ਬੰਦੀ ਛੋੜ ਦਿਵਸ ਤੋਂ ਆਰੰਭ ਹੋਈ ਪਾਠਾਂ ਦੀ ਲੜੀ ਦੀ ਹੋਈ ਸੰਪੂਰਨਤਾ : ਬਾਬਾ ਗੁਰਦੀਪ ਸਿੰਘ

ਬਾਘਾ ਪੁਰਾਣਾ, 19 ਜੂਨ (ਜਸ਼ਨ ) ਪੰਜਾਬ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦ ਪੁਰਾਣਾ ਦੇ ਬਾਨੀ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਅੱਜ ਦੇ ਦਿਨ ਆਪਣਾ ਪੰਜ ਭੌਤਿਕ ਸਰੀਰ ਤਿਆਗ ਕੇ ਪ੍ਰਲੋਕ ਗਵਨ ਕਰ ਗਏ ਸਨ, ਉਨ੍ਹਾਂ ਦੀ ਨਿੱਘੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਕੀਰਤਨ ਦਰਬਾਰ ਕਰਵਾਇਆ ਗਿਆ। ਇਸ ਸਮਾਗਮ ਦੇ ਆਰੰਭ ਚ ਬੰਦੀ ਛੋੜ ਦਿਵਸ ਅਤੇ ਦਿਵਾਲੀ ਤੋਂ ਚੱਲ ਰਹੀ ਨਿਰੰਤਰ ਸ਼੍ਰੀ ਅਖੰਡ ਪਾਠਾਂ ਦੀ ਲੜੀ ਦੀ ਸੰਪੂਰਨਤਾ ਕਰਕੇ ਭੋਗ ਪਾਏ ਗਏ। ਇਹ ਸਮੁੱਚਾ ਸਮਾਗਮ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਕਰਕੇ ਮਨਾਇਆ ਗਿਆ। ਸਮਾਗਮ ਦੌਰਾਨ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲਿਆਂ ਦੇ ਜੱਥਾ ਭਾਈ ਗੁਰਦੀਪ ਸਿੰਘ, ਹਜੂਰੀ ਰਾਗੀ ਭਾਈ ਇਕਬਾਲ ਸਿੰਘ ਲੰਗਿਆਣਾ, ਭਾਈ ਸੋਹਨ ਸਿੰਘ, ਭਾਈ ਕਮਲਜੀਤ ਸਿੰਘ ਅਤੇ ਭਾਈ ਮਨਪ੍ਰੀਤ ਸਿੰਘ ਖਾਲਸਾ ਦੇ ਰਾਗੀ ਜੱਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਸਿੱਖ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਇਸ ਸਮਾਗਮ ਦੌਰਾਨ ਸੰਗਤਾਂ ਦੇ ਸਨਮੁੱਖ ਹੁੰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਹੈ। ਜਿਨ੍ਹਾਂ ਨੇ ਜਬਰ ਜੁਲਮ ਦਾ ਮੁਕਾਬਲਾ ਸਬਰ ਸਿਦਕ ਨਾਲ ਸ਼ਹੀਦੀ ਪ੍ਰਾਪਤ ਕਰਕੇ ਕੀਤਾ। ਉਨ੍ਹਾਂ ਕਿਹਾ ਕਿ ਸ਼ਹੀਦ ਕੌਮਾਂ ਦਾ ਸਰਮਾਇਆ ਹੋਇਆ ਕਰਦੇ ਹਨ ਜਿਨ੍ਹਾਂ ਨੂੰ ਆਪਣੀਆਂ ਯਾਦਾਂ ਵਿੱਚ ਹਮੇਸ਼ਾ ਸੰਜੋਗ ਰੱਖਣਾ ਚਾਹੀਦਾ ਹੈ। ਇਹ ਅਸਥਾਨ ਵੀ ਸ਼ਹੀਦਾਂ ਦਾ ਅਸਥਾਨ ਹੈ ਜਿੱਥੋਂ ਦੇ ਬਾਨੀ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਜੀ ਵੱਲੋਂ ਸਮੁੱਚੀ ਸੰਗਤ ਨੂੰ ਸੇਵਾ, ਸਿਮਰਨ, ਬਾਣੇ ਤੇ ਬਾਣੀ ਨਾਲ ਜੋੜਿਆ ਉਥੇ ਹੀ ਸਮਾਜ ਸੇਵਾ ਦੇ ਕਾਰਜਾਂ ਵਿੱਚ ਵੀ ਆਪਣੀ ਅਹਿਮ ਭੂਮਿਕਾ ਨਿਭਾਈ ਜਿਸ ਨੂੰ ਨਿਰੰਤਰ ਮੌਜੂਦਾ ਮੁਖੀ ਬਾਬਾ ਗੁਰਦੀਪ ਸਿੰਘ ਬਖੂਬੀ ਨਿਭਾ ਰਹੇ ਹਨ। ਇਸ ਮੌਕੇ ਸੰਗਤਾਂ ਨਾਲੋਂ ਵਿਚਾਰਾਂ ਦੀ ਸਾਂਝ ਪਾਉਂਦਿਆਂ ਬਾਬਾ ਗੁਰਦੀਪ ਸਿੰਘ ਜੀ ਨੇ ਕਿਹਾ ਕਿ ਇਹ ਸ਼ਹੀਦ ਬਾਬਾ ਤੇਗਾ ਸਿੰਘ ਦਾ ਅਸਥਾਨ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਇਸ ਦੀ ਮਨਤਾ ਹੈ। ਸੰਗਤਾਂ ਵੱਲੋਂ ਇਸ ਅਸਥਾਨ ਤੇ ਸੰਗਤਾਂ ਵੱਲੋਂ ਨਿਰੰਤਰ ਸ੍ਰੀ ਅਖੰਡ ਪਾਠ ਅਤੇ ਸਹਿਜ ਪਾਠ ਕਰ ਹਨ। ਅਤੇ ਇਸ ਅਸਥਾਨ ਤੋਂ ਲੁਕਾਈ ਦੀਆਂ ਸਮੁੱਚੀਆਂ ਆਸਾਂ ਪੂਰਨ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਅਸਥਾਨ ਤੋਂ ਸਮੁੱਚੀ ਸੰਗਤ ਨੂੰ ਬਾਣੇ ਤੇ ਬਾਣੇ ਬਾਣੀ ਦੇ ਧਾਰਨੀ ਕਰਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਜਾਂਦਾ ਹੈ। ਉੱਥੇ ਹੀ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਜੀ ਵੱਲੋਂ ਚਲਾਏ ਗਏ ਸਮਾਜ ਸੇਵਾ ਦੇ ਕੰਮ ਵੀ ਨਿਰੰਤਰ ਜਾਰੀ ਹਨ। ਇਸ ਮੌਕੇ ਬਾਬਾ ਸੁਖਦੇਵ ਸਿੰਘ ਡਮੇਲੀ ਵਾਲੇ, ਬਾਬਾ ਸੁਖਪ੍ਰੀਤ ਸਿੰਘ ਰਾਜਿਆਣਾ, ਭਾਈ ਗੁਰਪ੍ਰੇਮ ਸਿੰਘ ਲੱਖਾ ਰੋਡਿਆਂ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਸਮਾਗਮ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਹਰਜੋਤ ਕਮਲ ਅਤੇ ਬਾਘਾ ਪੁਰਾਣਾ ਦੇ ਵਿਧਾਇਕ ਅੰਮ੍ਰਿਤ ਪਾਲ ਸਿੰਘ ਸੁਖਾਨੰਦ ਨੇ ਕਿਹਾ ਕਿ ਉਹ ਇਸ ਸ਼ਹੀਦਾਂ ਦੇ ਅਸਥਾਨ ਤੇ ਪਿਛਲੇ ਲੰਬੇ ਸਮੇਂ ਤੋਂ ਨਤਮਸਤਕ ਹੋਕੇ ਗੁਰੂ ਕੀ ਸੰਗਤ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਆਉਂਦੇ ਹਨ। ਇਸ ਮੌਕੇ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਅਕਾਲੀ ਆਗੂ ਰਾਜਵੰਤ ਸਿੰਘ ਮਾਹਲਾ, ਅਕਾਲੀ ਆਗੂ ਚੇਅਰਮੈਨ ਹਰਮੇਲ ਸਿੰਘ ਮੌੜ, ਚੇਅਰਮੈਨ ਇੰਦਰਜੀਤ ਸਿੰਘ ਬੀੜ ਚੜਿੱਕ, ਜਸਕਾਰਨ ਸਿੰਘ ਕਾਕਾ ਸਰਪੰਚ ਚੰਦ ਪੁਰਾਣਾ, ਬਿੱਟੂ ਪ੍ਰਧਾਨ ਸਿੰਘਾ ਵਾਲਾ, ਭਾਈ ਸੁੱਖਾ ਸਿੰਘ ਮੋਗਾ, ਮਿਉਂਸੀਪਲ ਕਮੇਟੀ ਬਾਘਾਪੁਰਾ ਦੇ ਪ੍ਰਧਾਨ ਪਵਨ ਗੁਪਤਾ, ਗੁਰਪ੍ਰੀਤ ਸਿੰਘ ਮਨਚੰਦਾ ਐਮ.ਸੀ, ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ ਬੂਟਾ ਸਿੰਘ ਕਾਲੇਕੇ, ਜਸਵਿੰਦਰ ਸਿੰਘ ਸਾਹੋਕੇ, ਗੁਰਸੇਵਕ ਸਿੰਘ ਫੌਜੀ ਮੱਲਕੇ, ਗੁਰਬਚਨ ਸਿੰਘ ਸਮਾਲਸਰ ਸੀਨੀਅਰ ਅਕਾਲੀ ਆਗੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਧਾਰਮਿਕ, ਸਮਾਜ ਸੇਵੀ ਜਥੇਬੰਦੀਆਂ ਵੱਖ ਵੱਖ ਪਿੰਡਾਂ ਦੇ ਪੰਚ ਸਰਪੰਚ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਹਾਜਰੀਆਂ ਭਰ ਕੇ ਗੁਰੂ ਜਸ ਸੁਣਕੇ ਆਪਣਾ ਜੀਵਨ ਸਫਲ ਕੀਤਾ। ਇਸ ਮੌਕੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵੱਲੋਂ ਛਬੀਲਾਂ, ਆਈਸਕ੍ਰੀਮ, ਖੀਰ, ਪਕੌੜਿਆਂ ਅਤੇ ਕੇਲਿਆਂ ਦੇ ਲੰਗਰ ਲਗਾਏ ਗਏ। ਸਮਾਗਮ ਦੇ ਅੰਤ ਵਿੱਚ ਬਾਬਾ ਗੁਰਦੀਪ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦ ਪੁਰਾਣਾ ਵੱਲੋਂ ਸਮੁੱਚੀਆਂ ਹਾਜ਼ਰ ਸੰਗਤਾਂ ਦਾ ਧੰਨਵਾਦ ਕਰਦਿਆਂ ਜੀ ਆਇਆ ਆਖਿਆ। ਇਸ ਮੌਕੇ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿਸ ਦੌਰਾਨ ਦੀਪ ਹਾਟ ਸੈਂਟਰ ਲੁਧਿਆਣਾ ਦੀ ਸਮੁੱਚੀ ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਜਿੱਥੇ ਮਰੀਜ਼ਾਂ ਦੀ ਜਾਂਚ ਕੀਤੀ ਉੱਥੇ ਹੀ ਵੱਖ-ਵੱਖ ਬਿਮਾਰੀਆਂ ਦੇ ਮਰੀਜ਼ਾਂ ਵੱਲੋਂ ਮਾਹਰ ਡਾਕਟਰਾਂ ਤੋਂ ਆਪਣੀ ਜਾਂਚ ਕਰਵਾ ਕੇ ਮੁਫਤ ਦਵਾਈਆਂ ਪ੍ਰਾਪਤ ਕਰਕੇ ਇਸ ਕੈਂਪ ਦਾ ਲਾਹਾ ਪ੍ਰਾਪਤ ਕੀਤਾ ।