ਕੋਟ ਈਸੇ ਖਾਂ, 6 ਜੁਲਾਈ (ਜਸ਼ਨ ) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਪੰਜਾਬ ਦੇ ਨੱਬੇਵਿਆਂ ਦੇ ਕਾਲੇ ਦੌਰ ਦੌਰਾਨ ਆਪਣੀਆਂ ਜ਼ਮੀਰਾਂ ਦੀ ਰੱਖਿਆ ਲਈ ਸ਼ਹਾਦਤਾਂ ਦੇਣ ਵਾਲੇ ਅਣਖੀ ਨੌਜਵਾਨਾਂ ਅਤੇ ਉਨ੍ਹਾਂ ਦੀਆਂ ਮਾਵਾਂ ਦੀ ਮਹਾਨ ਕੁਰਬਾਨੀ ਨੂੰ ਸਜਦਾ ਕੀਤਾ ਹੈ। 'ਇੰਟਰਨੈਸ਼ਨਲ ਪੰਜਾਬੀ ਨਿਊਜ਼' ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਨੇ ਆਖਿਆ ਕਿ ਪੰਜਾਬ ਦੀ ਧਰਤੀ ਨੇ ਉਹ ਦੌਰ ਵੀ ਦੇਖਿਆ ਹੈ ਜਦੋਂ ਮਾਵਾਂ ਨੇ ਆਪਣੇ ਪੁੱਤਾਂ ਦੀਆਂ ਲਾਸ਼ਾਂ ਦੀ ਬਜਾਏ ਸਿਵਿਆਂ ਵਿੱਚੋਂ ਰਾਖ ਦੀਆਂ ਢੇਰੀਆਂ ਵੰਡ ਕੇ ਕੀਰਤਪੁਰ ਸਾਹਿਬ ਜਲ-ਪ੍ਰਵਾਹ ਕੀਤੀਆਂ, ਪਰ ਆਪਣੀ ਕੁੱਖ ਨੂੰ ਕਲੰਕਿਤ ਨਹੀਂ ਹੋਣ ਦਿੱਤਾ। ਕਰਨੈਲ ਸਿੰਘ ਪੀਰ ਮੁਹੰਮਦ ਨੇ ਸੋਸ਼ਲ ਮੀਡੀਆ ’ਤੇ ਚਰਚਿਤ ਹੋਈ ਸਾਬਕਾ ਪੁਲਸ ਮੁਲਾਜ਼ਮ ਬੀਰੇ ਅਤੇ ਮਾਤਾ ਜਗੀਰ ਕੌਰ ਦੀ ਹਿਰਦੇ-ਵੇਦਕ ਦਾਸਤਾਨ ਦਾ ਹਵਾਲਾ ਦਿੰਦਿਆਂ ਆਖਿਆ ਕਿ ਅਜਿਹੇ ਨੌਜਵਾਨ ਪੰਜਾਬੀ ਕਿਰਦਾਰ ਦੀ ਸਿਖ਼ਰ ਹਨ, ਜਿਨ੍ਹਾਂ ਨੇ ਸਰਕਾਰੀ ਤਰੱਕੀਆਂ, ਗੱਡੀਆਂ ਅਤੇ ਪੈਸੇ ਦੇ ਲਾਲਚ ਨੂੰ ਲੱਤ ਮਾਰ ਕੇ ਆਪਣੇ ਹੀ ਭਰਾਵਾਂ ’ਤੇ ਜ਼ੁਲਮ ਕਰਨ ਨਾਲੋਂ ਮੌਤ ਨੂੰ ਗਲੇ ਲਗਾਉਣਾ ਬਿਹਤਰ ਸਮਝਿਆ। ਉਨ੍ਹਾਂ ਕਿਹਾ ਕਿ ਇਹ ਕਹਾਣੀਆਂ ਸਿਰਫ਼ ਬੀਰੇ ਜਾਂ ਮਾਤਾ ਜਗੀਰ ਕੌਰ ਦੀਆਂ ਨਹੀਂ, ਬਲਕਿ ਉਸ ਕਾਲੇ ਦੌਰ ਵਿੱਚ ਉਜਾੜੇ ਗਏ ਹਜ਼ਾਰਾਂ ਹੱਸਦੇ-ਖੇਡਦੇ ਪੰਜਾਬੀ ਪਰਿਵਾਰਾਂ ਦਾ ਉਹ ਸੱਚ ਹਨ ਜਿਸਨੂੰ ਕਦੇ ਮਿਟਾਇਆ ਨਹੀਂ ਜਾ ਸਕਦਾ। ਮੁੱਖ ਬੁਲਾਰੇ ਨੇ ਜ਼ੋਰ ਦੇ ਕੇ ਆਖਿਆ ਕਿ ਮਨੁੱਖੀ ਅਧਿਕਾਰਾਂ ਦੇ ਰਾਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ’ਤੇ ਬਣੀ ਫ਼ਲਮ (ਪੰਜਾਬ-95) ਵਰਗੇ ਸਿਨੇਮੇ ਰਾਹੀਂ ਪੰਜਾਬ ਦੇ ਇਸ ਅਸਲ ਦਰਦ ਅਤੇ ਸਿਵਿਆਂ ਦੀ ਰਾਖ ਦੇ ਸੱਚ ਦਾ ਦੁਨੀਆਂ ਸਾਹਮਣੇ ਆਉਣਾ ਬਹੁਤ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਸੈਂਸਰ ਬੋਰਡਾਂ ਦੀਆਂ ਪਾਬੰਦੀਆਂ ਜਾਂ ਨਾ ਬਦਲਣ ਦੀਆਂ ਕੋਸ਼ਿਸ਼ਾਂ ਇਤਿਹਾਸ ਦੇ ਇਸ ਸੱਚ ਨੂੰ ਲੋਕਾਂ ਦੇ ਦਿਲਾਂ ਵਿੱਚੋਂ ਧੁੰਦਲਾ ਨਹੀਂ ਕਰ ਸਕਦੀਆਂ। ਬਿਆਨ ਦੇ ਅਖੀਰ ਵਿਚ ਅਕਾਲੀ ਆਗੂ ਨੇ ਸਮਾਜ, ਖ਼ਾਸਕਰ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ਅਤੇ ਹੋਰਨਾਂ ਮਾਧਿਅਮਾਂ ਰਾਹੀਂ ਪੰਜਾਬ ਦੇ ਇਸ ਗੌਰਵਮਈ ਅਤੇ ਸੰਘਰਸ਼ਸ਼ੀਲ ਇਤਿਹਾਸ ਨੂੰ ਵੱਧ ਤੋਂ ਵੱਧ ਸਾਂਝਾ ਕਰਨ ਤਾਂ ਜੋ ਆਉਣ ਵਾਲੀਆਂ ਨਸਲਾਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਦੀ ਧਰਤੀ ’ਤੇ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਨ ਲਈ ਸਾਡੀਆਂ ਮਾਵਾਂ ਅਤੇ ਨੌਜਵਾਨਾਂ ਨੇ ਕਿੰਨੇ ਕਸ਼ਟ ਝੱਲੇ ਹਨ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਅਜਿਹੇ ਸਿਧਾਂਤਕ ਅਤੇ ਕੁਰਬਾਨੀ ਵਾਲੇ ਪਰਿਵਾਰਾਂ ਦੇ ਨਾਲ ਚੱਟਾਨ ਵਾਂਗ ਖੜ੍ਹਾ ਹੈ।
ਖ਼ਬਰਾਂ
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਬੇਪਰਦ ਕੀਤੇ ਸਿਵਿਆਂ ਦੀ ਰਾਖ ਦੇ ਸੱਚ ਅਤੇ ਪੰਜਾਬ ਦੇ ਇਤਿਹਾਸਕ ਦਰਦ ਨੂੰ ਦੁਨੀਆਂ ਸਾਹਮਣੇ ਲਿਆਉਣਾ ਲਾਜ਼ਮੀ : ਕਰਨੈਲ ਸਿੰਘ ਪੀਰ ਮੁਹੰਮਦ
7 ਜੁਲਾਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



