ਜ਼ੀਰਾ, 29 ਮਈ (ਜਸ਼ਨ ) — ਪੰਜਾਬ ਦੀਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੇ ਨਤੀਜਿਆਂ ਨੇ ਕਈ ਸਿਆਸੀ ਸੰਕੇਤ ਦਿੱਤੇ ਹਨ, ਪਰ ਜ਼ੀਰਾ ਹਲਕੇ ਵਿੱਚ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਪ੍ਰਦਰਸ਼ਨ ਨੇ ਸਿਆਸੀ ਚਰਚਾਵਾਂ ਨੂੰ ਨਵਾਂ ਮੋੜ ਦੇ ਦਿੱਤਾ ਹੈ। ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਮੰਨਣਾ ਹੈ ਕਿ ਕੁਲਬੀਰ ਸਿੰਘ ਜ਼ੀਰਾ ਨੇ ਹਾਕਮ ਧਿਰ ਦੇ ਮਜ਼ਬੂਤ ਦਬਦਬੇ ਦੇ ਬਾਵਜੂਦ ਕਾਂਗਰਸ ਨੂੰ ਮਜ਼ਬੂਤ ਮੁਕਾਬਲੇ ਵਿੱਚ ਰੱਖ ਕੇ ਆਪਣੀ ਸਿਆਸੀ ਸਮਰੱਥਾ ਦਾ ਪ੍ਰਮਾਣ ਦਿੱਤਾ ਹੈ। ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਕੁਲਬੀਰ ਸਿੰਘ ਜ਼ੀਰਾ, ਲੰਬੇ ਸਮੇਂ ਤੋਂ ਲੋਕਾਂ ਦੇ ਵਿਚਕਾਰ ਰਹਿਣ ਵਾਲੇ ਅਤੇ ਜ਼ਮੀਨੀ ਪੱਧਰ ਨਾਲ ਜੁੜੇ ਆਗੂ ਵਜੋਂ ਜਾਣੇ ਜਾਂਦੇ ਹਨ। ਆਮ ਲੋਕਾਂ ਦੇ ਦੁੱਖ-ਸੁੱਖ ਵਿੱਚ ਸ਼ਾਮਲ ਹੋਣਾ ਅਤੇ ਹਲਕੇ ਦੇ ਮੁੱਦਿਆਂ ਨੂੰ ਲਗਾਤਾਰ ਉਠਾਉਣਾ, ਉਨ੍ਹਾਂ ਦੀ ਸਿਆਸੀ ਪਛਾਣ ਬਣ ਚੁੱਕੀ ਹੈ। ਇਸੇ ਕਾਰਨ ਨਗਰ ਕੌਂਸਲ ਚੋਣਾਂ ਦੌਰਾਨ ਵੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਉਨ੍ਹਾਂ ਦੀ ਅਗਵਾਈ ਨੂੰ ਸਮਰਥਨ ਦਿੱਤਾ। ਆਗੂਆਂ ਨੇ ਕਿਹਾ ਕਿ ਪੰਜਾਬ ਦੀ ਸਿਆਸੀ ਪਰੰਪਰਾ ਰਹੀ ਹੈ ਕਿ ਜਦੋਂ ਕਿਸੇ ਇੱਕ ਪਾਰਟੀ ਦੀ ਸਰਕਾਰ ਹੁੰਦੀ ਹੈ ਤਾਂ ਸਥਾਨਕ ਚੋਣਾਂ ਵਿੱਚ ਵਿਰੋਧੀ ਧਿਰ ਨੂੰ ਸੀਮਤ ਸਫਲਤਾ ਹੀ ਮਿਲਦੀ ਹੈ। ਇਸ ਦੇ ਬਾਵਜੂਦ, ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ਨੂੰ ਸਖ਼ਤ ਟੱਕਰ ਦਿੱਤੀ ਅਤੇ ਕਈ ਥਾਵਾਂ 'ਤੇ ਮੁਕਾਬਲੇ ਨੂੰ ਦਿਲਚਸਪ ਬਣਾਇਆ। ਕਾਂਗਰਸੀ ਵਰਕਰਾਂ ਦਾ ਮੰਨਣਾ ਹੈ ਕਿ ਇਹ ਨਤੀਜੇ, 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸਕਾਰਾਤਮਕ ਸੰਕੇਤ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਭਾਰਤੀ ਜਨਤਾ ਪਾਰਟੀ ਆਪਣਾ ਪ੍ਰਭਾਵ ਛੱਡਣ ਵਿੱਚ ਨਾਕਾਮ ਰਹੀ ਅਤੇ ਕਈ ਥਾਵਾਂ 'ਤੇ ਖਾਤਾ ਖੋਲ੍ਹਣ ਵਿੱਚ ਵੀ ਅਸਫਲ ਰਹੀ। ਕਾਂਗਰਸੀ ਆਗੂਆਂ ਦੇ ਅਨੁਸਾਰ, ਭਾਜਪਾ ਦੀ ਸਥਿਤੀ ਅਕਾਲੀ ਦਲ ਨਾਲੋਂ ਵੀ ਕਮਜ਼ੋਰ ਨਜ਼ਰ ਆਈ। ਉਨ੍ਹਾਂ ਕਿਹਾ ਕਿ ਇਹ ਨਤੀਜੇ ਸਪੱਸ਼ਟ ਕਰਦੇ ਹਨ ਕਿ ਹਲਕੇ ਵਿੱਚ ਮੁੱਖ ਸਿਆਸੀ ਮੁਕਾਬਲਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਹੀ ਬਣ ਰਿਹਾ ਹੈ। ਖੇਤੀਬਾੜੀ ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ ਹਰੀਸ਼ ਜੈਨ, ਰੋਹਿਤ ਬੰਟੀ ਭੂਸ਼ਣ, ਸਾਬਕਾ ਸਰਪੰਚ ਕੁਲਦੀਪ ਸਿੰਘ ਗਿੱਲ ਸੁੱਖੇ ਵਾਲਾ, ਬਲਜੀਤ ਸਿੰਘ ਬਰਾੜ ਬੋੜਾਵਾਲੀ, ਜ਼ਿਲ੍ਹਾ ਮੀਤ ਪ੍ਰਧਾਨ ਪਿੱਪਲ ਸਿੰਘ ਬੋੜਾਵਾਲੀ, ਸਤਪਾਲ ਸਿੰਘ ਚਾਵਲਾ ਮੱਲਾਂਵਾਲਾ, ਰੌਸ਼ਨ ਲਾਲ ਬਿੱਟਾ ਮੱਲਾਂਵਾਲਾ, ਮਹਿੰਦਰ ਮਦਾਨ ਸਾਬਕਾ ਪ੍ਰਧਾਨ, ਲਖਵਿੰਦਰ ਸਿੰਘ ਜੌੜਾ ਬਲਾਕ ਪ੍ਰਧਾਨ, ਸ਼ਿਵ ਸਾਗਰ ਸ਼ਰਮਾ ਸ਼ਹਿਰੀ ਪ੍ਰਧਾਨ ਮਖੂ, ਰਵੀ ਚੋਪੜਾ ਕੌਂਸਲਰ ਮਖੂ, ਜਗੀਰ ਸਿੰਘ ਮੱਲੀ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਗੁਰਮੇਲ ਸਿੰਘ ਗਿੱਲ ਹਲਕਾ ਪ੍ਰਧਾਨ ਯੂਥ ਕਾਂਗਰਸ, ਬਲਜਿੰਦਰ ਸਿੰਘ ਖੋਸਾ ਸਾਬਕਾ ਸਰਪੰਚ ਕੋਠੇ ਅੰਬਰਹਰ, ਜੱਸ ਅਲੀਪੁਰ, ਜਗਜੀਤ ਸਿੰਘ ਬਰਾੜ ਪੰਡੋਰੀ ਖੱਤਰੀਆਂ ,ਸਰਪੰਚ ਗੁਰਮੇਲ ਸਿੰਘ ਮਨਸੂਰਵਾਲ ,ਅੰਗਰੇਜ਼ ਸਿੰਘ ਸਨੇਰ ਸਾਬਕਾ ਸਰਪੰਚ, ਬਖਸ਼ੀਸ਼ ਸਿੰਘ ਲਾਲੀ, ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਦੌਰਾਨ ਕੁਲਬੀਰ ਸਿੰਘ ਜ਼ੀਰਾ ਦਾ ਪ੍ਰਦਰਸ਼ਨ, ਉਨ੍ਹਾਂ ਦੀ ਮਜ਼ਬੂਤ ਸਿਆਸੀ ਛਵੀ ਦਾ ਪ੍ਰਤੱਖ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕੁਲਬੀਰ ਸਿੰਘ ਜ਼ੀਰਾ ਅਤੇ ਗੁਰਪ੍ਰੀਤ ਸਿੰਘ ਸੇਖੋਂ ਵਿਚਕਾਰ ਸਿਆਸੀ ਤੌਰ 'ਤੇ ਕਾਫੀ ਕਸ਼ਮਕਸ਼ ਰਹੀ, ਪਰ ਇਸ ਦੇ ਬਾਵਜੂਦ ਕੁਲਬੀਰ ਸਿੰਘ ਜ਼ੀਰਾ ਨੇ ਆਪਣੇ ਸਿਆਸੀ ਵਜੂਦ ਅਤੇ ਜਨ ਅਧਾਰ ਨੂੰ ਮਜ਼ਬੂਤੀ ਨਾਲ ਕਾਇਮ ਰੱਖਦਿਆਂ ਜੋ ਨਤੀਜੇ ਪ੍ਰਾਪਤ ਕੀਤੇ ਹਨ, ਉਹ ਭਵਿੱਖ ਦੀ ਸਿਆਸਤ ਲਈ ਇੱਕ ਮਹੱਤਵਪੂਰਨ ਮਿਸਾਲ ਵਜੋਂ ਦੇਖੇ ਜਾ ਰਹੇ ਹਨ। ਕਾਂਗਰਸ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਦੌਰਾਨ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀ ਰਹਿਨੁਮਾਈ ਹੇਠ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਕਈ ਵਾਰਡਾਂ ਵਿੱਚ ਜਿੱਤ ਦਰਜ ਕਰਕੇ ਪਾਰਟੀ ਦੀ ਮਜ਼ਬੂਤ ਮੌਜੂਦਗੀ ਦਾ ਅਹਿਸਾਸ ਕਰਵਾਇਆ ਹੈ। ਜੇਤੂ ਉਮੀਦਵਾਰਾਂ ਵਿੱਚ ਵਾਰਡ ਨੰਬਰ 6 ਤੋਂ ਪ੍ਰਿਤਪਾਲ ਸਿੰਘ ਸੰਧੂ (ਕਾਕਾ ਜ਼ੈਲਦਾਰ), ਵਾਰਡ ਨੰਬਰ 7 ਤੋਂ ਮਨਪ੍ਰੀਤ ਕੌਰ, ਪਤਨੀ ਰਾਹੁਲ ਚੋਪੜਾ (ਰੋਮੀ ਚੋਪੜਾ), ਵਾਰਡ ਨੰਬਰ 9 ਤੋਂ ਮੀਨਾਕਸ਼ੀ, ਪਤਨੀ ਅਸ਼ੋਕ ਮਨਚੰਦਾ, ਵਾਰਡ ਨੰਬਰ 10 ਤੋਂ ਗੋਰਾ ਸਿੰਘ, ਪੁੱਤਰ ਸੁੱਖਾ ਸਿੰਘ, ਵਾਰਡ ਨੰਬਰ 12 ਤੋਂ ਰਮਨ ਸ਼ਰਮਾ, ਪੁੱਤਰ ਨੀਲਕੰਠ ਸ਼ਰਮਾ, ਵਾਰਡ ਨੰਬਰ 13 ਤੋਂ ਹਰਪ੍ਰੀਤ ਕੌਰ, ਪਤਨੀ ਸਵਰਗੀ ਸੁਖਵੰਤ ਸਿੰਘ (ਪਰਮਿੰਦਰ ਸਿੰਘ ਲਾਡਾ ਦੀ ਮਾਤਾ ਜੀ) ਅਤੇ ਵਾਰਡ ਨੰਬਰ 16 ਤੋਂ ਗੁਰਭਗਤ ਸਿੰਘ ਗਿੱਲ ਸ਼ਾਮਲ ਹਨ। ਆਗੂਆਂ ਨੇ ਕਿਹਾ ਕਿ ਇਹ ਜਿੱਤਾਂ ਕੁਲਬੀਰ ਸਿੰਘ ਜ਼ੀਰਾ ਦੀ ਮਜ਼ਬੂਤ ਅਗਵਾਈ, ਪਾਰਟੀ ਵਰਕਰਾਂ ਦੀ ਮਿਹਨਤ ਅਤੇ ਲੋਕਾਂ ਦੇ ਭਰੋਸੇ ਦਾ ਨਤੀਜਾ ਹਨ, ਜਿਨ੍ਹਾਂ ਨੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਉਮੀਦਵਾਰਾਂ ਨੂੰ ਭਰਪੂਰ ਸਮਰਥਨ ਦਿੱਤਾ।
ਖ਼ਬਰਾਂ
ਨਗਰ ਕੌਂਸਲ ਚੋਣਾਂ ਵਿੱਚ ਕੁਲਬੀਰ ਸਿੰਘ ਜ਼ੀਰਾ ਦੀ ਮੁਕਾਬਲੇਬਾਜ਼ੀ ਦੇ ਨਾਲ , ਮਜ਼ਬੂਤ ਸਿਆਸੀ ਪਕੜ ਹੋਈ ਸਾਬਤ
* ਚੋਣ ਪਿੜ 2026
31 ਮਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



