ਮੋਗਾ, 30 ਜੂਨ ( ਜਸ਼ਨ ): ਇੰਡੋ ਸੋਵੀਅਤ ਫਰੈਂਡਸ਼ਿਪ ਕਾਲਜ ਆਫ ਫਾਰਮੇਸੀ ਦੀ ਫਾਰਮ.ਡੀ. ਦੀ ਵਿਦਿਆਰਥਣ ਸਨੇਹਾ ਸੇਤੂ ਦੀ ਚੋਣ ਪੈਰੇਕਸਲ ਵਿੱਚ ਪੇਸ਼ੈਂਟ ਸੇਫਟੀ ਅਫੇਅਰ ਦੇ ਅਹੁਦੇ ਲਈ ਹੋਈ ਹੈ। ਫਾਰਮ.ਡੀ. ਵਿਭਾਗ ਦੇ ਮੁਖੀ ਡਾ. ਸੌਰਭ ਕੋਸੇ ਨੇ ਦੱਸਿਆ ਕਿ ਸੰਸਥਾ ਦਾ ਪਲੇਸਮੈਂਟ ਸੈੱਲ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ 'ਅੰਤਰਰਾਸ਼ਟਰੀ ਪੰਜਾਬੀ ਨਿਊਜ਼' ਦੇ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਲੇਸਮੈਂਟ ਅਫਸਰ ਡਾ. ਅਮਨਦੀਪ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਤਕਨੀਕੀ ਸਿਖਲਾਈ ਦੇ ਨਾਲ-ਨਾਲ ਪਰਸਨੈਲਿਟੀ ਡਿਵੈਲਪਮੈਂਟ ਦੀ ਵੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸ ਦਾ ਨਤੀਜਾ ਹੈ ਕਿ ਫਾਰਮ.ਡੀ., ਬੀ.ਫਾਰਮ ਅਤੇ ਐਮ.ਫਾਰਮ ਦੇ ਵਿਦਿਆਰਥੀ ਅੰਤਿਮ ਸਾਲ ਦੌਰਾਨ ਹੀ ਦੇਸ਼ ਅਤੇ ਵਿਦੇਸ਼ ਦੀਆਂ ਇੰਡਸਟਰੀਆਂ, ਹਸਪਤਾਲਾਂ, ਰਿਸਰਚ ਸੈਂਟਰਾਂ, ਫਾਰਮਾਕੋਵਿਜੀਲੈਂਸ ਅਤੇ ਅਕਾਦਮਿਕ ਖੇਤਰ ਵਿੱਚ ਉੱਚ ਅਹੁਦਿਆਂ 'ਤੇ ਚੁਣੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਸੰਸਥਾ ਦੇ ਡਾਇਰੈਕਟਰ ਡਾ. ਜੀ. ਡੀ. ਗੁਪਤਾ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦੇ ਨਾਲ-ਨਾਲ ਇੰਡਸਟਰੀ, ਹਸਪਤਾਲਾਂ ਅਤੇ ਰਿਸਰਚ ਸੈਂਟਰਾਂ ਨਾਲ ਸਮਝੌਤੇ ਕਰਕੇ ਸੰਸਥਾ ਨੂੰ ਨਵੀਆਂ ਉੱਚਾਈਆਂ ਵੱਲ ਲੈ ਜਾ ਰਹੇ ਹਨ। ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਣ ਗਰਗ, ਸਕੱਤਰ ਇੰਜੀ. ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ. ਡੀ. ਗੁਪਤਾ ਅਤੇ ਆਈ.ਐੱਸ.ਐੱਫ. ਸੀ.ਪੀ.ਆਰ. ਦੇ ਪ੍ਰਿੰਸੀਪਲ ਡਾ. ਆਰ. ਕੇ. ਨਾਰੰਗ ਨੇ ਸਨੇਹਾ ਸੇਤੂ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ ਅਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।