ਸਤਿਕਾਰਯੋਗ ਗੁਰੂ ਰੂਪ ਖ਼ਾਲਸਾ ਜੀਓ!
ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥
ਅੱਜ ਸਮੁੱਚਾ ਖ਼ਾਲਸਾ ਪੰਥ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਗਵਾਲੀਅਰ ਦੇ ਕਿਲ੍ਹੇ ਵਿੱਚੋਂ ੫੨ ਹਿੰਦੂ ਰਾਜਿਆਂ ਨੂੰ ਮੁਗ਼ਲਾਂ ਦੀ ਕੈਦ ਤੋਂ ਰਿਹਾਅ ਕਰਵਾਉਣ ਉਪਰੰਤ ਗੁਰੂ ਸਾਹਿਬ ਜੀ ਦੇ ਸ੍ਰੀ ਅੰਮ੍ਰਿਤਸਰ ਪੁੱਜਣ ਦੀ ਖੁਸ਼ੀ ਵਿੱਚ “ਬੰਦੀ ਛੋੜ ਦਿਵਸ” ਬਹੁਤ ਖੁਸ਼ੀਆਂ ਨਾਲ ਮਨਾ ਰਿਹਾ ਹੈ। ਗੁਰੂ ਸਾਹਿਬ ਜੀ ਦੀ ਆਮਦ ਨੂੰ ਸਿੱਖਾਂ ਨੇ ਦੀਪਮਾਲਾ ਕਰਕੇ ਬਹੁਤ ਹੀ ਖੁਸ਼ੀਆਂ ਨਾਲ ਮਨਾਇਆ।
ਸਤਿਗੁਰੁ ਬੰਦੀਛੋੜੁ ਹੈ ਜੀਵਣ ਮੁਕਤਿ ਕਰੈ ਓਡੀਣਾ ॥ - ਗੁਰੂ ਸਾਹਿਬ ਸਾਨੂੰ ਬੰਧਨਾਂ ਤੋਂ ਵੀ ਮੁਕਤ ਕਰਦੇ ਹਨ। ਅੱਜ ਜਦੋਂ ਅਸੀਂ ਨਾਨਕਸ਼ਾਹੀ ਸੰਮਤ ੫੫੮ (ਸੰਨ ੨੦੨੬) ਵਿੱਚ ਬੰਦੀ ਛੋੜ ਦਿਵਸ ਮਨਾ ਰਹੇ ਹਾਂ ਤਾਂ ਸਾਨੂੰ ਸਾਰਿਆਂ ਨੂੰ ਇਹ ਸੰਕਲਪ ਕਰਨਾ ਚਾਹੀਦਾ ਹੈ ਅਸੀਂ ਗੁਰੂ ਨਾਲ ਜੁੜਾਂਗੇ, ਗੁਰੂ ਦੇ ਰਸਤੇ ’ਤੇ ਤੁਰਾਂਗੇ ਅਤੇ ਗੁਰੂ ਵਾਲੇ ਬਣਾਂਗੇ ਤਾਂ ਗੁਰੂ ਸਾਨੂੰ ਸਾਰੇ ਬੰਧਨਾਂ ਵਿੱਚੋਂ ਮੁਕਤ ਕਰਨ ਵਾਲਾ ਹੈ।
ਬੰਦੀ ਛੋੜ ਦਿਵਸ ਨੂੰ ਮਨਾਉਂਦਿਆਂ ਬੰਦੀ ਸਿੰਘਾਂ ਨੂੰ ਯਾਦ ਕਰਨਾ ਬੇਹੱਦ ਜ਼ਰੂਰੀ ਹੈ ਜੋ ਸਾਡੇ ਕੌਮੀ ਯੋਧੇ ਹਨ। ਪਿਛਲੇ ਲੰਮੇ ਸਮੇਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਜੇਲ੍ਹਾਂ ਅੰਦਰ ਨਜ਼ਰਬੰਦ ਹਨ। ਖਾਸਕਰ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਪਿਛਲੇ ਲੰਮੇ ਸਮੇਂ ਤੋਂ ਫਾਂਸੀ ਦੀ ਚੱਕੀ ਵਿੱਚ ਸਮਾਂ ਬਤੀਤ ਕਰ ਰਹੇ ਹਨ ਅਤੇ ਸਰਕਾਰ ਉਨ੍ਹਾਂ ਦੇ ਮਾਮਲੇ ਵਿੱਚ ਕੋਈ ਫੈਸਲਾ ਨਹੀਂ ਕਰ ਰਹੀ ਹੈ। ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਗੁਰਦੀਪ ਸਿੰਘ ਖੇੜਾ, ਪ੍ਰੋ. ਦੇਵਿੰਦਰਪਾਲ ਸਿੰਘ ਭੁੱਲਰ ਤੇ ਹੋਰ ਸਿੰਘਾਂ ਦੀਆਂ ਰਿਹਾਈਆਂ ਖ਼ਾਲਸਾ ਪੰਥ ਚਾਹੁੰਦਾ ਹੈ, ਇਹ ਰਿਹਾਅ ਹੋਣੇ ਚਾਹੀਦੇ ਹਨ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਉਨ੍ਹਾਂ ਰਾਜਿਆਂ ਨੂੰ ਵੀ ਬੰਧਨਾਂ ਤੋਂ ਮੁਕਤ ਕੀਤਾ ਜਿਨ੍ਹਾਂ ਨਾਲ ਖਿਆਲ ਵੀ ਨਹੀਂ ਮਿਲਦੇ ਸਨ। ਸਮੁੱਚੀ ਕੌਮ ਬੰਦੀ ਸਿੰਘਾਂ ਦੀ ਰਿਹਾਈ ਲਈ ਲਾਮਬੰਦੀ ਕਰੇ। ਜੇਕਰ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੇ ਮਸਲੇ ’ਤੇ ਸਰਕਾਰਾਂ ਸੁਹਿਰਦਤਾ ਨਹੀਂ ਦਿਖਾਉਂਦੀਆਂ ਤਾਂ ਪੰਥ ਦੀ ਨੁਮਾਇੰਦਾ ਧਾਰਮਿਕ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਪੰਥ ਦੇ ਸਹਿਯੋਗ ਨਾਲ ਕੋਈ ਉਚੇਚਾ ਪ੍ਰੋਗਰਾਮ ਉਲੀਕਣਾ ਚਾਹੀਦਾ ਹੈ।
ਅੱਜ ਸਿੱਖਾਂ ਦੇ ਸਾਹਮਣੇ ਕਈ ਚੁਣੌਤੀਆਂ ਅਤੇ ਕਈ ਕਾਰਜ ਕਰਨ ਵਾਲੇ ਪਏ ਹਨ। ਅਸੀਂ ਸਭ ਜਾਣਦੇ ਹਾਂ ਕਿ ਗੁਰੂ ਸਾਹਿਬ ਨੇ ਸਿੱਖਾਂ ਨੂੰ ਖ਼ਾਲਸਾ ਪੰਥ ਦੇ ਰੂਪ ਵਿੱਚ ਇੱਕ ਪਰਿਵਾਰ ਬਣਾਇਆ ਹੈ, ਅੱਜ ਇਸ ਇੱਕ ਪਰਿਵਾਰ ਦੀ ਭਾਵਨਾ ਨੂੰ ਕਾਇਮ ਕਰਨ ਦੀ ਲੋੜ ਹੈ। ਸਾਡੇ ਬਜ਼ੁਰਗਾਂ ਨੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਲੈਣ ਲਈ ਬਹੁਤ ਸ਼ਹਾਦਤਾਂ ਦਿੱਤੀਆਂ, ਅੱਜ ਵੀ ਗੁਰਦੁਆਰਾ ਪ੍ਰਬੰਧ ਨੂੰ ਆਪਣੇ ਹੱਥਾਂ ਵਿੱਚ ਲੈਣ ਲਈ ਕਈ ਤਾਕਤਾਂ ਡਟੀਆਂ ਹੋਈਆਂ ਹਨ। ਸਿੱਖਾਂ ਦੀ ਨੁਮਾਇੰਦਾ ਧਾਰਮਿਕ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਸ਼ਾਂ ਚੱਲੀਆਂ ਜਾ ਰਹੀਆਂ ਹਨ। ਸਿੱਖਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਜਥੇਬੰਦਕ ਤੌਰ ’ਤੇ ਸਾਡੀਆਂ ਵੱਡੀਆਂ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਜਾਂਦਾ ਹੈ ਤਾਂ ਇਸ ਨਾਲ ਪੰਥ ਦੇ ਹਿੱਤ ਵੀ ਕਮਜ਼ੋਰ ਹੋਣਗੇ, ਇਸ ਲਈ ਸਿੱਖ ਸੰਸਥਾਵਾਂ ਨੂੰ ਇਕਜੁੱਟਤਾ ਨਾਲ ਤਕੜਾ ਕਰੀਏ।
