ਮੋਗਾ, 13 ਜੁਲਾਈ ( ਜਸ਼ਨ ) ਪੱਤਰਕਾਰ ਜਗਤ ਵਿਚ ਇਹ ਖ਼ਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਉੱਘੇ ਪੱਤਰਕਾਰ ਅਤੇ ਸਾਬਕਾ ਅਧਿਆਪਕ ਸ. ਅਮਰਜੀਤ ਸਿੰਘ ਸੰਧੂ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਨੇ। ਪੱਤਰਕਾਰ ਸ਼ਿੰਦਰ ਸਿੰਘ ਭੁਪਾਲ ਨੇ ਸੋਸ਼ਲ ਮੀਡੀਆ ਰਾਹੀਂ ਇਸ ਖ਼ਬਰ ਤੋਂ ਜਾਣੂ ਕਰਵਾਇਆ। "ਇੰਟਰਨੈਸ਼ਨਲ ਪੰਜਾਬੀ ਨਿਊਜ਼" ਪੋਰਟਲ ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਸ. ਅਮਰਜੀਤ ਸਿੰਘ ਸੰਧੂ ਦੇ ਸਪੁੱਤਰ ਸਤਨਾਮ ਸਿੰਘ ਨੇ ਦੱਸਿਆ ਕਿ ਦਿਲ ਦੇ ਦੌਰੇ ਕਾਰਨ ਸ. ਸੰਧੂ ਲੁਧਿਆਣਾ ਵਿਖੇ ਜ਼ੇਰੇ ਇਲਾਜ਼ ਸਨ ਪਰ 13 ਜੁਲਾਈ ਨੂੰ ਉਹਨਾਂ ਦਾ ਦੇਹਾਂਤ ਹੋ ਗਿਆ। ਸਤਨਾਮ ਸਿੰਘ ਨੇ ਦੱਸਿਆ ਕਿ ਸ. ਅਮਰਜੀਤ ਸਿੰਘ ਸੰਧੂ ਦਾ ਅੰਤਿਮ ਸਸਕਾਰ 14 ਜੁਲਾਈ ਦਿਨ ਮੰਗਲਵਾਰ, ਸਵੇਰ 11 ਵਜੇ, ਗਾਂਧੀ ਰੋਡ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।
"ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੀ ਸਮੁੱਚੀ ਟੀਮ ਸ. ਅਮਰਜੀਤ ਸਿੰਘ ਸੰਧੂ ਦੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ, ਰੱਬ ਸੱਚੇ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ਦੀ ਅਰਜ਼ੋਈ ਕਰਦੀ ਹੈ।