ਤਰਨਤਾਰਨ (ਅਮਿਤ ਮਰਵਾਹਾ)
ਨਸ਼ੇ ਵਜੋਂ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਵਿਕਰੀ ’ਤੇ ਸ਼ਿਕੰਜਾ ਕੱਸਦਿਆਂ ਸਿਹਤ ਵਿਭਾਗ ਦੀ ਡਰੱਗ ਇੰਸਪੈਕਟਰ ਟੀਮ ਨੇ ਸਰਹੱਦੀ ਕਸਬਾ ਅਲਗੋਂ ਕੋਠੀ ਵਿਖੇ ਇਕ ਮੈਡੀਕਲ ਸਟੋਰ ਦੀ ਅਚਨਚੇਤ ਜਾਂਚ ਕੀਤੀ। ਜਾਂਚ ਦੌਰਾਨ ਸਟੋਰ ਵਿੱਚੋਂ ਪਰੈਗਾਬਲਿਨ ਸਾਲਟ ਵਾਲੇ 250 ਕੈਪਸੂਲ ਅਤੇ ਪੇਟ ਦਰਦ ਲਈ ਵਰਤੀਆਂ ਜਾਣ ਵਾਲੀਆਂ ਸਪਾਸਮੋਵਿਨ ਦੀਆਂ 300 ਗੋਲੀਆਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਇਨ੍ਹਾਂ ਦਵਾਈਆਂ ਸਬੰਧੀ ਸਟੋਰ ਸੰਚਾਲਕ ਵੱਲੋਂ ਖਰੀਦ ਜਾਂ ਵਿਕਰੀ ਦੇ ਬਿੱਲ ਪੇਸ਼ ਨਾ ਕੀਤੇ ਜਾਣ ’ਤੇ ਵਿਭਾਗ ਨੇ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ।
ਡਰੱਗ ਇੰਸਪੈਕਟਰ ਹਰਪ੍ਰੀਤ ਸਿੰਘ ਅਨੁਸਾਰ ਉਹ ਆਪਣੀ ਟੀਮ ਸਮੇਤ ਸਰਹੱਦੀ ਇਲਾਕੇ ਵਿੱਚ ਮੈਡੀਕਲ ਸਟੋਰਾਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਅਲਗੋਂ ਕੋਠੀ ਸਥਿਤ ਸੰਧੂ ਮੈਡੀਕੋਜ਼ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਉਕਤ ਦਵਾਈਆਂ ਮਿਲੀਆਂ, ਜਿਨ੍ਹਾਂ ਸਬੰਧੀ ਦੁਕਾਨ ਸੰਚਾਲਕ ਸਰਬਜੀਤ ਸਿੰਘ ਕੋਈ ਖਰੀਦ ਜਾਂ ਵਿਕਰੀ ਦਾ ਰਿਕਾਰਡ ਪੇਸ਼ ਨਹੀਂ ਕਰ ਸਕਿਆ।
ਡਰੱਗ ਇੰਸਪੈਕਟਰ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਅਲਗੋਂ ਕੋਠੀ ਪੁਲਿਸ ਚੌਕੀ ਨੂੰ ਸੂਚਿਤ ਕੀਤਾ ਗਿਆ, ਜਿਸ ’ਤੇ ਚੌਕੀ ਇੰਚਾਰਜ ਸੁਨੀਲ ਦੱਤ ਮੌਕੇ ’ਤੇ ਪਹੁੰਚੇ। ਵਿਭਾਗੀ ਟੀਮ ਵੱਲੋਂ ਬਰਾਮਦ ਦਵਾਈਆਂ ਨੂੰ ਕਬਜ਼ੇ ਵਿੱਚ ਲੈਣ ਉਪਰੰਤ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮਾਮਲੇ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜ ਕੇ ਮੈਡੀਕਲ ਸਟੋਰ ਦਾ ਲਾਇਸੈਂਸ ਰੱਦ ਕਰਨ ਦੀ ਸਿਫਾਰਸ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਡਰੱਗ ਇੰਸਪੈਕਟਰ ਦਾ ਕਹਿਣਾ ਹੈ ਕਿ ਮੈਡੀਕਲ ਸਟੋਰ ਦੀ ਆੜ ਵਿੱਚ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕੋਈ ਵੀ ਦਵਾਈ ਡਾਕਟਰੀ ਪਰਚੀ ਦੇ ਬਿਣਾ ਨਹੀਂ ਦਿੱਤੀ ਜਾਣੀ ਚਾਹੀਦੀ ਤੇ ਖਰੀਦੀ ਹੋਈ ਤੇ ਵੇਚੀ ਹੋਈ ਦਵਾਈ ਦੇ ਬਿੱਲ ਰੱਖੇ ਜਾਣ ਤੇ ਸ਼ੈਡਿਊਲ H1 ਦਾ ਰਜਿਸਟਰ ਲਗਾਇਆ ਜਾਵੇ ਅਤੇ ਲਾਈਸੈਂਸ ਨੂੰ ਡਿਸਪਲੇਅ ਕਰਨਾ ਵੀ ਜਰੂਰੀ ਹੈ l