ਸਿੱਖਾਂ ਦੀਆਂ ਸੰਸਥਾਵਾਂ ਵਿੱਚ ਦਖਲ ਲਈ ਇਹੋ ਜਿਹੇ ਕਾਲੇ ਕਾਨੂੰਨ ਬਣਾਏ ਜਾ ਰਹੇ ਹਨ ਜਿਸ ਨਾਲ ਸਿੱਖ ਅਤੇ ਗੁਰੂ ਵਿਚਕਾਰ ਦੂਰੀ ਵਧਦੀ ਹੈ। ਸਾਨੂੰ ਇਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਸਿੱਖ ਸੰਸਥਾਵਾਂ ਵਿੱਚ ਦਖਲ ਦੇਣ ਦੀ ਸੋਚ ਰੱਖਣ ਵਾਲੀਆਂ ਤਾਕਤਾਂ ਇੱਕ ਗੱਲ ਚੇਤੇ ਰੱਖਣ ਕਿ ਜਿਸ ਕਿਸੇ ਨੇ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਨ੍ਹਾਂ ਦਾ ਵਜੂਦ ਮਿਟਿਆ ਹੈ। ਅੱਜ ਪੰਥ ਦੇ ਵੱਡੇਰੇ ਹਿੱਤਾਂ ਲਈ ਦੇਸ਼-ਵਿਦੇਸ਼ ਅੰਦਰ ਇਕੱਠੇ ਹੋਣ ਦੀ ਲੋੜ ਹੈ। ਗੁਰਦੁਆਰਾ ਪ੍ਰਬੰਧ ਵਿੱਚ ਆਪਸੀ ਛੋਟੇ-ਛੋਟੇ ਝਗੜਿਆਂ ਤੇ ਵਿਵਾਦਾਂ ਦੇ ਕਾਰਨ ਗੁਰੂ ਘਰ ਦੇ ਫੰਡ ਖਾਸਕਰ ਵਿਦੇਸ਼ਾਂ ਵਿੱਚ ਕਾਨੂੰਨੀ ਲੜਾਈਆਂ ਵਿੱਚ ਬਰਬਾਦ ਹੋ ਰਹੇ ਹਨ ਜੋ ਕਿ ਪੰਥ ਅਤੇ ਧਰਮ ਪ੍ਰਚਾਰ ਦੇ ਲੇਖੇ ਲੱਗਣੇ ਚਾਹੀਦੇ ਹਨ। ਅਜਿਹੀਆਂ ਲੜਾਈਆਂ ਆਪਸ ਵਿੱਚ ਬੈਠ ਕੇ ਇਤਫਾਕ ਨਾਲ ਨਿਬੇੜੀਏ।
ਇਕੱਲਾ ਸੰਸਥਾਵਾਂ ਨੂੰ ਹੀ ਨਹੀਂ, ਪੰਜਾਬ ਦੀ ਨੌਜਵਾਨੀ ਨੂੰ ਗਾਲਣ ਲਈ ਵੀ ਨਸ਼ਿਆਂ ਦਾ ਛੇਵਾਂ ਦਰਿਆਂ ਵਗ ਰਿਹਾ ਹੈ। ਭਾਵੇਂ ਕਿ ਨਸ਼ਾ ਵਿਸ਼ਵਵਿਆਪੀ ਸਮੱਸਿਆ ਹੈ ਪਰ ਗੁਰੂ ਸਾਹਿਬਾਨ ਨੇ ਸਾਨੂੰ ਨਸ਼ਿਆਂ ਤੋਂ ਰੋਕਿਆ ਹੈ। ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਿੱਖੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਣ ਦਾ ਕਾਰਜ ਕਰੀਏ।
ਸਿੱਖ ਕਿਰਤ ਕਰਨ ਲਈ ਵਿਦੇਸ਼ਾਂ ਵਿੱਚ ਵੀ ਗਏ, ਕਈ ਦੇਸ਼ਾਂ ਵਿੱਚ ਸਾਡੀਆਂ ਚੌਥੀ ਜਾਂ ਪੰਜਵੀਂ ਪੀੜ੍ਹੀਆਂ ਵੱਸ ਰਹੀਆਂ ਹਨ। ਲੋੜ ਹੈ ਕਿ ਚੌਥੀ ਤੇ ਪੰਜਵੀਂ ਪੀੜ੍ਹੀ ਨੂੰ ਪੰਜਾਬ ਨਾਲ ਜੋੜਿਆ ਜਾਵੇ, ਉਹ ਪੰਜਾਬ ਆਉਣ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਤਾਂ ਜੋ ਉਹ ਆਪਣੇ ਮੂਲ ਨਾਲ ਜੁੜੇ ਰਹਿਣ। ਗੁਰਬਾਣੀ ਦਾ ਬਚਨ ਹੈ - ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ ॥੧੨॥ - ਜੇਕਰ ਅਸੀਂ ਆਪਣੀ ਜੜ੍ਹ ਨਾਲ ਜੁੜੇ ਰਹਾਂਗੇ ਤਾਂ ਅਸੀਂ ਖੁਸ਼ਹਾਲ ਤੇ ਹਰੇ ਰਹਾਂਗੇ, ਪਰ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਜੜ੍ਹ ਨਾਲੋਂ ਵੱਖ ਕਰ ਦਈਏ ਤਾਂ ਇਹ ਠੀਕ ਨਹੀਂ। ਇਸ ਲਈ ਸਮੇਂ-ਸਮੇਂ ਸਾਲ ਦੋ ਸਾਲ ਬਾਅਦ ਵਿਦੇਸ਼ਾਂ ਤੋਂ ਆਪਣੇ ਬੱਚਿਆਂ ਨੂੰ ਪੰਜਾਬ ਜ਼ਰੂਰ ਲੈ ਕੇ ਆਈਏ, ਉਨ੍ਹਾਂ ਨੂੰ ਆਪਣੇ ਪਿੰਡਾਂ ਵਿੱਚ ਕੁਝ ਸਮਾਂ ਰਹਿਣ ਦਾ ਮੌਕਾ ਦਈਏ ਤਾਂ ਜੋ ਉਹ ਮੂਲ ਸੱਭਿਆਚਾਰ ਨੂੰ ਨੇੜਿਓਂ ਦੇਖ ਕੇ ਸਮਝ ਅਤੇ ਸਿੱਖ ਸਕਣ।
ਸਿੱਖ ਵਿਦੇਸ਼ਾਂ ਵਿੱਚ ਸਥਾਪਤ ਹੋਏ ਹਨ, ਜਿਸ ਨਾਲ ਸਾਡੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਹੈ। - ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ॥ ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ ॥ - ਖ਼ਾਲਸਾ ਗੁਰੂ ਦੀ ਫ਼ੌਜ ਹੈ ਜੋ ਅਕਾਲ ਪੁਰਖ ਦੀ ਮੌਜ ਵਿੱਚੋਂ ਪ੍ਰਗਟ ਹੋਇਆ ਹੈ। ਫ਼ੌਜ ਕੋਲ ਸਸ਼ਤਰ ਤੇ ਹਥਿਆਰ ਹੁੰਦੇ ਹਨ, ਇਹ ਜ਼ਰੂਰੀ ਹੈ, ਪਰ ਫ਼ੌਜ ਵਿੱਚ ਸਭ ਤੋਂ ਮੁੱਢਲਾ ਅਸੂਲ ਅਨੁਸ਼ਾਸਨ ਤੇ ਕਾਇਦਾ ਹੁੰਦਾ ਹੈ। ਸਾਨੂੰ ਵਿਦੇਸ਼ਾਂ ਵਿੱਚ ਜਾਬਤੇ ਅੰਦਰ ਰਹਿ ਕੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਵਿਚਰਨ ਦੀ ਲੋੜ ਹੈ। ਕਈ ਵਾਰ ਕਿਸੇ ਇੱਕ ਦੀ ਕੀਤੀ ਹੋਈ ਗਲਤੀ ਬਾਕੀ ਪੰਥ ਲਈ ਨਮੋਸ਼ੀ ਦਾ ਕਾਰਨ ਬਣਦੀ ਹੈ। ਸਿੱਖ ਨੇ ਆਪਣੇ ਕਕਾਰ ਕਿਰਪਾਨ ਨੂੰ ਬਹੁਤ ਜਾਬਤੇ ਵਿੱਚ ਰਹਿੰਦਿਆਂ ਧਾਰਨ ਕਰਨਾ ਹੈ ਅਤੇ ਸਮਾਜ ਵਿੱਚ ਵਿਚਰਨਾ ਹੈ। ਅਜਿਹੇ ਅਨਸਰਾਂ ਤੋਂ ਸੁਚੇਤ ਰਹਿਣਾ ਹੈ ਜੋ ਬਾਹਰੋਂ ਕੁਝ ਹੋਰ ਅਤੇ ਅੰਦਰੋਂ ਕੁਝ ਹੋਰ ਹੁੰਦੇ ਹਨ।
ਇਸ ਮੁਲਕ ਅੰਦਰ ਸਿੱਖਾਂ ਦੀ ਘਟਦੀ ਅਬਾਦੀ ਬਹੁਤ ਚਿੰਤਾ ਦਾ ਵਿਸ਼ਾ ਹੈ। ਇਸ ਕਰਕੇ ਗੁਰੂ ਸਾਹਿਬ ਉੱਤੇ ਭਰੋਸਾ ਕਰੀਏ, ਗੁਰਬਾਣੀ ਵਿੱਚ ਦਰਜ ਹੈ - ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥ - ਕੌਮੀ ਹਿਤਾਂ ਦੇ ਮੱਦੇਨਜ਼ਰ ਸਿੱਖ ਕੌਮ ਤੇ ਆਪਣੇ ਪਰਿਵਾਰਾਂ ਦੇ ਵਾਧੇ ਲਈ ਇੱਛਾ ਰੱਖੀਏ ਤੇ ਲੋਚਨਾ ਕਰੀਏ।
