ਤੀਆਂ ਸਮਾਗਮਾਂ ਵਿੱਚ ਉਮੜਿਆ ਉਤਸ਼ਾਹ, ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਦਾ ਦਿੱਤਾ ਸੰਦੇਸ਼
ਮੋਗਾ, 3 ਅਗਸਤ (ਜਸ਼ਨ ) : ਤੀਆਂ ਦੇ ਪਾਵਨ ਤਿਉਹਾਰ ਮੌਕੇ ਮੋਗਾ ਵਿਖੇ ਸਰਬਜੀਤ ਕੌਰ ਬਰਾੜ ਅਤੇ ਪਰਮਜੀਤ ਕੌਰ ਵੱਲੋਂ ਕਰਵਾਏ ਗਏ ਸੱਭਿਆਚਾਰਕ ਸਮਾਗਮ ਅਤੇ ਪਿੰਡ ਕੋਰੇਵਾਲਾ ਖੁਰਦ ਵਿੱਚ ਆਯੋਜਿਤ ਤੀਆਂ ਦੇ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਸਮਾਗਮਾਂ ਦੌਰਾਨ ਪੰਜਾਬੀ ਸੱਭਿਆਚਾਰ, ਲੋਕ ਪਰੰਪਰਾਵਾਂ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਮੇਅਰ ਬਿਨਪਾਲ ਕੌਰ, ਪਿੰਡ ਕੋਰੇਵਾਲਾ ਖੁਰਦ ਦੀ ਸਮੁੱਚੀ ਗ੍ਰਾਮ ਪੰਚਾਇਤ, ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਲਵਲੀ ਸਿੰਗਲਾ, ਵਾਈਸ ਪ੍ਰਧਾਨ ਸਿਮਰਜੀਤ ਕੌਰ, ਹਲਕਾ ਕੋਆਰਡੀਨੇਟਰ ਸੁਖਵਿੰਦਰ ਕੌਰ, ਪਰਮਜੀਤ ਕੌਰ, ਬਲਾਕ ਪ੍ਰਧਾਨ ਰੀਨਾ ਸਮੇਤ ਵੱਡੀ ਗਿਣਤੀ ਵਿੱਚ ਮਾਤਾਵਾਂ, ਭੈਣਾਂ ਅਤੇ ਮੁਟਿਆਰਾਂ ਹਾਜ਼ਰ ਸਨ। ਸਮਾਗਮ ਵਿੱਚ ਹਲਕਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਦਿਆਂ ਮਹਿਲਾਵਾਂ ਨਾਲ ਬੋਲੀਆਂ ਪਾਈਆਂ ਅਤੇ ਗਿੱਧੇ ਵਿੱਚ ਵੀ ਭਾਗ ਲਿਆ। ਡਾ. ਅਮਨਦੀਪ ਕੌਰ ਅਰੋੜਾ ਦੇ ਡਾਕਟਰ ਹੋਣ ਦੇ ਬਾਵਜੂਦ ਪੰਜਾਬੀ ਸੱਭਿਆਚਾਰ ਤੇ ਮਜਬੂਤ ਪਕੜ ਦੇਖ ਕੇ ਮੁਟਿਆਰਾਂ ਵੀ ਹੈਰਾਨ ਹੋ ਗਈਆਂ। ਆਪਣੇ ਸੰਬੋਧਨ ਦੌਰਾਨ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ, ਲੋਕ ਪ੍ਰੰਪਰਾਵਾਂ ਅਤੇ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸਾਡੀ ਅਮੀਰ ਵਿਰਾਸਤ ਨੂੰ ਸੰਭਾਲਣ ਦੇ ਨਾਲ-ਨਾਲ ਨਵੀਂ ਪੀੜ੍ਹੀ ਨੂੰ ਆਪਣੇ ਸੱਭਿਆਚਾਰਕ ਵਿਰਸੇ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਮਾਗਮ ਦੇ ਅੰਤ ਵਿੱਚ ਸਮੂਹ ਮਹਿਲਾਵਾਂ ਅਤੇ ਧੀਆਂ ਨੂੰ ਤੀਆਂ ਦੇ ਤਿਉਹਾਰ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੇ ਜੀਵਨ ਵਿੱਚ ਸੁੱਖ, ਖੁਸ਼ਹਾਲੀ, ਸਮ੍ਰਿੱਧੀ ਅਤੇ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਗਈ।
ਖ਼ਬਰਾਂ
ਵਿਧਾਇਕਾ ਨੇ ਗਿੱਧੇ ਵਿਚ ਪਾਈਆਂ ਬੋਲੀਆਂ,ਮੁਟਿਆਰਾਂ ਵੀ ਹੋਈਆਂ ਹੈਰਾਨ
* ਤੀਆਂ ਦੇ ਪਾਵਨ ਤਿਉਹਾਰ ਮੌਕੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ,ਮੇਅਰ ਬਿਨਪਾਲ ਕੌਰ ਅਤੇ ਜ਼ਿਲ੍ਹਾ ਪ੍ਰਧਾਨ ਲਵਲੀ ਸਿੰਗਲਾ ਨੇ ਕੀਤੀ ਸ਼ਮੂਲੀਅਤ
3 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



