ਮੋਗਾ 19 ਅਗਸਤ ( ਜਸ਼ਨ ) : ਸਿਵਲ ਸੁਸਾਇਟੀ ਮੋਗਾ ਦੀ ਅਪੀਲ ਤੇ ਮੋਗਾ ਸ਼ਹਿਰ ਦੀਆਂ ਗੰਭੀਰ ਸਮੱਸਿਆਵਾਂ ਦੇ ਹੱਲ ਲਈ ਬਣੀ ਜਾਂਇੰਟ ਐਕਸ਼ਨ ਕਮੇਟੀ ਨੇ ਅੱਜ ਡਿਪਟੀ ਕਮਿਸ਼ਨਰ ਮੋਗਾ, ਜਾਂਇੰਟ ਕਮਿਸ਼ਨਰ ਨਗਰ ਨਿਗਮ ਮੋਗਾ ਅਤੇ ਚੇਅਰਮੈਨ ਮਾਰਕੀਟ ਕਮੇਟੀ ਮੋਗਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਝੁੱਗੀ ਝੌਂਪੜੀ, ਨਜ਼ਾਇਜ ਕਬਜੇ, ਗੰਦਗੀ ਅਤੇ ਅਪਰਾਧ ਨੂੰ ਹਟਾਉਣ ਲਈ ਜੰਗੀ ਪੱਧਰ ਤੇ ਕੰਮ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਨੂੰ ਆਮ ਸ਼ਹਿਰੀਆਂ ਦਾ ਹੱਕ-ਪੱਤਰ ਸੌਂਪਿਆ। ਡਿਪਟੀ ਕਮਿਸ਼ਨਰ ਮੋਗਾ ਨੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਗੰਭੀਰਤਾ ਵਿਖਾਉਂਦਿਆਂ ਐਕਸਨ ਕਮੇਟੀ ਨੂੰ ਜਲਦ ਹੱਲ ਦਾ ਭਰੋਸਾ ਦਿੱਤਾ। ਉਪਰੰਤ ਐਕਸ਼ਨ ਕਮੇਟੀ ਨੇ ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ ਨਾਲ ਮੁਲਾਕਾਤ ਕਰਕੇ ਦਾਣਾ ਮੰਡੀ ਵਿੱਚ ਨਜਾਇਜ ਕਬਜੇ ਕਰਕੇ ਬਣਾਈਆਂ ਗਈਆਂ 1000 ਦੇ ਕਰੀਬ ਝੁੱਗੀਆਂ ਅਤੇ ਗੰਦਗੀ ਨੂੰ ਸਾਫ ਕਰਨ ਦੀ ਅਪੀਲ ਕੀਤੀ ਤਾਂ ਜੋ ਮੰਡੀ ਦੀ ਦਿੱਖ ਅਤੇ ਆਲਾ ਦੁਆਲਾ ਸਾਫ ਸੁਥਰਾ ਦਿਖੇ। ਚੇਅਰਮੈਨ ਹਰਜਿੰਦਰ ਰੋਡੇ ਨੇ ਕਮੇਟੀ ਨੂੰ ਜਾਣਕਾਰੀ ਦਿੱਤੀ ਕਿ ਅਸੀਂ ਲੋੜੀਂਦੇ ਪ੍ਰਬੰਧ ਕਰ ਰਹੇ ਹਾਂ ਤੇ ਜਲਦ ਹੀ ਝੁੱਗੀਆਂ ਹਟਾਉਣ ਦੀ ਕਾਰਵਾਈ ਜਲਦ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਬਾਅਦ ਐਕਸ਼ਨ ਕਮੇਟੀ ਨੇ ਰਮਨ ਕੌਸ਼ਲ ਜਾਂਇੰਟ ਕਮਿਸ਼ਨਰ ਨਗਰ ਨਿਗਮ ਮੋਗਾ ਨਾਲ ਮੁਲਾਕਾਤ ਕਕਕੇ ਮੋਗਾ ਸ਼ਹਿਰ ਦੀ ਹਦੂਦ ਅੰਦਰ ਬਣੀਆਂ ਝੁੱਗੀਆਂ ਅਤੇ ਉਨ੍ਹਾਂ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ। ਉਨ੍ਹਾਂ ਐਕਸ਼ਨ ਕਮੇਟੀ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਜਲਦ ਹੀ ਉਹ ਇਸ ਸਬੰਧੀ ਕਮਿਸ਼ਨਰ ਨਗਰ ਨਿਗਮ, ਡਿਪਟੀ ਕਮਿਸ਼ਨਰ ਮੋਗਾ ਅਤੇ ਚੇਅਰਮੈਨ ਮਾਰਕੀਟ ਕਮੇਟੀ ਮੋਗਾ ਨਾਲ ਤਾਲਮੇਲ ਕਰਕੇ ਜਾਂਇੰਟ ਐਕਸਨ ਉਲੀਕਣਗੇ।
ਇਸ ਸਬੰਧੀ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਅਜੇ ਗੋਰਾ ਸੂਦ, ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਮੋਗਾ ਸ਼ਹਿਰ ਅਣਗਿਣਤ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ ਤੇ ਐਕਸ਼ਨ ਕਮੇਟੀ ਉਹਨਾਂ ਸਮੱਸਿਆਵਾਂ ਦੇ ਹੱਲ ਲਈ ਦਿਨ ਰਾਤ ਇੱਕ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਪੜਾਅਵਾਰ ਹਰ ਸਮੱਸਿਆ ਤੇ ਕੰਮ ਕਰਾਂਗੇ ਪਰ ਕੁਁਝ ਸਮੱਸਿਆਵਾਂ ਅਜਿਹੀਆਂ ਹਨ ਜਿੰਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਚਾਹੀਦਾ ਹੈ। ਇਸ ਮੌਕੇ ਉਕਤ ਤੋਂ ਇਲਾਵਾ ਅਮਰਜੀਤ ਸਿੰਘ ਜੱਸਲ, ਮਨਿੰਦਰ ਸਿੰਘ ਬੇਦੀ, ਲੀਗਲ ਐਡਵਾਈਜਰ ਐਡ. ਰਵਿੰਦਰ ਕੌਰ, ਨਿਹੰਗ ਜੱਥੇਬੰਦੀ ਦਲ ਪੰਥ ਤੋਂ ਬਾਬਾ ਕਰਮਜੀਤ ਸਿੰਘ, ਰਮਨਦੀਪ ਸਿੰਘ, ਸੁਰਿੰਦਰ ਬਾਵਾ, ਜਸਪ੍ਰੀਤ ਸਿੰਘ ਵਿੱਕੀ ਸਾਬਕਾ ਐਮ ਸੀ, ਵੀ ਪੀ ਸੇਠੀ, ਜਸਵੰਤ ਸਿੰਘ, ਦਲਜੀਤ ਸਿੰਘ ਭੁੱਲਰ, ਜਸਵੰਤ ਸਿੰਘ ਪਟਵਾਰੀ, ਗੁਰਜੰਟ ਸਿੰਘ, ਇਕਬਾਲ ਸਿੰਘ ਅਤੇ ਜਸਵਿੰਦਰ ਸਿੰਘ, ਅਮਰਦੀਪ ਅਨੇਜਾ, ਕੰਵਲਜੀਤ ਸਿੰਘ ਮਹੇਸਰੀ, ਕਿਰਪਾਲ ਸਿੰਘ, ਇਕਬਾਲ ਸਿੰਘ, ਪਵਨ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਹਾਜਰ ਸਨ।