ਪਟਿਆਲਾ ,12 ਜੁਲਾਈ (ਜਸ਼ਨ )ਦਿਲਜੀਤ ਦੋਸਾਂਝ ਸੀ ਫਿਲਮ "ਸਤਲੁੱਜ" ਦੇ ਰਿਲੀਜ਼ ਹੋਣ ਤੇ ਫਿਰ ਪਾਬੰਧੀ ਲੱਗਣ ਦੇ ਸਿੱਟੇ ਸਾਹਮਣੇ ਆਉਣ ਲੱਗੇ ਨੇ। ਇਕ ਪਾਸੇ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਲਈ ਜਿੰਮੇਵਾਰ ਸਮਝਿਆਂ ਜਾਂਦੀਆਂ ਸਿਆਸੀ ਜਮਾਤਾਂ ਅਤੇ ਦੂਜੇ ਪਾਸੇ ਜਸਵੰਤ ਸਿੰਘ ਖਾਲੜਾ ਦੀ ਸਾਰ ਨਾ ਲੈਣ ਵਾਲਿਆਂ ਖਿਲਾਫ ਵੀ ਲੋਕਾਂ ਵਿਚ ਗੁੱਸਾ ਦੇਖਿਆ ਜਾ ਰਿਹਾ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਇਸ ਫਿਲਮ ਨੂੰ ਲੈ ਕੇ ਦਿੱਤੇ ਬਿਆਨ ਵੀ ਵਿਵਾਦਾਂ ਵਿਚ ਨੇ।
ਕਾਂਗਰਸ ਦੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਸੋਸ਼ਲ ਮੀਡੀਆ 'ਤੇ ਵਿਚਾਰ ਸਾਂਝੇ ਕਰਦਿਆਂ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਅਤੇ ਵੋਟਾਂ ਦੀ ਰਾਜਨੀਤੀ ਲਈ ਫਿਰਕੂ ਧਰੁਵੀਕਰਨ (Polarization) ਕਰਨ ਦੇ ਗੰਭੀਰ ਦੋਸ਼ ਲਾਏ ਹਨ। ਡਾ. ਗਾਂਧੀ ਨੇ ਭਾਜਪਾ ਦੀ ਰਣਨੀਤੀ 'ਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਪਾਰਟੀ ਇੱਕੋ ਸਮੇਂ ਦੋ ਵੱਖ-ਵੱਖ ਫਿਰਕੂ ਪੱਤੇ ਖੇਡ ਰਹੀ ਹੈ।
ਸੋਸ਼ਲ ਮੀਡੀਆ 'ਤੇ ਆਪਣੀ ਗੱਲ ਰੱਖਦਿਆਂ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਰੋਕੀ ਹੋਈ ਫ਼ਿਲਮ “ਸਤਲੁਜ” ਰਿਲੀਜ਼ ਦੇ ਮਹਿਜ਼ ਦੋ ਦਿਨਾਂ ਬਾਅਦ ਉਸ 'ਤੇ ਦੁਬਾਰਾ ਰੋਕ ਲਗਾ ਦੇਣਾ ਭਾਜਪਾ ਦੀ ਇੱਕ ਸੋਚੀ-ਸਮਝੀ ਚਾਲ ਦਾ ਹਿੱਸਾ ਹੈ। ਉਨ੍ਹਾਂ ਮੁਤਾਬਿਕ ਅਜਿਹਾ ਕਰਕੇ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਹੈ।
ਡਾ. ਗਾਂਧੀ ਨੇ ਆਪਣੇ ਬਿਆਨ ਵਿੱਚ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਰਵਨੀਤ ਬਿੱਟੂ ਨੂੰ ਹਿੰਦੂ ਭਾਈਚਾਰੇ ਨੂੰ ਭੜਕਾ ਕੇ ਸਿਆਸੀ ਲਾਹੇ ਲਈ ਵਰਤਣ ਦੇ ਕੰਮ 'ਤੇ ਲਾਇਆ ਹੋਇਆ ਹੈ। ਕਾਂਗਰਸ ਸਾਂਸਦ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਭਾਜਪਾ ਪੰਜਾਬ ਦੇ ਅੰਦਰ ਦੋ ਭਾਈਚਾਰਿਆਂ ਵਿਚਾਲੇ ਦੂਰੀਆਂ ਵਧਾ ਕੇ ਰਾਜਨੀਤਿਕ ਲਾਹਾ ਲੈਣਾ ਚਾਹੁੰਦੀ ਹੈ।
ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੀਆਂ ਸਿਆਸੀ ਚਾਲਾਂ ਤੋਂ ਸੁਚੇਤ ਰਹਿਣ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਹਰ ਕੀਮਤ 'ਤੇ ਬਰਕਰਾਰ ਰੱਖਣ। ਡਾ. ਗਾਂਧੀ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਤੋਂ ਬਹਿਸ ਛਿੜ ਗਈ ਹੈ।