ਭਾਰਤ ਅੰਦਰ ਹਵਾਈ ਅੱਡਿਆਂ ਉੱਤੇ ਸਿੱਖਾਂ ਨੂੰ ਕਕਾਰਾਂ ਖਾਸਕਰ ਕਿਰਪਾਨ ਪਹਿਨ ਕੇ ਕੰਮ ਕਰਨ ਤੋਂ ਰੋਕ ਹੈ। ਇਹ ਸਿੱਖਾਂ ਦੇ ਮਾਨਵੀ ਅਤੇ ਧਾਰਮਿਕ ਅਧਿਕਾਰਾਂ ਉੱਤੇ ਗੰਭੀਰ ਸੱਟ ਹੈ। ਅੱਜ ਜਦੋਂ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ੩੫੦ ਸਾਲਾ ਸ਼ਹੀਦੀ ਦਿਹਾੜੇ ਨੂੰ ਮਨਾ ਕਿ ਹਟੇ ਹਾਂ ਜਿਨ੍ਹਾਂ ਨੇ ਉਸ ਵੇਲੇ ਦੀ ਮਜ਼ਲੂਮ ਧਿਰ ਦੇ ਤਿਲਕ ਤੇ ਜੰਞੂ ਦੀ ਰਾਖੀ ਕਰਦਿਆਂ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਲਈ ਅਦੁੱਤੀ ਸ਼ਹਾਦਤ ਦਿੱਤੀ, ਤਾਂ ਉਸ ਵੇਲੇ ਸਿੱਖਾਂ ਨੂੰ ਆਪਣੇ ਕਕਾਰ ਕਿਰਪਾਨ ਪਹਿਨ ਕੇ ਹਵਾਈ ਅੱਡਿਆਂ ਉੱਤੇ ਕੰਮ ਕਰਨ ਤੋਂ ਰੋਕਣਾ ਉਨ੍ਹਾਂ ਦੇ ਧਾਰਮਿਕ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਸਰਕਾਰਾਂ ਨੂੰ ਅਜਿਹੇ ਫੈਸਲੇ ਵਾਪਸ ਲੈਣੇ ਚਾਹੀਦੇ ਹਨ। ਸਫ਼ਰ ਕਰਨ ਵੇਲੇ ਹਵਾਈ ਅੱਡਿਆਂ ਉੱਤੇ ਹੱਕ ਹੋਣ ਦੇ ਬਾਵਜੂਦ ਵੀ ਸਿੱਖਾਂ ਨੂੰ ਜਲੀਲ ਕਰਨਾ, ਕੜੇ ਤੇ ਕਕਾਰ ਲੁਹਾਉਣੇ - ਇਸੇ ਤਰ੍ਹਾਂ ਮੁਕਾਬਲਾ ਇਮਤਿਹਾਨਾਂ ਮੌਕੇ ਸਕੂਲਾਂ ਕਾਲਜਾਂ ਵਿੱਚ ਕਕਾਰ ਲੁਹਾਉਣੇ - ਸਿੱਖ ਪਛਾਣ ਉੱਤੇ ਸਿੱਧਾ ਹਮਲਾ ਹੈ, ਜਿਸ ਨੂੰ ਖ਼ਾਲਸਾ ਪੰਥ ਨੂੰ ਇਕਜੁੱਟਤਾ ਨਾਲ ਨਜਿੱਠਣਾ ਚਾਹੀਦਾ ਹੈ।
ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜੋ ਹਮੇਸ਼ਾ ਆਪਸੀ ਇਤਫ਼ਾਕ, ਮੁਹੱਬਤ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦਾ ਹੈ, ਪਿਛਲੇ ਲੰਮੇ ਸਮੇਂ ਤੋਂ ਬੰਦ ਹੈ, ਜਿਸ ਨੂੰ ਬਿਨਾਂ ਦੇਰੀ ਖੋਲ੍ਹਣਾ ਚਾਹੀਦਾ ਹੈ। ਸਿੱਖ ਰੋਜ਼ਾਨਾ ਅਰਦਾਸ ਅੰਦਰ ਵਿਛੋੜੇ ਗਏ ਗੁਰਧਾਮਾਂ ਦੇ ਦਰਸ਼ਨ ਦੀਦਾਰ ਲੋਚਦੇ ਹਨ, ਪੰਥ ਜਜ਼ਬਾਤੀ ਤੌਰ ’ਤੇ ਆਪਣੇ ਇਨ੍ਹਾਂ ਪਾਵਨ ਅਸਥਾਨਾਂ ਨਾਲ ਜੁੜਿਆ ਹੈ, ਇਨ੍ਹਾਂ ਨੂੰ ਪਿਆਰ ਕਰਦਾ ਹੈ। ਸਿੱਖਾਂ ਨੂੰ ਵਿਛੋੜੇ ਗਏ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਹੋਣੇ ਚਾਹੀਦੇ ਹਨ।
