ਅਮਰੀਕਾ (ਫਰਿਜ਼ਨੋ),6 ਸਤੰਬਰ (ਸਿੰਘ ਜੀਤ ) ਪੰਜਾਬ ਦੇ ਉੱਘੇ ਨਰਿੰਦਰ ਸਿੰਘ ਚਾਹਲ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 6 ਸਤੰਬਰ1995 ਨੂੰ ਜਰਵਾਣਿਆਂ ਨੇ ਸ਼ਹੀਦ ਜਸਵੰਤ ਸਿੰਘ ਖ਼ਾਲੜਾ ਨੂੰ 9 ਵੱਜ ਕੇ 20 ਮਿੰਟ ਤੇ ਉਸਦੇ ਘਰੋਂ ਚੁੱਕਿਆ ਸੀ ਤੇ ਫਿਰ ਪੂਰੇ 52 ਦਿਨ, ਅਕਹਿ ਤੇ ਅਸਹਿ ਤਸੀਹੇ ਦੇਣ ਬਾਅਦ ਉਸਨੂੰ 28 ਅਕਤੂਬਰ 1995 ਨੂੰ ਸ਼ਹੀਦ ਕਰ ਦਿੱਤਾ ਸੀ।ਮੋਗੇ ਨਾਲ ਸਬੰਧਤ ਪਰ ਹੁਣ ਅਮਰੀਕਾ ਰਹਿ ਰਹੇ ਸ੍ਰੀ ਚਾਹਲ ਨੇ ਕਿਹਾ ਕਿ ਉਸ ਕਾਲੇ ਦੌਰ ਵਿੱਚ ਵੀ ਲੱਟ ਲੱਟ ਬਲਦਾ ਰਿਹਾ ਇਹ ਚਿਰਾਗ਼,ਆਪਣੇ ਮਹਾਂਬਾਲੀ ਕਾਰਜ ਤੇ ਮਹਾਨ ਸ਼ਹਾਦਤ ਤੋਂ ਬਾਅਦ ਬੁੱਝਣ ਜਾਂ ਧੀਮਾ ਪੈਣ ਦੀ ਥਾਂ ਸਗੋਂ ਅੱਜ ਇੱਕ ਐਸਾ ਰੌਸ਼ਨ -ਏ -ਮੀਨਾਰ ਬਣ ਗਿਆ ਹੈ ਜਿਸਦੀ ਬੀਰ ਗਾਥਾ ਸੁਣ ਮੁਰਦਾ ਰੂਹਾਂ ਵਿੱਚ ਵੀ ਖੂਨ ਉਬਾਲੇ ਮਾਰਨ ਲੱਗ ਜਾਂਦਾ ਹੈ। ਉਹਨਾਂ ਕਿਹਾ ਕਿ ਸ਼ਹੀਦ ਜਸਵੰਤ ਸਿੰਘ ਖ਼ਾਲੜਾ ਪੰਜਾਬ ਦਾ ਉਹ ਮਹਾਨ ਸਪੂਤ ਤੇ ਸੰਗਰਾਮੀਆ ਹੈ, ਜਿਸਨੇ ਆਪਣਾ ਸਾਰਾ ਜੀਵਨ ਹੀ ਲੋਕ ਸੇਵਾ ਤੇ ਹੱਕ ਸੱਚ ਦੀ ਰਾਖੀ ਦੇ ਲੇਖੇ ਲਾਇਆ ਹੈ। ਐਡਵੋਕੇਟ ਨਰਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ 19 ਸਤੰਬਰ ਨੂੰ ਫਰਿਜ਼ਨੋ ਵਿਖ਼ੇ, ਸੰਗਤਾਂ ਵੱਲੋਂ ਖ਼ਾਲੜਾ ਪਾਰਕ ਵਿੱਚ ਉਹਨਾਂ ਨੂੰ ਭਾਵਪੂਰਤ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਫਰਿਜ਼ਨੋ ਵਿਖ਼ੇ ਸੰਗਤਾਂ ਵੱਲੋਂ ਸ਼ਹੀਦ ਜਸਵੰਤ ਸਿੰਘ ਖ਼ਾਲੜਾ ਦੀ ਯਾਦ ਨੂੰ ਚਿਰਸਦੀਵੀ ਬਣਾਉਣ ਲਈ ਖ਼ਾਲੜਾ ਪਾਰਕ ਤੋਂ ਇਲਾਵਾ ਐਲਮੈਂਟਰੀ ਸਕੂਲ ਵੀ ਤਾਮੀਰ ਕਰਵਾਇਆ ਹੋਇਆ ਹੈ ਜਿਥੇ ਬੱਚੇ ਸਿਖਿਆ ਲੈ ਰਹੇ ਨੇ ।





