ਮੋਗਾ/ ਕੈਨੇਡਾ, 20 ਅਗਸਤ (ਜਸ਼ਨ ) ਉੱਘੇ ਪੱਤਰਕਾਰ ਪਵਨ ਕੁਮਾਰ ਗਰੋਵਰ ਅਤੇ ਬਿੱਟੂ ਗਰੋਵਰ ਦੇ ਪਿਤਾ ਸ਼੍ਰੀ ਬਸ਼ੰਬਰ ਨਾਥ ਗਰੋਵਰ ਦਾ ਭਾਰਤੀ ਸਮੇਂ ਅਨੁਸਾਰ ਅੱਜ ਤੜਕਸਾਰ ਦਿਹਾਂਤ ਹੋ ਗਿਆ । ਪਵਨ ਗਰੋਵਰ (ਜਗਬਾਣੀ ਅਤੇ ਪੰਜਾਬ ਕੇਸਰੀ ਦੇ ਸਾਬਕਾ ਜ਼ਿਲ੍ਹਾ ਇੰਚਾਰਜ )ਅਤੇ ਬਿੱਟੂ ਗਰੋਵਰ (ਜ਼ਿਲ੍ਹਾ ਇੰਚਾਰਜ,ਰੋਜ਼ਾਨਾ ਸਪੋਕਸਮੈਨ) ਦੇ ਪਿਤਾ ਸ਼੍ਰੀ ਬਸ਼ੰਬਰ ਨਾਥ ਗਰੋਵਰ ਪਿਛਲੇ ਕਈ ਦਿਨਾਂ ਤੋਂ ਡੀਐੱਮਸੀ ਲੁਧਿਆਣਾ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਬੇਸ਼ੱਕ ਉਹਨਾਂ ਦੇ ਛੋਟੇ ਪੁੱਤਰ ਬਿੱਟੂ ਗਰੋਵਰ ਉਹਨਾਂ ਦੀ ਦੇਖਭਾਲ ਕਰ ਰਹੇ ਸਨ ਪਰ ਪਿਤਾ ਦੀ ਤਬੀਅਤ ਨਾਸਾਜ਼ ਦੇਖਦਿਆਂ ਪਵਨ ਗਰੋਵਰ ਵੀ ਕੈਨੇਡਾ ਤੋਂ ਮੋਗਾ ਆਏ ਹੋਏ ਸਨ ਅਤੇ ਹੁਣ ਪਿਤਾ ਦੀ ਹਾਲਤ ਵਿਚ ਸੁਧਾਰ ਨੂੰ ਦੇਖਦਿਆਂ ਮੋਗਾ ਦੇ ਨਿੱਜੀ ਹਸਪਤਾਲ ਵਿਚ ਰੱਖਿਆ ਗਿਆ ਸੀ ਅਤੇ ਅਜੇ ਪਰਸੋਂ ਹੀ ਪਵਨ ਗਰੋਵਰ ਮੋਗਾ ਤੋਂ ਕਨੇਡਾ ਵਾਪਿਸ ਆਏ ਸਨ ਕਿ ਅੱਜ ਇਹ ਭਾਣਾ ਵਰਤ ਗਿਆ। ਕੈਨੇਡਾ ਤੋਂ ਭਾਰਤ ਦੀ ਫਲਾਈਟ ਲੈਣ ਮੌਕੇ ਹਵਾਈ ਅੱਡੇ ਤੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਪਵਨ ਗਰੋਵਰ ਨੇ ਕਿਹਾ ਕਿ ਜੇ ਪਤਾ ਹੁੰਦਾ ਕਿ ਹੋਂਣੀ ਨੇ ਦਗਾ ਕਮਾਉਣਾ ਹੈ ਅਤੇ ਉਹਨਾਂ ਦੇ ਪਿਤਾ ਨੇ ਚਲੇ ਜਾਣਾ ਹੈ ਤਾਂ ਉਹ ਦੋ ਦਿਨ ਹੋਰ ਮੋਗਾ ਰੁੱਕ ਜਾਂਦੇ। ਉਹਨਾਂ ਕਿਹਾ ਕਿ ਜਿਸ ਪਿਤਾ ਨੇ ਉਹਨਾਂ ਨੂੰ ਜ਼ਿੰਦਗੀ ਦੀਆਂ ਉਚੇਰੀਆਂ ਮੰਜ਼ਿਲਾਂ ਸਰ ਕਰਨ ਲਈ ਮੇਹਨਤ ਮੁਸ਼ਕਤ ਭਰੀ ਜ਼ਿੰਦਗੀ ਬਤੀਤ ਕੀਤੀ, ਉਹਨਾਂ ਦੇ ਆਖਰੀ ਪਲਾਂ ਮੌਕੇ ਕੋਲ ਨਾ ਹੋਣ ਦਾ ਮਲਾਲ ਸਾਰੀ ਉਮਰ ਰਹੇਗਾ। ਅਕਾਲੀ ਆਗੂ ਕਮਲਜੀਤ ਮੋਗਾ ਨੇ ਦੱਸਿਆ ਕਿ ਸ਼੍ਰੀ ਬਸ਼ੰਬਰ ਨਾਥ ਗਰੋਵਰ ਦੇ ਅੰਤਿਮ ਸਸਕਾਰ ਦੇ ਦਿਨ ਅਤੇ ਸਮੇਂ ਦਾ ਫੈਸਲਾ ਪਵਨ ਗਰੋਵਰ ਦੇ ਕੈਨੇਡਾ ਤੋਂ ਮੋਗਾ ਆਉਣ ਉਪਰੰਤ ਹੀ ਕੀਤਾ ਜਾਵੇਗਾ।
ਪਵਨ ਗਰੋਵਰ 98144-80497
ਬਿੱਟੂ ਗਰੋਵਰ 98149 63104