ਹਰ ਕੌਮ ਆਪਣੀ ਵਿਰਾਸਤ ਨੂੰ ਪਿਆਰ ਕਰਦੀ ਹੈ। ਸਿੱਖਾਂ ਦੀ ਜਿਤਨੀ ਵੀ ਵਿਰਾਸਤ ਗੁਰੂ ਸਾਹਿਬਾਨ ਨਾਲ ਸਬੰਧਤ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਅਤੇ ਸਿੱਖ ਸ਼ਹੀਦਾਂ ਨਾਲ ਸਬੰਧਤ ਬਚੀ ਹੈ, ਇਸ ਵਿਰਾਸਤ ਨੂੰ ਸੱਚੀ-ਸੁੱਚੀ ਭਾਵਨਾ ਨਾਲ ਅਗਲੀ ਪੀੜ੍ਹੀਆਂ ਲਈ ਸੰਭਾਲਣ ਦੀ ਲੋੜ ਹੈ। ਸਾਨੂੰ ਵਿਰਾਸਤੀ ਇਮਾਰਤਾਂ ਢਾਹੁਣ ਦੀ ਬਜਾਏ ਉਨ੍ਹਾਂ ਨੂੰ ਹੂਬਹੂ ਸੰਭਾਲਣ ਤੇ ਸੁਰੱਖਿਅਤ ਰੱਖਣ ਦੀ ਲੋੜ ਹੈ, ਇਸ ਲਈ ਭਾਵੇਂ ਜਿਤਨਾ ਵੀ ਮੁੱਲ ਤਾਰਨਾ ਪਵੇ।
ਸਿੱਖੀ ਵਿੱਚ ਮੀਰੀ-ਪੀਰੀ ਦਾ ਸਿਧਾਂਤ ਹੈ, ਦੋਵਾਂ ਨੂੰ ਇੱਕ ਦੂਜੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਭਗਤੀ-ਸ਼ਕਤੀ, ਧਰਮ-ਰਾਜਨੀਤੀ, ਸੰਤ-ਸਿਪਾਹੀ - ਇਹ ਸਾਨੂੰ ਗੁਰੂ ਬਖਸ਼ਿਸ਼ ਕੀਤੇ ਸੰਕਲਪ ਤੇ ਸਿਧਾਂਤ ਹਨ। ਸਿੱਖ ਨੂੰ ਸਮਾਜਿਕ, ਪਰਿਵਾਰਕ, ਆਰਥਿਕ, ਧਾਰਮਿਕ ਅਤੇ ਰਾਜਨੀਤਕ ਤੌਰ ’ਤੇ ਹਰ ਪਾਸਿਓਂ ਤਕੜਾ ਹੋਣਾ ਚਾਹੀਦਾ ਹੈ। ਗੁਰੂ ਦੀ ਗੁਰਬਾਣੀ ਨਾਲ ਜੁੜ ਕੇ ਧਾਰਮਿਕ ਤੌਰ ’ਤੇ ਤੜਕੇ ਹੋਣ ਦੇ ਨਾਲ-ਨਾਲ ਸਾਨੂੰ ਅੱਜ ਰਾਜਸੀ ਤੌਰ ’ਤੇ ਵੀ ਮਜ਼ਬੂਤ ਹੋਣ ਦੀ ਲੋੜ ਹੈ। ਪੰਜਾਬ ਅੰਦਰ ਕਾਰਜਸ਼ੀਲ ਸਾਰੀਆਂ ਹੀ ਪੰਥਕ, ਧਾਰਮਿਕ ਅਤੇ ਸਿਆਸੀ ਧਿਰਾਂ, ਪੰਥ ਤੇ ਪੰਜਾਬ ਦੇ ਹਿੱਤਾਂ ਲਈ ਸਿਰ ਜੋੜ ਕੇ ਬੈਠਣ। ਵੱਖ-ਵੱਖ ਤੁਰਿਆਂ ਕੋਈ ਪ੍ਰਾਪਤੀ ਨਹੀਂ, ਇਕੱਠੇ ਹੋਇਆਂ ਕੌਮ ਨੂੰ ਹਮੇਸ਼ਾ ਪ੍ਰਾਪਤੀ ਹੁੰਦੀ ਹੈ - ਖਖੜੀਆ ਸੁਹਾਵੀਆ ਲਗੜੀਆ ਅਕ ਕੰਠਿ ॥ ਬਿਰਹ ਵਿਛੋੜਾ ਧਣੀ ਸਿਉ ਨਾਨਕ ਸਹਸੈ ਗੰਠਿ ॥੧॥ - ਜੇਕਰ ਅਸੀਂ ਅੱਡ-ਅੱਡ ਤੁਰਾਂਗੇ ਤਾਂ ਹਵਾ ਵਿੱਚ ਉੱਡਦੇ ਫਿਰਾਂਗੇ ਅਤੇ ਜੇਕਰ ਇਕੱਠੇ ਹੋਵਾਂਗੇ ਤਾਂ ਚੰਗੇ ਰਹਾਂਗੇ।
ਸਿੱਖੀ ਅੰਦਰ ਕੋਈ ਵਖਰੇਵਾਂ ਨਹੀਂ। ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਾਈਏ ਹਰ ਥਾਂ ਉੱਤੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਾਂ। ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਸਾਡੇ ਲਈ ਬਹੁਤ ਅਹਿਮ ਦਸਤਾਵੇਜ਼ ਹੈ ਜਿਸ ਨੂੰ ਕਈ ਸਾਲਾਂ ਦੀ ਘਾਲਣਾ ਤੋਂ ਬਾਅਦ ਸਾਡੇ ਬਜ਼ੁਰਗਾਂ ਨੇ ਤਿਆਰ ਕੀਤਾ, ਇਹ ਸਾਨੂੰ ਇੱਕ ਮਾਲਾ ਵਿੱਚ ਪਰੋਂਦੀ ਹੈ। ਇਸ ਕਰਕੇ ਸਾਨੂੰ ਆਪਸੀ ਪ੍ਰੇਮ ਤੇ ਇਤਫਾਕ ਵਧਾਉਣ ਵਾਲੇ ਪਾਸੇ ਤੁਰਨਾ ਚਾਹੀਦਾ ਹੈ। ਪੰਥ ਵਿੱਚ ਫੁੱਟ ਪਾਉਣ ਵਾਲੀਆਂ ਤਾਕਤਾਂ ਤੋਂ ਸੁਚੇਤ ਰਹੀਏ।
