ਜੋਗਿੰਦਰ ਸਿੰਘ ਮਾਨ
ਮਾਨਸਾ 18 ਅਗਸਤ :
ਸਰਪੰਚੀ ਦੀਆਂ ਵੋਟਾਂ ਨੂੰ ਲੈ ਕੇ ਜਿਲੇ ਦੇ ਪਿੰਡ ਨੰਗਲ ਕਲਾਂ ਵਿਖੇ ਕਬੱਡੀ ਖਿਡਾਰੀ ਨੌਜਵਾਨ ਦਾ ਕੁਝ ਵਿਅਕਤੀਆਂ ਨੇ ਤੇਜ਼ ਹਥਿਆਰਾਂ ਤੇ ਲੋਹੇ ਦੀਆਂ ਰਾਡਾਂ ਮਾਰਕੇ ਕਤਲ ਕਰ ਦਿੱਤਾ ਹੈ। ਪੁਲਿਸ ਨੇ ਪਿੰਡ ਦੇ ਮੌਜੂਦਾ ਕਾਂਗਰਸੀ ਸਰਪੰਚ ਸਮੇਤ ਗਿਆਰਾਂ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਹੈ।ਇਸ 'ਚ ਹਾਲੇ ਕਿਸੇ ਦੀ ਗਿਰਫ਼ਤਾਰੀ ਨਹੀਂ ਹੋਈ ਹੈ। ਨੌਜਵਾਨ ਅਮਨਦੀਪ ਉਰਫ ਮੰਗੂ ਪੰਡਿਤ ਇੰਨੀ ਦਿਨੀਂ ਮਜ਼ਦੂਰੀ ਕਰਦਾ ਸੀ ਤੇ ਕਬੱਡੀ ਟੂਰਨਾਮੈਂਟਾਂ ਚ ਵੀ ਹਿੱਸਾ ਲੈਂਦਾ ਸੀ। ਕਬੱਡੀ ਖਿਡਾਰੀ ਅਮਨਦੀਪ ਉਰਫ ਮੰਗੂ ਪੰਡਿਤ ਸੋਮਵਾਰ ਦੀ ਸਵੇਰ ਸ਼ਹਿਰ ਮਾਨਸਾ ਤੋਂ ਆਪਣੇ ਪਿੰਡ ਨੰਗਲ ਗਿਆ ਤੇ ਕਾਰਾਂ ਤੇ ਸਵਾਰ ਹੋ ਕੇ ਆਏ ਰਾਡਾਂ ਤੇ ਤੇਜ਼ ਹਥਿਆਰਾਂ ਨਾਲ ਲੈਸ ਵਿਅਕਤੀਆਂ ਨੇ ਉਸਨੂੰ ਘੇਰਾ ਪਾ ਕੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।ਜਿਸ ਤੋਂ ਬਾਅਦ ਅਮਨਦੀਪ ਨੂੰ ਮਾਨਸਾ ਦੇ ਸਰਕਾਰੀ ਹਸਪਤਾਲ ਤੋਂ ਬਾਹਰ ਲਈ ਰੈਫਰ ਕਰ ਦਿੱਤਾ,ਉਥੇ ਉਸਦੀ ਮੌਤ ਹੋ ਗਈ। ਅਮਨਦੀਪ ਨੇ ਪੁਲਿਸ ਨੂੰ ਦੱਸਿਆ ਸੀ ਕਿ ਸਰਪੰਚੀ ਦੀਆਂ ਵੋਟਾਂ ਸਮੇਂ ਉਸਦੀ ਕੁਝ ਵਿਅਕਤੀਆਂ ਨਾਲ ਤਕਰਾਰ ਹੋਈ ਸੀ ਤੇ ਹਮਲਾਵਰਾਂ ਨੇ ਇਸੇ ਰੰਜਿਸ਼ ਤਹਿਤ ਉਸ 'ਤੇ ਹਮਲਾ ਕੀਤਾ। ਥਾਣਾ ਸਦਰ ਮਾਨਸਾ ਪੁਲਿਸ ਨੇ ਪਿੰਡ ਨੰਗਲ ਕਲਾਂ ਦੇ ਮੌਜੂਦਾ ਕਾਂਗਰਸੀ ਸਰਪੰਚ ਰੇਸ਼ਮ ਸਿੰਘ ਉਰਫ ਜਿੰਦਾ ਸਮੇਤ ਖੁਸੂ,ਬਾਦਲ ਸਿੰਘ, ਕੁਲਦੀਪ ਸਿੰਘ ਵਾਸੀਆਨ ਭੰਮੇ ਕਲਾਂ,ਗਗਨੀ ਵਾਸੀ ਜਵਾਹਰਕੇ ਤੇ ਸਗਨੀ ਵਾਸੀ ਗੁਰਨੇ ਅਤੇ 5 ਦੇ ਕਰੀਬ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਇਸ ਵਿਚ ਕੋਈ ਵੀ ਗਿਰਫਤਾਰੀ ਨਹੀਂ ਹੋਈ ਹੈ।ਮਿਰਤਕ ਦੇ ਚਾਚਾ ਦੇ ਲੜਕੇ ਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ ਅਮਨਦੀਪ ਕਬੱਡੀ ਦਾ ਚੰਗਾ ਖਿਡਾਰੀ ਸੀ ਤੇ ਖੇਡਦਾ ਤੇ ਮਜ਼ਦੂਰੀ ਕਰਦਾ ਸੀ।ਉਹ ਵਿਆਹਿਆ ਹੋਇਆ ਸੀ,ਪਰ ਕੋਈ ਸੰਤਾਨ ਨਹੀਂ ਸੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਸਦੇ ਸਾਰੇ ਕਸੂਰਵਾਰ ਫੜ੍ਹੇ ਨਹੀਂ ਜਾਂਦੇ, ਉਦੋਂ ਤੱਕ ਉਹ ਅਮਨਦੀਪ ਦਾ ਅੰਤਿਮ ਸਸਕਾਰ ਨਹੀਂ ਕਰਨਗੇ।
ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਨੇ ਪਿੰਡ ਦੇ ਸਰਪੰਚ ਰੇਸ਼ਮ ਸਿੰਘ ਸਮੇਤ ਕੁੱਝ ਵਿਅਕਤੀਆਂ 'ਤੇ ਮਾਮਲਾ ਦਰਜ ਕਰ ਲਿਆ ਹੈ। ਛੇਤੀ ਹੀ ਸਭ ਨੂੰ ਫੜ੍ਹ ਲਿਆ ਜਾਵੇਗਾ।ਇਸ ਘਟਨਾ ਨੂੰ ਲੈ ਕੇ ਪਿੰਡ ਅੰਦਰ ਮਾਤਮ ਛਾਇਆ ਹੋਇਆ ਹੈ।
ਖ਼ਬਰਾਂ
ਕਬੱਡੀ ਖਿਡਾਰੀ ਦਾ ਤੇਜ਼ ਧਾਰ ਹਥਿਆਰਾਂ ਨਾਲ ਕਤਲ, ਕਾਂਗਰਸੀ ਸਰਪੰਚ ਸਮੇਤ 11 'ਤੇ ਮਾਮਲਾ ਦਰਜ
* ਸਰਪੰਚੀ ਦੀਆਂ ਵੋਟਾਂ ਸਮੇਂ ਕੁਝ ਵਿਅਕਤੀਆਂ ਨਾਲ ਹੋਈ ਸੀ ਤਕਰਾਰ
19 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



