ਚੰਡੀਗੜ੍ਹ ,9 ਜੁਲਾਈ (ਜਸ਼ਨ )ਪੰਜਾਬ ਕਾਂਗਰਸ ਵਿਚ ਤੇਜ਼ੀ ਨਾਲ ਵਾਪਰ ਰਹੀਆਂ ਘਟਨਾਵਾਂ ਦੀ ਲੜੀ ਵਿਚ ਅੱਜ ਹੋਰ ਵਾਧਾ ਹੋ ਗਿਆ ਜਦੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ, ਮੋਗਾ ਦੇ ਉਘੇ ਕਾਂਗਰਸੀ ਆਗੂ ਮਨਜੀਤ ਮਾਨ ਨੇ ਵਿਸ਼ੇਸ਼ ਮੁਲਾਕਾਤ ਕਰਦਿਆਂ ਮੋਗਾ ਵਿਧਾਨ ਸਭ ਹਲਕੇ ਤੋਂ ਪਾਰਟੀ ਟਿਕਟ ਦੀ ਮੰਗ ਰੱਖੀ।
ਪੰਜਾਬ ਪ੍ਰਦੇਸ਼ ਕਮੇਟੀ ਮੈਂਬਰ ਮਨਜੀਤ ਮਾਨ ਨੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦਾ ਸਵਾਗਤ ਕਰਦਿਆਂ, ਕਾਂਗਰਸ ਦੇ ਦੁਬਾਰਾ ਚੁਣੇ ਗਏ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੁਬਾਰਕਾਂ ਦਿੱਤੀਆਂ।
ਇਸ ਸਮੇਂ ਹੋਰ ਕਈ ਪ੍ਰਕਾਰ ਦੀਆਂ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਮਾਨ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਵੀ ਸੀਨੀਅਰ ਆਗੂਆਂ ਦੀ ਅਗਵਾਈਨੁਮਾ ਰਾਇ ਲਈ। ਇਸ ਮੌਕੇ ਮਨਜੀਤ ਸਿੰਘ ਮਾਨ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਆਪਣੇ ਲਈ ਮੋਗਾ ਹਲਕੇ ਤੋਂ ਪਾਰਟੀ ਟਿਕਟ ਦੀ ਮੰਗ ਕੀਤੀ। ਮਨਜੀਤ ਸਿੰਘ ਮਾਨ ਨੇ ਦੋਨਾਂ ਸੀਨੀਅਰ ਕਾਂਗਰਸੀ ਆਗੂਆਂ ਨੂੰ ਕਿਹਾ ਕਿ ਜੇ ਪਾਰਟੀ ਉਹਨਾਂ ਨੂੰ ਮੋਗਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਮਾਣ ਬਖਸ਼ਦੀ ਹੈ ਤਾਂ ਉਹ ਸੀਨੀਅਰ ਕਾਂਗਰਸੀ ਲੀਡਰਸ਼ਿਪ ਅਤੇ ਹਾਈ ਕਮਾਂਡ ਦੀ ਯੋਗ ਅਗਵਾਈ ਹੇਠ, ਪੂਰਨ ਭਰੋਸੇ ਨਾਲ, ਚੋਣ ਲੜਦਿਆਂ, ਵੱਡੀ ਲੀਡ ਨਾਲ ਮੋਗਾ ਹਲਕੇ ਤੋਂ ਜਿੱਤ ਪ੍ਰਾਪਤ ਕਰਕੇ, ਕਾਂਗਰਸ ਦਾ ਝੰਡਾ ਬੁਲੰਦ ਕਰਨਗੇ।
ਮੀਟਿੰਗ ਉਪਰੰਤ ਚੰਡੀਗੜ੍ਹ ਤੋਂ ਵਾਪਸੀ ਸਮੇਂ ਮਨਜੀਤ ਮਾਨ ਨੇ 'ਇੰਟਰਨੈਸ਼ਨਲ ਪੰਜਾਬੀ ਨਿਊਜ਼' ਦੇ ਪ੍ਰਤੀਨਿਧ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਮੁਲਾਕਾਤ ਖੁਸ਼ਨੁਮਾ ਮਾਹੌਲ ਵਿਚ ਹੋਈ ਅਤੇ ਉਹਨਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਪਾਰਟੀ ਉਹਨਾਂ ਨੂੰ 2027 'ਚ, ਮੋਗਾ ਤੋਂ ਚੋਣ ਲੜਨ ਲਈ ਹਰੀ ਝੰਡੀ ਜ਼ਰੂਰ ਦੇਵੇਗੀ ਅਤੇ ਉਹ ਜਿੱਤ ਉਪਰੰਤ ਮੋਗਾ ਹਲਕੇ ਦੀ ਕਾਇਆ ਕਲਪ ਦਾ ਸਿਰਜਿਆ ਸੁਪਨਾ ਪੂਰਾ ਕਰਨ ਵਿਚ ਸਫਲ ਹੋਣਗੇ।