇਹ ਸੰਭਵ ਹੋਵੇਗਾ। ਉਹਨਾਂ ਜਸਵਿੰਦਰ ਭੱਲਾ ਦੇ ਨਾਂ ਤੇ ਫੇਸ 8 ਸਥਿਤ ਪੁੱਡਾ ਚੌਂਕ ਦਾ ਨਾਂ ਭੱਲਾ ਚੌਕ ਰੱਖਣ ਦੀ ਰਸਮੀ ਸ਼ੁਰੂਆਤ ਕਰਨ ਦੀ ਗੱਲ ਕਰਦਿਆਂ ਇਸਨੂੰ ਉਹਨਾਂ ਵਾਸਤੇ ਅਤੇ ਸਮੁੱਚੀ ਪੰਜਾਬ ਦੀ ਜਨਤਾ ਅਤੇ ਦੇਸ਼ਾਂ ਵਿਦੇਸ਼ਾਂ ਚ ਭੱਲਾ ਜੀ ਨੂੰ ਪਿਆਰ ਕਰਨ ਵਾਲਿਆਂ ਲਈ ਸੌਗਾਤ ਅਤੇ ਪ੍ਰੇਰਨਾ ਸ੍ਰੋਤ ਦਸਦਿਆਂ ਭੱਲਾ ਜੀ ਨੂੰ ਕਦੇ ਨਾ ਭੁੱਲਣ ਵਾਲਾ ਉਪਰਾਲਾ ਦਸਿਆ ਅਤੇ ਨਾਲ ਹੀ ਅੱਜ ਜੋ ਲੈਕਚਰ ਦੀ ਨਿਵੇਕਲੀ ਸ਼ੁਰੂਆਤ ਕੀਤੀ ਹੈ ਜਿਸ ਸਦਕਾ ਉਹਨਾਂ ਦੇ ਜੀਵਨ ਫ਼ਲਸਫ਼ੇ ਅਤੇ ਕਾਮੇਡੀ ਦੇ ਖੇਤਰ 'ਚ ਯੋਗਦਾਨ ਸਦਕਾ ਵਿਦਿਆਰਥੀਆਂ ਦੇ ਸ਼ਖਸੀਅਤ ਵਿਕਾਸ 'ਚ ਕਲਾ, ਥੀਏਟਰ ਅਤੇ ਸਿਨੇਮਾ ਦੇ ਯੋਗਦਾਨ ਨੂੰ ਜਾਣੂੰ ਕਰਵਾਇਆ ਗਿਆ ਅਤੇ ਇਹ ਯਤਨ ਜਾਰੀ ਰਹੇਗਾ।
ਜ਼ਿਕਰਯੋਗ ਹੈ ਕਿ ਮੰਤਰੀ ਸੌਂਧ ਅੱਜ ਮੁਹਾਲੀ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਜਸਵਿੰਦਰ ਭੱਲਾ ਦੇ ਜਨਮਦਿਨ ਮੌਕੇ ਲੈਕਚਰ ਵਿੱਚ ਪੁੱਜੇ ਸਨ ਅਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਭੱਲਾ ਜੀ ਦੇ ਛਣਕਾਟਾ ਸੀਰੀਜ਼ ਨੂੰ ਯਾਦ ਕੀਤਾ ਜਿਸ ਨੂੰ ਉਹ ਬਚਪਨ ਵਿੱਚ ਸੁਣਦੇ ਰਹੇ ਤੇ ਪ੍ਰਭਾਵਿਤ ਹੋਏ। ਉਹਨਾਂ ਆਉਣ ਵਾਲੀ ਪੀੜ੍ਹੀ ਨੂੰ ਭੱਲਾ ਦੀ ਸ਼ਖ਼ਸ਼ੀਅਤ ਤੋਂ ਸੇਧ ਲੈਣ ਦੀ ਗੱਲ ਕਰਦੇ ਹੋਏ ਕੰਮ ਤੇ ਮਨੋਰੰਜਨ 'ਚ ਸੰਤੁਲਨ ਦੀ ਗੱਲ ਭਲਾ ਜੀ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਬਤੌਰ ਪ੍ਰੋਫੈਸਰ ਅਤੇ ਸਟੇਜ ਤੇ ਇਕ ਸਿੱਧਾ ਜਿਹਾ ਆਮ ਇਨਸਾਨ ਵਾਂਗ ਪੇਸ਼ ਕਰਕੇ ਦਿੱਤਾ। ਓਧਰ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਚੌਂਕ ਵਿਚ ਅਰਦਾਸ ਉਪਰੰਤ ਰਸਮੀ ਸ਼ੁਰੂਆਤ ਕਰਨ ਤੇ ਵਧਾਈ ਦਿੰਦਿਆਂ ਦਸਿਆ ਕਿ ਭੱਲਾ ਜੀ ਦੀ ਅਦਾਕਾਰੀ ਬੇਮਿਸਾਲ ਤੇ ਪ੍ਰੇਰਨਾ ਸਰੋਤ ਰਹੇਗੀ ਖਾਸਕਰ ਅੱਜ ਦੇ ਸਮੇਂ 'ਚ ਮਾਨਸਿਕ ਪ੍ਰੇਸ਼ਾਨ ਲੋਕਾਂ ਨੂੰ ਕਾਮੇਡੀ ਦੀ ਡੋਜ ਇਕ ਦਵਾਈ ਦਾ ਕੰਮ ਕਰਦੀ ਹੈ ਜਿਸਦਾ ਸਿਹਰਾ ਭੱਲਾ ਜੀ ਨੂੰ ਜਾਂਦਾ ਹੈ।
ਖ਼ਬਰਾਂ
ਜਸਵਿੰਦਰ ਭੱਲਾ ਨੂੰ ਸਮਰਪਿਤ ਹੋਵੇਗਾ,ਮੋਹਾਲੀ ਦਾ ਚੌਂਕ,ਭੱਲਾ ਸਾਬ੍ਹ ਨੂੰ ਯਾਦ ਕਰਕੇ ਭਾਵੁਕ ਹੋਏ,ਗੁਰਪ੍ਰੀਤ ਘੁੱਗੀ ਤੇ ਸ਼ੈਰੀ ਮਾਨ
* ਜਸਵਿੰਦਰ ਭੱਲਾ ਦੀ ਯਾਦ
4 ਮਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



