ਚੰਡੀਗੜ੍ਹ, 11 ਮਈ (ਮਨਜੀਤ ਸਿੰਘ ਢੱਲਾ) - ਪੰਜਾਬ ਵਿੱਚ ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਦਾ ਐਤਵਾਰ ਨੂੰ ਅਧਿਕਾਰਤ ਐਲਾਨ ਕਰ ਦਿੱਤਾ ਗਿਆ। ਪੰਜਾਬ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਚੰਡੀਗੜ੍ਹ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਚੋਣ ਪ੍ਰੋਗਰਾਮ ਜਾਰੀ ਕਰਦਿਆਂ ਦੱਸਿਆ ਕਿ ਸੂਬੇ ਭਰ ਵਿੱਚ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਵੋਟਿੰਗ 26 ਮਈ 2026 ਨੂੰ ਹੋਵੇਗੀ, ਜਦਕਿ ਚੋਣ ਨਤੀਜੇ 29 ਮਈ ਨੂੰ ਐਲਾਨੇ ਜਾਣਗੇ।
ਚੋਣ ਪ੍ਰੋਗਰਾਮ ਦੇ ਐਲਾਨ ਨਾਲ ਹੀ ਪੂਰੇ ਪੰਜਾਬ ਵਿੱਚ ਚੋਣ ਜਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਵੱਲੋਂ ਸਾਰੇ ਜ਼ਿਲ੍ਹਾ ਪ੍ਰਸ਼ਾਸਨਾਂ ਅਤੇ ਸਬੰਧਤ ਅਧਿਕਾਰੀਆਂ ਨੂੰ ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤਮਈ ਢੰਗ ਨਾਲ ਚੋਣ ਪ੍ਰਕਿਰਿਆ ਮੁਕੰਮਲ ਕਰਵਾਉਣ ਲਈ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਚੋਣ ਕਮਿਸ਼ਨ ਅਨੁਸਾਰ ਇਸ ਵਾਰ ਪੰਜਾਬ ਦੀਆਂ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਵਿੱਚ ਚੋਣਾਂ ਹੋਣਗੀਆਂ। ਇਨ੍ਹਾਂ ਚੋਣਾਂ ਵਿੱਚ ਕੁੱਲ 36 ਲੱਖ 72 ਹਜ਼ਾਰ 932 ਵੋਟਰ ਆਪਣੇ ਮਤਾਧਿਕਾਰ ਦੀ ਵਰਤੋਂ ਕਰਦੇ ਹੋਏ ਨਵੇਂ ਸਥਾਨਕ ਨੁਮਾਇੰਦਿਆਂ ਦੀ ਚੋਣ ਕਰਨਗੇ।
ਰਾਜ ਚੋਣ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਸਰਕਾਰ ਜਾਂ ਕੋਈ ਵੀ ਸਥਾਨਕ ਅਥਾਰਟੀ ਨਵੇਂ ਵਿਕਾਸ ਪ੍ਰੋਜੈਕਟਾਂ, ਗ੍ਰਾਂਟਾਂ ਜਾਂ ਲੋਕ-ਲੁਭਾਵਣੇ ਐਲਾਨ ਨਹੀਂ ਕਰ ਸਕੇਗੀ। ਇਸ ਦੇ ਨਾਲ ਹੀ ਸਰਕਾਰੀ ਮਸ਼ੀਨਰੀ ਨੂੰ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਕੰਮ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਚੋਣਾਂ ਦੇ ਐਲਾਨ ਨਾਲ ਹੀ ਸੂਬੇ ਦੀ ਸਿਆਸਤ ਵਿੱਚ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸੱਤਾਧਾਰੀ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦਵਾਰਾਂ ਦੀ ਚੋਣ ਅਤੇ ਚੋਣ ਰਣਨੀਤੀ ਤਿਆਰ ਕਰਨ ਲਈ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ। ਸ਼ਹਿਰੀ ਖੇਤਰਾਂ ਵਿੱਚ ਹੋਣ ਵਾਲੀਆਂ ਇਹ ਚੋਣਾਂ ਸਾਰੀਆਂ ਸਿਆਸੀ ਪਾਰਟੀਆਂ ਲਈ ਵੱਕਾਰ ਦੀ ਲੜਾਈ ਮੰਨੀਆਂ ਜਾ ਰਹੀਆਂ ਹਨ।
ਰਾਜਨੀਤਿਕ ਮਾਹਿਰਾਂ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਹ ਚੋਣਾਂ ਨਾ ਸਿਰਫ਼ ਸਥਾਨਕ ਸਰਕਾਰਾਂ ਦੀ ਨਵੀਂ ਤਸਵੀਰ ਤੈਅ ਕਰਨਗੀਆਂ, ਸਗੋਂ ਆਉਣ ਵਾਲੇ ਸਮੇਂ ਦੀ ਸੂਬਾਈ ਰਾਜਨੀਤੀ ਲਈ ਵੀ ਅਹਿਮ ਸੰਕੇਤ ਦੇਣਗੀਆਂ। ਖ਼ਾਸ ਕਰਕੇ ਸ਼ਹਿਰੀ ਵੋਟਰਾਂ ਦਾ ਰੁਝਾਨ ਸਾਰੀਆਂ ਸਿਆਸੀ ਧਿਰਾਂ ਲਈ ਕਸੌਟੀ ਬਣਿਆ ਹੋਇਆ ਹੈ।
ਚੋਣਾਂ ਇਕ ਨਜ਼ਰ ’ਚ
ਵੋਟਿੰਗ: 26 ਮਈ 2026
ਨਤੀਜੇ: 29 ਮਈ 2026
ਕੁੱਲ ਵੋਟਰ: 36,72,932
ਨਗਰ ਨਿਗਮਾਂ: 8
ਨਗਰ ਕੌਂਸਲਾਂ: 76
ਨਗਰ ਪੰਚਾਇਤਾਂ: 21
ਚੋਣ ਜਾਬਤਾ: 11 ਮਈ 2026 ਤੋਂ ਲਾਗੂ ਹੋ ਗਿਆ ਹੈ।
ਖ਼ਬਰਾਂ
ਪੰਜਾਬ ‘ਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਦਾ ਐਲਾਨ, 26 ਮਈ ਨੂੰ ਪੈਣਗੀਆਂ ਵੋਟਾਂ, 29 ਨੂੰ ਨਤੀਜੇ, 8 ਨਿਗਮਾਂ, 76 ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਲਈ ਚੋਣ, ਜਾਬਤਾ ਲਾਗੂ
* ਨਗਰ ਨਿਗਮ ਚੋਣਾਂ
11 ਮਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



