ਮੋਗਾ, 15 ਅਗਸਤ (ਜਸ਼ਨ ): ਮੋਗਾ ਅੰਮ੍ਰਿਤਸਰ ਰੋਡ ਤੇ ਗਿੱਲ ਸਟੂਡੀਓ ਦੇ ਮਾਲਕ ਅਤੇ ਪੱਤਰਕਾਰ ਅਵਤਾਰ ਗਿੱਲ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਮੋਗਾ ਜ਼ਿਲ੍ਹੇ ਵਿਚ ਇਸ ਘਟਨਾ ਕਾਰਨ ਉਦਾਸੀ ਦੀ ਲਹਿਰ ਹੈ। "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਬਲਾਕ ਆਗੂ ਗੁਰਮੀਤ ਸਿੰਘ ਲੋਹਾਰਾ ਨੇ ਦੱਸਿਆ ਕਿ ਅਵਤਾਰ ਗਿੱਲ ਪਿੰਡ ਅਤੇ ਇਲਾਕੇ ਵਿਚ ਜਾਣਿਆ ਪਹਿਚਾਣਿਆ ਨਾਮ ਸੀ ਅਤੇ ਹਰਮਨਪਿਆਰਾ ਹੋਣ ਕਰਕੇ ਉਸ ਦੀ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਹਨਾਂ ਦੱਸਿਆ ਕਿ ਅਜੇ ਪਿਛਲੇ ਸ਼ੁਕਰਵਾਰ ਹੀ ਉਸ ਨੇ ਗੁਰਦਵਾਰਾ ਸਾਹਿਬ ਮੱਥਾ ਟੇਕ ਕੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਿਆ ਸੀ ਪਰ ਕਿਸਮਤ ਅਜਿਹੇ ਰੰਗ ਦਿਖਾਉਂਦੀ ਹੈ ਕਿ 7 ਦਿਨਾਂ ਵਿਚ ਹੀ ਅਵਤਾਰ ਦੇ ਤੁਰ ਜਾਣ ਕਰਕੇ ਉਸ ਦੇ ਪੁੱਤਰ ਨੂੰ ਵਾਪਿਸ ਆਉਣਾ ਪਿਆ ਹੈ। ਉਹਨਾਂ ਦੱਸਿਆ ਕਿ ਅਵਤਾਰ ਗਿੱਲ ਦਾ ਅੰਤਿਮ ਸਸਕਾਰ ਅੱਜ ਉਸ ਦੇ ਸਪੁੱਤਰ ਦੇ ਮੋਗਾ ਆਉਣ ਤੇ ਕੀਤਾ ਗਿਆ ਜਿਥੇ ਵੱਡੀ ਗਿਣਤੀ ਵਿਚ ਲੋਕਾਂ ਨੇ ਸੇਜਲ ਅੱਖਾਂ ਨਾਲ ਅਵਤਾਰ ਗਿੱਲ ਨੂੰ ਅੰਤਿਮ ਵਿਦਾਈ ਦਿੱਤੀ ।
ਉੱਘੇ ਪੱਤਰਕਾਰ ਅਤੇ ਗਾਇਕ ਕਮਲਜੀਤ ਭਿੰਡਰ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੱਤਰਕਾਰ ਪਰਿਵਾਰ ਦੇ ਮੈਂਬਰ ਅਵਤਾਰ ਗਿੱਲ ਦਾ ਵਿਛੋੜਾ ਬੇਹਦ ਦੁਖਦਾਈ ਹੈ ਅਤੇ ਪੈਦਾ ਹੋਏ ਇਸ ਖਲਾਅ ਨੂੰ ਕਦੇ ਵੀ ਪੂਰਿਆ ਨਹੀਂ ਜਾ ਸਕੇਗਾ।
ਜ਼ਿਕਰਯੋਗ ਹੈ ਕਿ ਅਵਤਾਰ ਗਿੱਲ ਦੇ ਜਾਣ ਨਾਲ ਫੋਟੋ ਪੱਤਰਕਾਰੀ ਅਤੇ ਵਿਰਾਸਤੀ ਵੀਡੀਓਗ੍ਰਾਫੀ ਦੇ ਇਕ ਅਧਿਆਏ ਦਾ ਅੰਤ ਹੋ ਗਿਆ ਹੈ। ਕੈਮਰੇ ਤੇ ਉਹਨਾਂ ਦੇ ਹੱਥ ਅਤੇ ਅੱਖ ਦਾ ਸੁਮੇਲ ਹਰ ਤਸਵੀਰ ,ਹਰ ਵੀਡੀਓ ਵਿਚ ਜਾਨ ਪਾ ਦਿੰਦਾ ਸੀ। ਮੋਬਾਈਲ ਫੋਨ ਦਾ ਯੁਗ ਆਉਣ ਦੇ ਬਾਵਜੂਦ ਮੋਗਾ ਇਲਾਕੇ ਵਿਚ ਅਵਤਾਰ ਗਿੱਲ ਦੀ ਕਲਾ ਅਤੇ ਮੁਹਾਰਤ ਦਾ ਕੋਈ ਸਾਨੀ ਨਹੀਂ ਸੀ ਪਰ ਕਲਾ ਦੇ ਪਾਰਖੂਆਂ .ਸਮਾਜ ਸੇਵੀਆਂ ,ਧਾਰਮਿਕ ਸ਼ਖਸੀਅਤਾਂ ਲਈ ਅੱਜ ਬੇਹਦ ਦੁਖਦਾਈ ਖ਼ਬਰ ਹੈ ਕਿ ਹਸੂੰ ਹਸੂੰ ਕਰਦਾ ਅਵਤਾਰ ਗਿੱਲ ਦਾ ਚੇਹਰਾ ਹੁਣ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਿਆ ਹੈ। ਸੰਗੀਤ ਦੀ ਡੂੰਘੀ ਸੂਝ ਅਤੇ ਨੁਸਰਤ ਫਤਿਹ ਅਲੀ ਸਾਹਿਬ ਦਾ ਫੈਨ ਹੋਣ ਕਰਕੇ ਉਹ ਮਿੱਤਰ ਪਿਆਰਿਆਂ ਦੇ ਦਿਲਾਂ ਵਿਚ ਹਮੇਸ਼ਾ ਜਿਉਂਦਾ ਰਹੇਗਾ। "ਇੰਟਰਨੈਸ਼ਨਲ ਪੰਜਾਬੀ ਨਿਊਜ਼"ਦੀ ਸਮੁੱਚੀ ਟੀਮ ਵਲੋਂ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਇਜ਼ਹਾਰ ਕੀਤਾ ਜਾਂਦਾ ਹੈ।
ਖ਼ਬਰਾਂ
ਪੱਤਰਕਾਰ ਦਾ ਦੇਹਾਂਤ ,ਮੋਗਾ ਦੇ ਪਿੰਡ ਲੋਹਾਰਾ ਦੇ ਅਵਤਾਰ ਗਿੱਲ ਦੀ ਹਾਰਟ ਅਟੈਕ ਨਾਲ ਹੋਈ ਮੌਤ
22 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