ਗੁਰੂ ਸਾਹਿਬ ਜੀ ਨੇ - ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥ - ਦਾ ਸੰਦੇਸ਼ ਦਿੱਤਾ ਹੈ। ਅੱਜ ਦੇ ਯੁੱਗ ਵਿੱਚ ਵੀ ਵਿਦਿਆ ਦਾ ਬਹੁਤ ਮਹੱਤਵ ਹੈ, ਆਪਣੇ ਬੱਚਿਆਂ ਨੂੰ ਉੱਚ ਪੱਧਰ ਦੀ ਵਿਦਿਆ ਮੁਹੱਈਆ ਕਰਵਾਈਏ। ਸਿੱਖ ਹਰ ਖੇਤਰ ਵਿੱਚੋਂ ਮੂਹਰੇ ਆਉਣੇ ਚਾਹੀਦੇ ਹਨ। ਉੱਚ ਵਿਦਿਆ ਹਾਸਲ ਕਰਕੇ ਸਾਡੇ ਬੱਚੇ ਉੱਚੇ ਰੁਤਬਿਆਂ ਉੱਤੇ ਪਹੁੰਚਣ ਪਰ ਉੱਥੇ ਪਹੁੰਚ ਕੇ ਵੀ ਉਹ ਕੌਮ ਦੀ ਚੜ੍ਹਦੀ ਕਲਾ, ਮਨੁੱਖਤਾ ਅਤੇ ਸਰਬੱਤ ਦੇ ਭਲੇ ਦੇ ਕਾਰਜ ਕਰਨ, ਇਹ ਪ੍ਰੇਰਣਾ ਹੋਣੀ ਚਾਹੀਦੀ ਹੈ। ਸਿੱਖ ਇਹ ਨਿਸ਼ਚਾ ਕਰਨ ਕੇ ਸਾਡਾ ਕੋਈ ਵੀ ਬੱਚਾ ਅਨਪੜ੍ਹ ਨਾ ਰਹੇ, ਹਰ ਬੱਚਾ ਪੜ੍ਹੇ ਲਿਖੇ।
ਗੁਰੂ ਸਾਹਿਬ ਜੀ ਨੇ - ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ - ਦੀ ਸਿੱਖਿਆ ਨਾਲ ਪਾਣੀ, ਧਰਤੀ, ਹਵਾ ਨੂੰ ਸ਼ੁੱਧ ਰੱਖਣ ਦੀ ਗੱਲ ਕੀਤੀ ਹੈ। ਪਹਿਲਾਂ ਪੰਜਾਬ ਅੰਦਰ ਝਿੜੀਆਂ ਅਤੇ ਚਿੜੀਆਂ ਹੁੰਦੀਆਂ ਸਨ, ਜੋ ਹੁਣ ਖਤਮ ਹੁੰਦੀਆਂ ਜਾ ਰਹੀਆਂ ਹਨ। ਅੱਜ ਲੋੜ ਹੈ ਪੰਜਾਬ ਅੰਦਰ ਵੱਧ ਤੋਂ ਵੱਧ ਰੁੱਖ ਲਗਾਏ ਜਾਣ, ਉਨ੍ਹਾਂ ਦੀ ਸਾਂਭ-ਸੰਭਾਲ ਵੀ ਕੀਤੀ ਜਾਵੇ। ਸਾਡੇ ਜਲ ਸਰੋਤਾਂ ਨੂੰ ਸੰਭਾਲਿਆ ਜਾਵੇ ਅਤੇ ਪ੍ਰਦੂਸ਼ਣ ਮੁਕਤ ਕੀਤਾ ਜਾਵੇ। ਪੰਜਾਬ ਦੀਆਂ ਬੇਸ਼ਕੀਮਤੀ ਜ਼ਮੀਨਾਂ ਨਾ ਵੇਚੀਆਂ ਜਾਣ, ਇਹ ਧਰਤੀ ਗੁਰੂ ਸਾਹਿਬਾਨ ਦੇ ਨਾਮ ਉੱਤੇ ਜਿਉਂਦੀ ਹੈ, ਇੱਥੇ ਸਾਡੇ ਲੱਖਾਂ ਸ਼ਹੀਦਾਂ ਦਾ ਖੂਨ ਡੁੱਲ੍ਹਿਆ ਹੈ।
ਸੰਤਹੁ ਸੁਨਹੁ ਸੁਨਹੁ ਜਨ ਭਾਈ ਗੁਰਿ ਕਾਢੀ ਬਾਹ ਕੁਕੀਜੈ ॥ ਜੇ ਆਤਮ ਕਉ ਸੁਖੁ ਸੁਖੁ ਨਿਤ ਲੋੜਹੁ ਤਾਂ ਸਤਿਗੁਰ ਸਰਨਿ ਪਵੀਜੈ ॥੫॥ - ਅੱਜ ਜਿੰਨੀ ਵੀ ਭਟਕਣਾ, ਖਿੰਡਾਅ, ਆਪਸੀ ਧੜੇਬੰਦੀ ਅਤੇ ਜੀਵਨ ਵਿੱਚ ਬੇਸਬਰੀ ਹੈ, ਇਸ ਦਾ ਕਾਰਨ ਹੈ ਕਿ ਅਸੀਂ ਗੁਰੂ ਸਾਹਿਬ ਦੀ ਸ਼ਰਨ ਨਹੀਂ। ਗੁਰੂ ਦੀ ਸ਼ਰਨ ਆਇਆਂ ਬੰਦਾ ਆਤਮਿਕ ਤੌਰ ’ਤੇ ਟਿਕ ਜਾਂਦਾ ਹੈ ਅਤੇ ਉਹ ਜੀਵਨ ਵਿੱਚ ਹਰ ਪਾਸਿਓਂ ਟਿਕਾਅ ਵਿੱਚ ਹੁੰਦਾ ਹੈ। ਅੱਜ ਦਾ ਦਿਹਾੜਾ ਸਾਨੂੰ ਗੁਰੂ ਸਾਹਿਬ ਨਾਲ ਜੁੜਣ ਦੀ ਸਿੱਖਿਆ ਦਿੰਦਾ ਹੈ, ਜਿਵੇਂ ਗੁਰੂ ਸਾਹਿਬ ਦਾ ਪੱਲਾ ਫੜ ਕੇ ੫੨ ਰਾਜੇ ਰਿਹਾਅ ਹੋਏ - ਅੱਜ ਵੀ ਲੋੜ ਹੈ ਸਤਿਗੁਰੂ ਦਾ ਪੱਲਾ ਫੜੀਏ।
ਸਿੱਖ ਦੇ ਜੀਵਨ ਦਾ ਅਧਾਰ ਗੁਰਬਾਣੀ ਹੈ। ਅਸੀਂ ਗੁਰਬਾਣੀ ਦਾ ਓਟ ਆਸਰਾ ਰੱਖੀਏ। ਗੁਰਬਾਣੀ ਨਾਲ ਜੁੜ ਕੇ ਹੀ ਆਤਮਿਕ ਟਿਕਾਅ ਅਤੇ ਸਹਿਜ ਆਵੇਗਾ, ਦੇਹਧਾਰੀ ਡੰਮਾਂ ਨੂੰ ਸਿੱਖ ਨਹੀਂ ਮੰਨਦਾ। ਜਿਹੜੇ ਦੇਹਧਾਰੀ ਡੰਮ ਪੰਜਾਬ ਅੰਦਰ ਲੋਕਾਂ ਨੂੰ ਭਰਮ ਭੁਲੇਖਿਆਂ, ਝੂਠੇ ਚਮਤਕਾਰਾਂ ਤੇ ਵਹਿਮਾਂ ਵਿੱਚ ਪਾ ਗੁੰਮਰਾਹ ਕਰ ਰਹੇ ਹਨ, ਸੱਚਾ ਸਿੱਖ ਉਨ੍ਹਾਂ ਦੇ ਰਾਹ ਕਦੇ ਨਹੀਂ ਜਾਂਦਾ। ਸਿੱਖ ਦਾ ਨਿਸ਼ਚਾ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੁੰਦਾ ਹੈ।
ਸਿੱਖੀ, ਪੰਜਾਬ, ਪੰਥ - ਚੜ੍ਹਦੀ ਕਲਾ ਦਾ ਨਾਮ ਹੈ। ਪੰਥ ਕਦੇ ਵੀ ਢਹਿੰਦੀ ਕਲਾ ਵਿੱਚ ਨਹੀਂ ਆਇਆ। ਇਹ ਪੰਜਾਬ ਦੀ ਫਿਤਰਤ ਹੈ ਕਿ ਔਖੇ ਤੋਂ ਔਖੇ ਸਮਿਆਂ ਵਿੱਚ ਵੀ ਅਸੀਂ ਇਕਜੁੱਟ ਰਹਿ ਕੇ, ਗੁਰੂ ਸਾਹਿਬ ਦੇ ਬਖਸ਼ੇ ਰਾਹ ਉੱਤੇ ਤੁਰ ਕੇ ਆਪਣਾ ਮਨੋਬਲ ਨਹੀਂ ਡਿੱਗਣ ਦਿੱਤਾ। ਆਓ! ਢਹਿੰਦੀ ਕਲਾ ਛੱਡ ਕੇ, ਗੁਰੂ ਨਾਲ ਜੁੜ ਕੇ, ਚੜ੍ਹਦੀ ਕਲਾ ਵਿੱਚ ਰਹੀਏ ਅਤੇ ਆਉਣ ਵਾਲੀਆਂ ਚੁਣੌਤੀਆਂ ਦਾ ਡਟ ਕੇ ਇਕ ਪਰਿਵਾਰ ਵਾਂਗ ਮੁਕਾਬਲਾ ਕਰੀਏ। ਜੇਕਰ ਗੁਰੂ ਦਾ ਥਾਪੜਾ ਹੋਵੇ ਤਾਂ ਸ਼ਹੀਦ ਬਾਬਾ ਬੋਤਾ ਸਿੰਘ ਅਤੇ ਸ਼ਹੀਦ ਬਾਬਾ ਗਰਜਾ ਸਿੰਘ ਦੇ ਵਾਰਸ ਕਿਸੇ ਵੀ ਮੰਜ਼ਲ ਨੂੰ ਸਰ ਕਰ ਸਕਦੇ ਹਨ।

ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥
ਗੁਰੂ ਪੰਥ ਦਾ ਦਾਸ,

੨੩ ਕੱਤਕ ਨਾਨਕਸ਼ਾਹੀ ਸੰਮਤ ੫੫੮ (ਗਿਆਨੀ ਕੁਲਦੀਪ ਸਿੰਘ),
(੦੮ ਨਵੰਬਰ ੨੦੨੬) ਕਾਰਜਕਾਰੀ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ,
ਸ੍ਰੀ ਅੰਮ੍ਰਿਤਸਰ ਸਾਹਿਬ।