ਕੋਟ ਈਸੇ ਖਾਂ ,3 ਸਤੰਬਰ (ਜਸ਼ਨ )ਪੰਜਾਬ ਦੇ ਸਕੂਲਾਂ ਵਿਚ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ ਅਤੇ ਇਸੇ ਲੜੀ ਤਹਿਤ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ, ਕੋਟ ਈਸੇ ਖਾਂ ਵਿਖੇ ਵਿਦਿਆਰਥੀਆਂ ਨੂੰ ਆਪਣੀ ਸੰਸਕ੍ਰਿਤੀ ਅਤੇ ਧਾਰਮਿਕ ਵਿਰਸੇ ਨਾਲ ਜੋੜਨ ਦੇ ਉਦੇਸ਼ ਨਾਲ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰ ਦੀ ਵਿਸ਼ੇਸ਼ ਅਸੈਂਬਲੀ ਦੌਰਾਨ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਜਨਮ ਅਸ਼ਟਮੀ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ। ਅਧਿਆਪਕਾਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਸੱਚਾਈ, ਪਿਆਰ, ਨੇਕੀ ਅਤੇ ਚੰਗੇ ਕਰਮ ਕਰਨ ਦੀ ਮਹੱਤਤਾ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ।ਇਸ ਮੌਕੇ ਸਕੂਲ ਦੇ ਨੰਨ੍ਹੇ-ਮੁੰਨੇ ਬੱਚੇ ਰਾਧਾ-ਕ੍ਰਿਸ਼ਨ ਦੇ ਮਨਮੋਹਕ ਰੂਪ ਵਿੱਚ ਸਜ ਕੇ ਆਏ। ਇਸ ਮੌਕੇ ਬੱਚਿਆਂ ਨੂੰ ਰਾਧਾ-ਕ੍ਰਿਸ਼ਨ ਦੇ ਰੂਪ ਵਿੱਚ ਤਿਆਰ ਕਰਕੇ ਸਕੂਲ ਭੇਜਣ ਵਿੱਚ ਉਨ੍ਹਾਂ ਦੀਆਂ ਮਾਵਾਂ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ। ਮਾਪਿਆਂ ਵੱਲੋਂ ਬੱਚਿਆਂ ਨੂੰ ਸੁੰਦਰ ਢੰਗ ਨਾਲ ਤਿਆਰ ਕਰਨ ਅਤੇ ਸਕੂਲ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਦਿੱਤਾ ਗਿਆ ਸਹਿਯੋਗ ਸ਼ਲਾਘਾਯੋਗ ਰਿਹਾ। ਬੱਚਿਆਂ ਨੇ ਸੁੰਦਰ ਪਹਿਰਾਵੇ, ਮੁਕਟ ਅਤੇ ਹੋਰ ਸਜਾਵਟੀ ਸਮਾਨ ਨਾਲ ਰਾਧਾ-ਕ੍ਰਿਸ਼ਨ ਦਾ ਰੂਪ ਧਾਰ ਕੇ ਸਭ ਦਾ ਮਨ ਮੋਹ ਲਿਆ। ਜਨਮ ਅਸ਼ਟਮੀ ਨੂੰ ਸਮਰਪਿਤ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਵਿਦਿਆਰਥੀਆਂ ਵੱਲੋਂ ਕ੍ਰਿਸ਼ਨ ਜੀ ਦੇ ਜੀਵਨ ਅਤੇ ਜਨਮ ਨਾਲ ਸਬੰਧਤ ਗਤੀਵਿਧੀਆਂ ਵਿੱਚ ਉਤਸ਼ਾਹ ਨਾਲ ਭਾਗ ਲਿਆ ਗਿਆ। ਬੱਚਿਆਂ ਵੱਲੋਂ ਸੁੰਦਰ ਡਾਂਸ ਪੇਸ਼ਕਾਰੀ ਵੀ ਕੀਤੀ ਗਈ, ਜਿਸ ਨੂੰ ਅਧਿਆਪਕਾਂ ਅਤੇ ਹੋਰ ਵਿਦਿਆਰਥੀਆਂ ਵੱਲੋਂ ਖੂਬ ਸਰਾਹਿਆ ਗਿਆ।ਇਨ੍ਹਾਂ ਗਤੀਵਿਧੀਆਂ ਰਾਹੀਂ ਬੱਚਿਆਂ ਨੇ ਆਪਣੀ ਕਲਾ ਅਤੇ ਰਚਨਾਤਮਕਤਾ ਦਾ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਭਾਰਤੀ ਸੱਭਿਆਚਾਰ ਅਤੇ ਤਿਉਹਾਰਾਂ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ।
ਇਸ ਮੌਕੇ ਸਕੂਲ ਦੇ ਚੇਅਰਮੈਨ ਸਰਦਾਰ ਕੁਲਵੰਤ ਸਿੰਘ ਸੰਧੂ, ਐਮ.ਡੀ. ਮੈਡਮ ਰਣਜੀਤ ਕੌਰ ਸੰਧੂ ਅਤੇ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਜਨਮ ਅਸ਼ਟਮੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜਿਹੇ ਤਿਉਹਾਰ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਅਤੇ ਵਿਰਸੇ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਵਿੱਚ ਪਿਆਰ, ਸਹਿਯੋਗ, ਸੱਚਾਈ ਅਤੇ ਨੇਕੀ ਵਰਗੇ ਗੁਣ ਪੈਦਾ ਕਰਦੇ ਹਨ।
ਉਨ੍ਹਾਂ ਨੇ ਬੱਚਿਆਂ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।





