ਡਾਟਾ ਦੀ ਸਮੀਖਿਆ ਕਰਕੇ ਫੀਲਡ ਗਤੀਵਿਧੀਆਂ, ਸਮੇਂ ਸਿਰ ਰਿਪੋਰਟਿੰਗ ਅਤੇ ਨਿਰਧਾਰਤ ਟੀਚੇ ਹਾਸਲ ਕਰਨ ਲਈ ਦਿੱਤੀਆਂ ਹਦਾਇਤਾਂ

ਤਰਨਤਾਰਨ (ਅਮਿਤ ਮਰਵਾਹਾ)

ਸਿਵਲ ਸਰਜਨ ਡਾ. ਸੰਦੀਪ ਧਵਨ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਟੀਬੀ ਅਧਿਕਾਰੀ ਡਾ. ਰੁਪਿੰਦਰਜੀਤ ਕੌਰ ਵੱਲੋਂ ਜ਼ਿਲ੍ਹਾ ਟੀਮ ਨਾਲ ਟੀਬੀ ਪ੍ਰੋਗਰਾਮ ਦੀ ਪ੍ਰਗਤੀ ਅਤੇ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਲਈ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦਾ ਮੁੱਖ ਉਦੇਸ਼ ਟੀਬੀ ਪ੍ਰੋਗਰਾਮ ਦੀ ਕਾਰਗੁਜ਼ਾਰੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ, ਫੀਲਡ ਪੱਧਰ ’ਤੇ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਅਤੇ ਨਿਰਧਾਰਤ ਟੀਚਿਆਂ ਨੂੰ ਸਮੇਂ ਸਿਰ ਹਾਸਲ ਕਰਨਾ ਰਿਹਾ।

ਮੀਟਿੰਗ ਦੌਰਾਨ ਟੀਬੀ ਪ੍ਰੋਗਰਾਮ ਨਾਲ ਸਬੰਧਤ ਡਾਟੇ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ ਅਤੇ ਵੱਖ-ਵੱਖ ਸੂਚਕਾਂ ਦੀ ਕਾਰਗੁਜ਼ਾਰੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਡਾ. ਰੁਪਿੰਦਰਜੀਤ ਕੌਰ ਨੇ ਪ੍ਰੋਗਰਾਮ ਦੇ ਨਤੀਜਿਆਂ ਵਿੱਚ ਹੋਰ ਸੁਧਾਰ ਲਿਆਉਣ, ਫੀਲਡ ਪੱਧਰ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਅਤੇ ਸਮੇਂ ਸਿਰ ਰਿਪੋਰਟਿੰਗ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।

ਉਨ੍ਹਾਂ ਸਬੰਧਤ ਸਟਾਫ ਨੂੰ ਆਪਣੀ ਕਾਰਗੁਜ਼ਾਰੀ ਵਿੱਚ ਹੋਰ ਸੁਧਾਰ ਲਿਆਉਣ ਅਤੇ ਨਿਰਧਾਰਤ ਟੀਚਿਆਂ ਨੂੰ ਹਾਸਲ ਕਰਨ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਟੀਬੀ ਪ੍ਰੋਗਰਾਮ ਦੀ ਸਫ਼ਲਤਾ ਲਈ ਫੀਲਡ ਪੱਧਰ ’ਤੇ ਸਰਗਰਮ ਨਿਗਰਾਨੀ, ਸਹੀ ਡਾਟਾ ਰਿਪੋਰਟਿੰਗ ਅਤੇ ਟੀਮ ਵਿਚਕਾਰ ਬਿਹਤਰ ਤਾਲਮੇਲ ਬੇਹੱਦ ਜ਼ਰੂਰੀ ਹੈ।

ਮੀਟਿੰਗ ਦੌਰਾਨ ਟੀਮ ਦੇ ਮੈਂਬਰਾਂ ਵੱਲੋਂ ਉਠਾਏ ਗਏ ਸਵਾਲਾਂ ਅਤੇ ਚਿੰਤਾਵਾਂ ’ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਉਨ੍ਹਾਂ ਦੇ ਹੱਲ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਇਸ ਮੌਕੇ ਫੀਲਡ ਸਟਾਫ ਨੂੰ ਪ੍ਰੋਗਰਾਮ ਨਾਲ ਸਬੰਧਤ ਗਤੀਵਿਧੀਆਂ ਦੀ ਨਿਯਮਤ ਮਾਨੀਟਰਿੰਗ ਕਰਨ ਅਤੇ ਆਪਸੀ ਸਹਿਯੋਗ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਮੀਟਿੰਗ ਦਾ ਮੁੱਖ ਕੇਂਦਰ ਟੀਬੀ ਪ੍ਰੋਗਰਾਮ ਦੀ ਮਾਨੀਟਰਿੰਗ ਨੂੰ ਹੋਰ ਮਜ਼ਬੂਤ ਕਰਨਾ, ਫੀਲਡ ਸਟਾਫ ਵਿਚਕਾਰ ਤਾਲਮੇਲ ਵਧਾਉਣਾ ਅਤੇ ਜ਼ਿਲ੍ਹੇ ਵਿੱਚ ਟੀਬੀ ਪ੍ਰੋਗਰਾਮ ਦੀ ਸਮੁੱਚੀ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਉਣਾ ਰਿਹਾ।

ਇਸ ਮੌਕੇ ਡਾ. ਰਣਦੀਪ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸ੍ਰੀ ਸੁਖਵੰਤ ਸਿੰਘ ਸਿੱਧੂ ਸਮੇਤ ਸਬੰਧਤ ਫੀਲਡ ਸਟਾਫ ਹਾਜ਼ਰ ਸੀ।